FIH ਹਾਕੀ ਵਿਸ਼ਵ ਕੱਪ 2026: ਭਾਰਤੀ ਟੀਮ ਵਿੱਚ ਪੰਜਾਬ ਦੇ 8 ਸਿਤਾਰੇ, ਸੂਬੇ ਲਈ ਮਾਣ ਵਾਲਾ ਪਲ

ਜਲੰਧਰ: ਨੀਦਰਲੈਂਡ ਅਤੇ ਬੈਲਜੀਅਮ ਵਿੱਚ 15 ਤੋਂ 30 ਅਗਸਤ ਤੱਕ ਹੋਣ ਵਾਲੇ FIH ਹਾਕੀ ਵਿਸ਼ਵ ਕੱਪ 2026 ਲਈ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਵਿੱਚ ਪੰਜਾਬ ਦੇ ਅੱਠ ਖਿਡਾਰੀਆਂ ਦੀ ਚੋਣ ਹੋਣ ਨਾਲ ਸੂਬੇ ਦੇ ਹਾਕੀ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ।

ਭਾਰਤੀ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ, ਸਾਬਕਾ ਕਪਤਾਨ ਮਨਪ੍ਰੀਤ ਸਿੰਘ, ਹਰਦਿਕ ਸਿੰਘ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੁਖਜੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਨੂੰ ਜਗ੍ਹਾ ਮਿਲੀ ਹੈ। ਇਨ੍ਹਾਂ ਵਿੱਚੋਂ ਕਈ ਖਿਡਾਰੀਆਂ ਦਾ ਜਲੰਧਰ ਨਾਲ ਗੂੜ੍ਹਾ ਨਾਤਾ ਹੈ ਅਤੇ ਉਨ੍ਹਾਂ ਨੇ ਸਰਜੀਤ ਹਾਕੀ ਸਟੇਡੀਅਮ ਵਿੱਚ ਆਪਣੀ ਖੇਡ ਨੂੰ ਨਿਖਾਰਿਆ ਹੈ।

ਭਾਰਤੀ ਟੀਮ ਦੇ ਸਭ ਤੋਂ ਤਜ਼ਰਬੇਕਾਰ ਖਿਡਾਰੀਆਂ ਵਿੱਚੋਂ ਇੱਕ ਮਨਪ੍ਰੀਤ ਸਿੰਘ ਹਾਲ ਹੀ ਵਿੱਚ ਦੇਸ਼ ਲਈ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਹਾਕੀ ਖਿਡਾਰੀ ਬਣੇ ਹਨ। ਉਨ੍ਹਾਂ ਦਾ ਤਜ਼ਰਬਾ ਵਿਸ਼ਵ ਕੱਪ ਵਿੱਚ ਟੀਮ ਲਈ ਅਹਿਮ ਸਾਬਤ ਹੋ ਸਕਦਾ ਹੈ।

ਦੂਜੇ ਪਾਸੇ, ਸੁਖਜੀਤ ਸਿੰਘ ਦੀ ਵਾਪਸੀ ਦੀ ਕਹਾਣੀ ਕਈ ਨੌਜਵਾਨਾਂ ਲਈ ਪ੍ਰੇਰਣਾ ਹੈ। ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝਣ ਤੋਂ ਬਾਅਦ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਭਾਰਤ ਲਈ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਥਾਂ ਮੁੜ ਬਣਾਈ ਅਤੇ ਹੁਣ ਵਿਸ਼ਵ ਕੱਪ ਲਈ ਵੀ ਟੀਮ ਦਾ ਹਿੱਸਾ ਹਨ।

ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੋਵੜ ਨੇ ਭਾਰਤੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਵਿਸ਼ਵਾਸ ਜਤਾਇਆ ਕਿ ਇਹ ਟੀਮ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰੇਗੀ। ਪੰਜਾਬ ਦੇ ਇੰਨੇ ਵੱਡੇ ਪ੍ਰਤੀਨਿਧਤਵ ਨੂੰ ਉਨ੍ਹਾਂ ਨੇ ਸੂਬੇ ਦੀ ਮਜ਼ਬੂਤ ਹਾਕੀ ਪਰੰਪਰਾ ਦਾ ਸਬੂਤ ਕਰਾਰ ਦਿੱਤਾ।