ਕੈਨੇਡਾ ਵਿਜ਼ਟਰ ਵੀਜ਼ਿਆਂ 'ਤੇ ਸਖ਼ਤੀ, ਭਾਰਤ ਤੋਂ ਸੀਮਤ ਅਰਜ਼ੀਆਂ ਨੂੰ ਹੀ ਮਿਲੀ ਮਨਜ਼ੂਰੀ

ਵਿਨੀਪੈਗ: ਫੀਫਾ ਵਿਸ਼ਵ ਕੱਪ 2026 ਦੌਰਾਨ ਕੈਨੇਡਾ ਜਾਣ ਦੇ ਇੱਛੁਕ ਹਜ਼ਾਰਾਂ ਵਿਦੇਸ਼ੀ ਦਰਸ਼ਕਾਂ ਨੂੰ ਵੀਜ਼ਾ ਨਾ ਮਿਲਣ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਜਾਰੀ ਅੰਕੜਿਆਂ ਮੁਤਾਬਕ, ਭਾਰਤ ਤੋਂ ਵੀ ਬਹੁਤ ਘੱਟ ਬਿਨੈਕਾਰਾਂ ਨੂੰ ਹੀ ਕੈਨੇਡੀਅਨ ਵਿਜ਼ਟਰ ਵੀਜ਼ੇ ਦੀ ਮਨਜ਼ੂਰੀ ਮਿਲੀ, ਜਦਕਿ ਵੱਡੀ ਗਿਣਤੀ ਵਿੱਚ ਅਰਜ਼ੀਆਂ ਰੱਦ ਹੋਈਆਂ ਜਾਂ ਅਜੇ ਵੀ ਵਿਚਾਰ ਅਧੀਨ ਹਨ।
ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦੇ ਅੰਕੜਿਆਂ ਅਨੁਸਾਰ, 14 ਨਵੰਬਰ 2025 ਤੋਂ 30 ਅਪਰੈਲ 2026 ਤੱਕ ਫੀਫਾ ਵਿਸ਼ਵ ਕੱਪ ਦੇ ਸਬੰਧ ਵਿੱਚ ਹਜ਼ਾਰਾਂ ਵਿਜ਼ਟਰ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ। ਇਨ੍ਹਾਂ ਵਿੱਚੋਂ ਸਿਰਫ਼ ਇੱਕ ਸੀਮਤ ਗਿਣਤੀ ਨੂੰ ਹੀ ਮਨਜ਼ੂਰੀ ਮਿਲ ਸਕੀ, ਜਦਕਿ ਬਾਕੀ ਅਰਜ਼ੀਆਂ ਰੱਦ ਹੋ ਗਈਆਂ ਜਾਂ ਉਨ੍ਹਾਂ 'ਤੇ ਅਜੇ ਅੰਤਿਮ ਫ਼ੈਸਲਾ ਨਹੀਂ ਹੋਇਆ।
ਇਸ ਦੌਰਾਨ ਕੈਨੇਡੀਅਨ ਅਧਿਕਾਰੀਆਂ ਨੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਗੁੰਮਰਾਹਕੁੰਨ ਅਤੇ ਝੂਠੀਆਂ ਜਾਣਕਾਰੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਵੀਜ਼ਾ ਪ੍ਰਕਿਰਿਆ ਸਿਰਫ਼ ਅਧਿਕਾਰਤ ਨਿਯਮਾਂ ਅਤੇ ਯੋਗਤਾ ਦੇ ਆਧਾਰ 'ਤੇ ਹੀ ਕੀਤੀ ਜਾਂਦੀ ਹੈ।
ਇਮੀਗ੍ਰੇਸ਼ਨ ਮਾਹਿਰਾਂ ਨੇ ਵੀ ਬਿਨੈਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਰਫ਼ ਅਧਿਕਾਰਤ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕਰਨ, ਪੂਰੇ ਦਸਤਾਵੇਜ਼ਾਂ ਨਾਲ ਅਰਜ਼ੀ ਦਾਖ਼ਲ ਕਰਨ ਅਤੇ ਕਿਸੇ ਵੀ ਗੈਰ-ਅਧਿਕਾਰਤ ਦਾਅਵੇ ਜਾਂ ਏਜੰਟਾਂ ਦੇ ਭਰੋਸੇ ਨਾ ਰਹਿਣ। ਇਸ ਨਾਲ ਵੀਜ਼ਾ ਪ੍ਰਕਿਰਿਆ ਵਿੱਚ ਬੇਲੋੜੀਆਂ ਮੁਸ਼ਕਲਾਂ ਤੋਂ ਬਚਿਆ ਜਾ ਸਕਦਾ ਹੈ।