ਇੰਗਲੈਂਡ ਦੇ ਮਹਾਨ ਫੁੱਟਬਾਲਰ ਕੇਵਿਨ ਕੀਗਨ ਨਹੀਂ ਰਹੇ, 75 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ

ਲੰਡਨ: ਇੰਗਲੈਂਡ ਦੇ ਸਾਬਕਾ ਕਪਤਾਨ, ਕੋਚ ਅਤੇ ਵਿਸ਼ਵ ਪ੍ਰਸਿੱਧ ਫੁੱਟਬਾਲਰ ਕੇਵਿਨ ਕੀਗਨ ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਅਤੇ ਪਿਛਲੇ ਮਹੀਨੇ ਹੀ ਆਪਣੀ ਬਿਮਾਰੀ ਬਾਰੇ ਜਨਤਕ ਤੌਰ 'ਤੇ ਜਾਣਕਾਰੀ ਦਿੱਤੀ ਸੀ।
ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਸਾਬਕਾ ਕਲੱਬ ਨਿਊਕੈਸਲ ਯੂਨਾਈਟਿਡ ਵੱਲੋਂ ਕੀਤੀ ਗਈ। ਕਲੱਬ ਨੇ ਕੀਗਨ ਨੂੰ ਆਪਣੇ ਇਤਿਹਾਸ ਦੀਆਂ ਸਭ ਤੋਂ ਸਨਮਾਨਿਤ ਅਤੇ ਪ੍ਰਭਾਵਸ਼ਾਲੀ ਹਸਤੀਆਂ ਵਿੱਚੋਂ ਇੱਕ ਕਰਾਰ ਦਿੰਦਿਆਂ ਉਨ੍ਹਾਂ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ।
1970 ਦੇ ਦਹਾਕੇ ਵਿੱਚ ਕੇਵਿਨ ਕੀਗਨ ਯੂਰਪੀਅਨ ਫੁੱਟਬਾਲ ਦੇ ਸਭ ਤੋਂ ਚਮਕਦੇ ਸਿਤਾਰਿਆਂ ਵਿੱਚ ਗਿਣੇ ਜਾਂਦੇ ਸਨ। ਉਨ੍ਹਾਂ ਨੇ ਆਪਣੀ ਤੇਜ਼ ਰਫ਼ਤਾਰ, ਸ਼ਾਨਦਾਰ ਗੋਲ ਕਰਨ ਦੀ ਕਾਬਲੀਅਤ ਅਤੇ ਜਜ਼ਬੇ ਨਾਲ ਵਿਸ਼ਵ ਫੁੱਟਬਾਲ ਵਿੱਚ ਵਿਲੱਖਣ ਪਛਾਣ ਬਣਾਈ। ਉਹ ਇੰਗਲੈਂਡ ਦੇ ਚੁਣਿੰਦੇ ਖਿਡਾਰੀਆਂ ਵਿੱਚ ਸ਼ਾਮਲ ਰਹੇ, ਜਿਨ੍ਹਾਂ ਨੇ ਦੋ ਵਾਰ ਵੱਕਾਰੀ ਬੈਲਨ ਡੀ'ਓਰ ਸਨਮਾਨ ਆਪਣੇ ਨਾਮ ਕੀਤਾ।
ਲਿਵਰਪੂਲ ਨਾਲ ਯੂਰਪੀਅਨ ਕੱਪ ਜਿੱਤਣ ਤੋਂ ਬਾਅਦ ਉਹ ਜਰਮਨੀ ਦੇ ਕਲੱਬ ਹੈਮਬਰਗ ਐਸਵੀ ਨਾਲ ਜੁੜੇ, ਜਿੱਥੇ ਉਨ੍ਹਾਂ ਨੇ 1978 ਅਤੇ 1979 ਵਿੱਚ ਲਗਾਤਾਰ ਦੋ ਵਾਰ ਬੈਲਨ ਡੀ'ਓਰ ਜਿੱਤਿਆ। 1979 ਵਿੱਚ ਹੈਮਬਰਗ ਨੂੰ ਬੁੰਡੇਸਲੀਗਾ ਖਿਤਾਬ ਦਿਵਾਉਣ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਅਹਿਮ ਰਿਹਾ।
ਕੇਵਿਨ ਕੀਗਨ ਦੇ ਦੇਹਾਂਤ ਨਾਲ ਵਿਸ਼ਵ ਫੁੱਟਬਾਲ ਨੇ ਆਪਣੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਨੂੰ ਗੁਆ ਦਿੱਤਾ ਹੈ। ਉਨ੍ਹਾਂ ਦੀਆਂ ਉਪਲਬਧੀਆਂ ਅਤੇ ਖੇਡ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।