ਭਾਰਤ ਨੇ ਬਚਾਏ ਸਨ 12 ਚੀਨੀ ਮਲਾਹ, ਚੀਨ ਨੇ ਕੀਤਾ ਧੰਨਵਾਦ

ਨਵੀਂ ਦਿੱਲੀ, : ਭਾਰਤ ਵਿੱਚ ਚੀਨ ਦੇ ਨਵੇਂ ਸੈਨਿਕ ਰਾਜਦੂਤ ਯੂ ਜਿਆਨ ਨੇ ਕੇਰਲ ਤਟ ਨੇੜੇ ਅੱਗ ਦੀ ਲਪੇਟ ਵਿੱਚ ਆਏ ਇੱਕ ਮਾਲਵਾਹਕ ਜਹਾਜ਼ ਤੋਂ 12 ਚੀਨੀ ਨਾਗਰਿਕਾਂ ਨੂੰ ਸੁਰੱਖਿਅਤ ਬਚਾਉਣ ਲਈ ਭਾਰਤੀ ਸੈਨਾਵਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਚੀਨ ਭਾਰਤ ਦੇ ਇਸ ਅਹਿਸਾਨ ਨੂੰ ਕਦੇ ਨਹੀਂ ਭੁੱਲੇਗਾ।
ਯੂ ਜਿਆਨ ਨੇ ਇਹ ਗੱਲ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਚੀਨੀ ਲੋਕ ਮੁਕਤੀ ਫੌਜ (ਪੀਐਲਏ) ਦੀ 99ਵੀਂ ਵਰ੍ਹੇਗੰਢ ਮੌਕੇ ਆਯੋਜਿਤ ਸਮਾਗਮ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੇ ਆਗੂਆਂ ਦੇ ਯਤਨਾਂ ਸਦਕਾ ਭਾਰਤ-ਚੀਨ ਸੰਬੰਧ ਮੁੜ ਸੁਧਾਰ ਦੇ ਰਾਹ 'ਤੇ ਵਾਪਸ ਆ ਰਹੇ ਹਨ।
ਜਿ਼ਕਰਯੋਗ ਹੈ ਕਿ 9 ਜੂਨ 2025 ਨੂੰ ਸਿੰਗਾਪੁਰ ਦੇ ਝੰਡੇ ਹੇਠ ਚੱਲ ਰਹੇ ਕੰਟੇਨਰ ਜਹਾਜ਼ ਐੱਮਵੀ ਵਾਨ ਹਾਈ 503 ਵਿੱਚ ਕੇਰਲ ਦੇ ਅਝਿਕਲ ਤਟ ਤੋਂ ਕਰੀਬ 44 ਸਮੁੰਦਰੀ ਮੀਲ ਦੂਰ ਅੱਗ ਲੱਗਣ ਤੋਂ ਬਾਅਦ ਧਮਾਕਾ ਹੋ ਗਿਆ ਸੀ। ਇਹ ਜਹਾਜ਼ ਕੋਲੰਬੋ ਤੋਂ ਨ੍ਹਾਵਾ ਸ਼ੇਵਾ ਬੰਦਰਗਾਹ ਵੱਲ ਜਾ ਰਿਹਾ ਸੀ ਅਤੇ ਇਸ 'ਤੇ 22 ਚਾਲਕ ਦਲ ਦੇ ਮੈਂਬਰ ਸਵਾਰ ਸਨ। ਉਸ ਵੇਲੇ ਭਾਰਤੀ ਬਚਾਅ ਦਲ ਨੇ ਤੁਰੰਤ ਕਾਰਵਾਈ ਕਰਦੇ ਹੋਏ 12 ਚੀਨੀ ਮਲਾਹਾਂ ਸਮੇਤ ਕਈ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਸੀ।