ਗਲਾਸਗੋ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਆਗਾਜ਼

 ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ) - 23ਵੀਂਆਂ ਰਾਸ਼ਟਰਮੰਡਲ ਖੇਡਾਂ ਦਾ ਆਗਾਜ਼ ਸਕਾਟਲੈਂਡ ਦੇ ਸੱਭ ਤੋਂ ਵੱਡੇ ਸ਼ਹਿਰ ਗਲਾਸਗੋ ਵਿੱਚ ਹੋਇਆ। 2 ਅਗਸਤ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ 74 ਦੇਸ਼ਾਂ ਅਤੇ ਖੇਤਰਾਂ ਦੇ ਕਰੀਬ 3,000 ਖਿਡਾਰੀ 10 ਖੇਡਾਂ ਅਤੇ 6 ਪੈਰਾ ਖੇਡਾਂ ਵਿੱਚ 215 ਸੋਨ ਤਗਮਿਆਂ ਲਈ ਆਪਸ ਵਿੱਚ ਭਿੜ ਰਹੇ ਹਨ।

    ਇਸ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਸਿਰਫ਼ 10 ਖੇਡਾਂ ਐਥਲੈਟਿਕਸ, ਤੈਰਾਕੀ, ਆਰਟਿਸਟਿਕ ਜਿਮਨਾਸਟਿਕਸ, ਟਰੈਕ ਸਾਈਕਲਿੰਗ, ਵੇਟਲਿਫਟਿੰਗ, ਮੁੱਕੇਬਾਜ਼ੀ, ਜੂਡੋ, ਨੈੱਟਬਾਲ, ਲਾਨ ਬਾਊਲਜ਼ ਅਤੇ 3×3 ਬਾਸਕਟਬਾਲ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੇ ਨਾਲ 6 ਪੈਰਾ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
    ਭਾਰਤੀ ਦਲ ਤੋਂ ਇਸ ਵਾਰ ਵੀ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਪੁਰਸ਼ਾਂ ਦੇ ਜੈਵਲਿਨ ਥ੍ਰੋਅ ਵਿੱਚ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਦਾ ਪਾਕਿਸਤਾਨ ਦੇ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ ਨਾਲ ਮੁਕਾਬਲਾ ਖੇਡਾਂ ਦਾ ਸਭ ਤੋਂ ਵੱਡਾ ਆਕਰਸ਼ਣ ਮੰਨਿਆ ਜਾ ਰਿਹਾ ਹੈ। ਮੁੱਕੇਬਾਜ਼ੀ ਵਿੱਚ ਓਲੰਪਿਕ ਤਗਮਾ ਜੇਤੂ ਲਵਲੀਨਾ ਬੋਰਗੋਹੈਨ ਅਤੇ ਵਿਸ਼ਵ ਚੈਂਪੀਅਨ ਜੈਸਮੀਨ ਲੰਬੋਰੀਆ ਤੋਂ ਤਗਮਿਆਂ ਦੀ ਆਸ ਹੈ।
    ਵੇਟਲਿਫਟਿੰਗ ਵਿੱਚ ਲਵਪ੍ਰੀਤ ਸਿੰਘ, ਅਸ਼ੋਕ ਕੁਮਾਰ ਮਲਿਕ, ਪਰਮਜੀਤ ਕੁਮਾਰ, ਸੁਧੀਰ, ਝੰਡੂ ਕੁਮਾਰ, ਸੁਮਨ ਦੇਵੀ, ਜਸਪ੍ਰੀਤ ਕੌਰ ਅਤੇ ਕਸਤੂਰੀ ਰਾਜਾਮਣੀ ਭਾਰਤ ਦੀ ਨੁਮਾਇੰਦਗੀ ਕਰਨਗੇ। ਪੈਰਾ ਪਾਵਰਲਿਫਟਿੰਗ ਵਿੱਚ ਵੀ ਭਾਰਤੀ ਖਿਡਾਰੀਆਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।
   ਮੇਜ਼ਬਾਨ ਸਕਾਟਲੈਂਡ ਦੇ ਜੋਸ਼ ਕੈਰ, ਲੌਰਾ ਮਿਊਰ ਅਤੇ ਜੇਕ ਵਾਈਟਮੈਨ, ਜਮਾਇਕਾ ਦੀ ਸ਼ੇਰਿਕਾ ਜੈਕਸਨ, ਕੈਨੇਡਾ ਦੇ ਆਂਦਰੇ ਡੀ ਗ੍ਰਾਸ, ਇੰਗਲੈਂਡ ਦੇ ਐਡਮ ਪੀਟੀ ਅਤੇ ਆਸਟ੍ਰੇਲੀਆ ਦੇ ਕਾਇਲ ਚਾਲਮਰਜ਼ ਸਮੇਤ ਕਈ ਵਿਸ਼ਵ ਪ੍ਰਸਿੱਧ ਖਿਡਾਰੀ ਵੀ ਇਨ੍ਹਾਂ ਖੇਡਾਂ ਵਿੱਚ ਆਪਣਾ ਜੌਹਰ ਵਿਖਾਉਣਗੇ।
       ਗਲਾਸਗੋ ਵਿੱਚ ਇਹ ਮੁਕਾਬਲੇ ਐੱਸ.ਈ.ਸੀ. ਗਲਾਸਗੋ ਵਿੱਚ ਜੂਡੋ, ਬਾਕਸਿੰਗ, ਵੇਟਲਿਫਟਿੰਗ ਅਤੇ ਟੇਬਲ ਟੈਨਿਸ, ਐਮੀਰੇਟਸ ਐਰੇਨਾ ਵਿੱਚ ਐਥਲੈਟਿਕਸ, ਬੈਡਮਿੰਟਨ, ਸਰ ਹੋਏ ਵੈਲੋਡਰੋਮ ਸਟੇਡੀਅਮ ਵਿੱਚ ਟਰੈਕ ਸਾਈਕਲਿੰਗ, ਟੌਲਕਰੌਸ ਅੰਤਰਰਾਸ਼ਟਰੀ ਤੈਰਾਕੀ ਸੈਂਟਰ ਵਿੱਚ ਤੈਰਾਕੀ ਦੇ ਮੁਕਾਬਲੇ, ਸਕੌਟਸਟਾਊਨ ਸਟੇਡੀਅਮ ਵਿੱਚ 3×3 ਬਾਸਕਟਬਾਲ, 3×3 ਵ੍ਹੀਲਚੇਅਰ ਬਾਸਕਟਬਾਲ ਅਤੇ ਕੈਲਵਿਨਗਰੋਵ ਲਾਅਨ ਬਾਲ ਸੈਂਟਰ ਗਲਾਸਗੋ ਵਿੱਚ ਲਾਨ ਬੋਲਜ਼ ਤੇ ਪੈਰਾ ਲਾਨ ਬੋਲਜ਼ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
      ਜ਼ਿਕਰਯੋਗ ਹੈ ਕਿ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ 22 ਸੋਨ, 16 ਚਾਂਦੀ ਅਤੇ 23 ਕਾਂਸੀ ਸਮੇਤ ਕੁੱਲ 61 ਤਗਮੇ ਜਿੱਤ ਕੇ ਤਗਮਾ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ ਸੀ।