ਇੰਸਪੈਕਟਰ ਗੁਰਿੰਦਰਜੀਤ ਨਾਗਰਾ ਦਾ ਪੁਲੀਸ ਰਿਮਾਂਡ ਇੱਕ ਦਿਨ ਹੋਰ ਵਧਿਆ, ਜਾਂਚ ਜਾਰੀ

ਹੁਸ਼ਿਆਰਪੁਰ: ਭ੍ਰਿਸ਼ਟਾਚਾਰ ਅਤੇ ਜਬਰੀ ਵਸੂਲੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਦਾ ਪੁਲੀਸ ਰਿਮਾਂਡ ਇੱਕ ਦਿਨ ਲਈ ਹੋਰ ਵਧਾ ਦਿੱਤਾ ਹੈ। ਜਾਂਚ ਟੀਮ ਮਾਮਲੇ ਨਾਲ ਜੁੜੇ ਸਬੂਤਾਂ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਕਰ ਰਹੀ ਹੈ।

ਇੰਸਪੈਕਟਰ ਨਾਗਰਾ ਨੂੰ 17 ਜੁਲਾਈ ਦੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਟਾਂਡਾ ਥਾਣੇ ਦੇ ਐੱਸਐੱਚਓ ਦੇ ਅਹੁਦੇ ਤੋਂ ਹਟਾ ਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। ਇਹ ਕਾਰਵਾਈ ਇੱਕ ਅੰਤਰਰਾਸ਼ਟਰੀ ਜਾਂਚ ਦੌਰਾਨ ਸਾਹਮਣੇ ਆਈ ਜਾਣਕਾਰੀ ਤੋਂ ਬਾਅਦ ਕੀਤੀ ਗਈ, ਜਿਸ ਦੇ ਆਧਾਰ 'ਤੇ ਪੰਜਾਬ ਪੁਲਿਸ ਨੇ ਆਪਣੀ ਵਿਸ਼ੇਸ਼ ਜਾਂਚ ਟੀਮ (SIT) ਬਣਾਈ।

ਜਾਂਚ ਦੌਰਾਨ ਨਾਗਰਾ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਜਬਰੀ ਵਸੂਲੀ ਨਾਲ ਸਬੰਧਤ ਦੋਸ਼ ਸ਼ਾਮਲ ਕੀਤੇ ਗਏ। ਇਹ ਮਾਮਲਾ ਜਨਵਰੀ ਵਿੱਚ ਟਾਂਡਾ ਦੇ ਪਿੰਡ ਮਿਆਣੀ ਵਿੱਚ ਹੋਏ ਇੱਕ ਕਤਲ ਕੇਸ ਨਾਲ ਜੁੜਿਆ ਹੋਇਆ ਹੈ, ਜਿਸ ਦੀ ਜਾਂਚ ਦੌਰਾਨ ਕਥਿਤ ਤੌਰ 'ਤੇ ਵਿਦੇਸ਼ ਵਿੱਚ ਰਹਿੰਦੇ ਇੱਕ ਪਰਿਵਾਰ ਤੋਂ ਧਮਕੀਆਂ ਦੇ ਕੇ ਵੱਡੀ ਰਕਮ ਮੰਗਣ ਦੇ ਦੋਸ਼ ਸਾਹਮਣੇ ਆਏ।

ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦਾ ਦਾਅਵਾ ਹੈ ਕਿ ਜਾਂਚ ਦੌਰਾਨ ਕਥਿਤ ਵਿੱਤੀ ਲੈਣ-ਦੇਣ ਨਾਲ ਜੁੜੀ ਮਨੀ ਟਰੇਲ ਦੇ ਕੁਝ ਅਹਿਮ ਸੁਰਾਗ ਵੀ ਮਿਲੇ ਹਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਦਾਲਤ ਵਿੱਚ ਅਗਲੀ ਸੁਣਵਾਈ ਦੌਰਾਨ ਜਾਂਚ ਦੀ ਪ੍ਰਗਤੀ ਬਾਰੇ ਜਾਣਕਾਰੀ ਪੇਸ਼ ਕੀਤੀ ਜਾਵੇਗੀ।