ਬਰਤਾਨੀਆ ਦੇ ਨਵੇਂ PM ਐਂਡੀ ਬਰਨਹੈਮ ਦੀ ਕੈਬਨਿਟ ਦਾ ਐਲਾਨ, ਭਾਰਤੀ ਮੂਲ ਦੇ ਕਨਿਸ਼ਕ ਨਾਰਾਇਣ ਨੂੰ ਮਿਲਿਆ ਕੈਬਨਿਟ ਰੈਂਕ

ਲੰਡਨ- ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਅਹੁਦਾ ਸੰਭਾਲਦੇ ਹੀ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ। ਇਸ ਫੇਰਬਦਲ ਵਿੱਚ ਭਾਰਤੀ ਮੂਲ ਦੇ ਸੰਸਦ ਮੈਂਬਰ ਕਨਿਸ਼ਕ ਨਾਰਾਇਣ ਨੂੰ ਕੈਬਨਿਟ ਰੈਂਕ ਦੇ ਕੇ ਬਨਾਉਟੀ ਬੁੱਧੀ (AI) ਮੰਤਰੀ ਬਣਾਇਆ ਗਿਆ ਹੈ, ਜਦਕਿ ਸਾਬਕਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਕਈ ਕਰੀਬੀ ਆਗੂਆਂ ਨੂੰ ਮੰਤਰੀ ਮੰਡਲ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਬਿਹਾਰ ਦੇ ਮੁਜ਼ੱਫਰਪੁਰ ਨਾਲ ਸਬੰਧਤ 36 ਸਾਲਾ ਕਨਿਸ਼ਕ ਨਾਰਾਇਣ ਪਹਿਲਾਂ ਜੂਨੀਅਰ ਮੰਤਰੀ ਵਜੋਂ ਕੰਮ ਕਰ ਰਹੇ ਸਨ। ਹੁਣ ਉਹ ਕੈਬਨਿਟ ਦਫ਼ਤਰ ਅਤੇ ਬਿਜ਼ਨਸ, ਇਨੋਵੇਸ਼ਨ, ਸਾਇੰਸ ਐਂਡ ਟਰੇਡ ਵਿਭਾਗ ਅਧੀਨ AI ਮੰਤਰੀ ਦੀ ਜ਼ਿੰਮੇਵਾਰੀ ਨਿਭਾਉਣਗੇ।
ਨਵੀਂ ਜ਼ਿੰਮੇਵਾਰੀ ਮਿਲਣ 'ਤੇ ਕਨਿਸ਼ਕ ਨਾਰਾਇਣ ਨੇ ਕਿਹਾ ਕਿ ਬਨਾਉਟੀ ਬੁੱਧੀ ਮਨੁੱਖੀ ਇਤਿਹਾਸ ਦੀ ਸਭ ਤੋਂ ਪ੍ਰਭਾਵਸ਼ਾਲੀ ਤਕਨਾਲੋਜੀਆਂ ਵਿੱਚੋਂ ਇੱਕ ਹੈ, ਜੋ ਦੁਨੀਆ ਭਰ ਵਿੱਚ ਵੱਡੇ ਬਦਲਾਅ ਲਿਆਵੇਗੀ। ਉਨ੍ਹਾਂ ਕਿਹਾ ਕਿ ਨੌਕਰੀਆਂ ਅਤੇ ਤਕਨਾਲੋਜੀ ਦੇ ਤੇਜ਼ੀ ਨਾਲ ਹੋ ਰਹੇ ਬਦਲਾਅ ਨੂੰ ਲੈ ਕੇ ਲੋਕਾਂ ਦੀਆਂ ਚਿੰਤਾਵਾਂ ਜਾਇਜ਼ ਹਨ ਅਤੇ ਹਰ ਦੇਸ਼ ਨੂੰ ਇਹ ਫ਼ੈਸਲਾ ਕਰਨਾ ਹੋਵੇਗਾ ਕਿ ਉਹ AI ਨੂੰ ਦਿਸ਼ਾ ਦੇਵੇਗਾ ਜਾਂ AI ਉਸ ਨੂੰ ਦਿਸ਼ਾ ਦੇਵੇਗੀ।
ਭਾਰਤ-ਬਰਤਾਨੀਆ ਸਬੰਧਾਂ ਬਾਰੇ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਅਤੇ ਸਥਿਰ ਰਿਸ਼ਤੇ ਆਉਣ ਵਾਲੇ ਸਮੇਂ ਵਿੱਚ ਵੀ ਬਰਕਰਾਰ ਰਹਿਣਗੇ।
ਨਵੀਂ ਕੈਬਨਿਟ ਵਿੱਚ ਭਾਰਤੀ ਮੂਲ ਦੀ ਲੀਜ਼ਾ ਨੰਦੀ ਨੂੰ ਡਿਜੀਟਲ, ਸਭਿਆਚਾਰ, ਮੀਡੀਆ ਅਤੇ ਖੇਡਾਂ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਸਰਕਾਰ ਸੜਕਾਂ ਨੂੰ ਹੋਰ ਸੁਰੱਖਿਅਤ ਬਣਾਉਣ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸੁਧਾਰਾਂ ਦੇ ਕੰਮ ਨੂੰ ਅੱਗੇ ਵਧਾਏਗੀ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਡੇਵਿਡ ਲੈਮੀ, ਪੀਟਰ ਕਾਇਲ ਅਤੇ ਡੈਰਨ ਜੋਨਸ ਨੂੰ ਕੈਬਨਿਟ ਤੋਂ ਬਾਹਰ ਕਰ ਦਿੱਤਾ ਹੈ। ਐਡ ਮਿਲੀਬੈਂਡ ਨੂੰ ਵਿਦੇਸ਼ ਮੰਤਰੀ, ਜੌਨ ਹੀਲੀ ਨੂੰ ਖ਼ਜ਼ਾਨਾ ਮੰਤਰੀ ਅਤੇ ਵੇਸ ਸਟ੍ਰੀਟਿੰਗ ਨੂੰ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਹੈ।