ਦਿੱਲੀ ਹਾਈ ਕੋਰਟ ਦਾ ਹੁਕਮ: ਸੋਨਮ ਵਾਂਗਚੁਕ ਨੂੰ ਮੇਦਾਂਤਾ ਹਸਪਤਾਲ ਕੀਤਾ ਜਾਵੇ ਤਬਦੀਲ

ਨਵੀਂ ਦਿੱਲੀ: ਸਮਾਜ ਸੇਵੀ ਅਤੇ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਨੂੰ ਸਫ਼ਦਰਜੰਗ ਹਸਪਤਾਲ ਤੋਂ ਮੇਦਾਂਤਾ ਹਸਪਤਾਲ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਦੀ ਲਗਾਤਾਰ ਮਾਹਿਰ ਡਾਕਟਰਾਂ ਵੱਲੋਂ ਨਿਗਰਾਨੀ ਕੀਤੀ ਜਾਣੀ ਲਾਜ਼ਮੀ ਹੈ।
ਇਹ ਹੁਕਮ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਦੌਰਾਨ ਜਾਰੀ ਕੀਤਾ ਗਿਆ। ਮੁੱਖ ਜੱਜ ਦੇਵੇਂਦਰ ਕੁਮਾਰ ਉਪਾਧਿਆਏ ਅਤੇ ਜਸਟਿਸ ਤੇਜਸ ਕਰੀਆ ਦੀ ਬੈਂਚ ਨੇ ਮੇਦਾਂਤਾ ਹਸਪਤਾਲ ਨੂੰ ਵਿਸ਼ੇਸ਼ ਮੈਡੀਕਲ ਮਾਹਿਰਾਂ ਦਾ ਪੈਨਲ ਬਣਾਉਣ ਅਤੇ ਵਾਂਗਚੁਕ ਦੀਆਂ ਸਾਰੀਆਂ ਮੈਡੀਕਲ ਰਿਪੋਰਟਾਂ ਦਾ ਅਧਿਐਨ ਕਰਕੇ ਇਲਾਜ ਕਰਨ ਦੇ ਨਿਰਦੇਸ਼ ਦਿੱਤੇ।
ਸੁਣਵਾਈ ਦੌਰਾਨ ਕੇਂਦਰ ਸਰਕਾਰ ਦੀ ਪੱਖੋਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਸਰਕਾਰ ਨੂੰ ਵਾਂਗਚੁਕ ਨੂੰ ਮੇਦਾਂਤਾ ਹਸਪਤਾਲ ਤਬਦੀਲ ਕਰਨ 'ਤੇ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਡਾਕਟਰਾਂ ਦੀ ਸਲਾਹ ਅਤੇ ਮੈਡੀਕਲ ਹਾਲਤ ਦੇ ਆਧਾਰ 'ਤੇ ਹੀ ਦਿੱਤੀ ਜਾਣੀ ਚਾਹੀਦੀ ਹੈ।
ਅਦਾਲਤ ਨੇ ਸਪੱਸ਼ਟ ਕੀਤਾ ਕਿ ਸੋਨਮ ਵਾਂਗਚੁਕ ਦੀ ਸਿਹਤ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਦੀ ਨਿਯਮਿਤ ਮੈਡੀਕਲ ਨਿਗਰਾਨੀ ਯਕੀਨੀ ਬਣਾਈ ਜਾਵੇ, ਤਾਂ ਜੋ ਉਨ੍ਹਾਂ ਨੂੰ ਲੋੜੀਂਦਾ ਇਲਾਜ ਸਮੇਂ ਸਿਰ ਮਿਲ ਸਕੇ।