ਮਮਤਾ ਬੈਨਰਜੀ ਦੀ ਵਿਰੋਧੀ ਧਿਰ ਨੂੰ ਅਪੀਲ, ‘ਇੰਡੀਆ’ ਗੱਠਜੋੜ ਹੇਠ ਭਾਜਪਾ iਖ਼ਲਾਫ਼ ਇਕੱਠੇ ਲੜਨ ਦਾ ਸੱਦਾ

ਕੋਲਕਾਤਾ: ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਮੁਖੀ ਮਮਤਾ ਬੈਨਰਜੀ ਨੇ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਪਸੀ ਮਤਭੇਦ ਭੁਲਾ ਕੇ &lsquoਇੰਡੀਆ&rsquo ਗੱਠਜੋੜ ਦੇ ਬੈਨਰ ਹੇਠ ਭਾਜਪਾ iਖ਼ਲਾਫ਼ ਇਕਜੁੱਟ ਹੋ ਕੇ ਚੋਣੀ ਮੈਦਾਨ ਵਿੱਚ ਉਤਰਨ। ਪਾਰਟੀ ਦੀ ਸਾਲਾਨਾ ਸ਼ਹੀਦੀ ਦਿਵਸ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਦਾ ਮੁਕਾਬਲਾ ਕਰਨ ਲਈ ਵਿਰੋਧੀ ਧਿਰ ਦੀ ਏਕਤਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਨਿੱਜੀ ਜਾਂ ਸਿਆਸੀ ਹੰਕਾਰ ਤੋਂ ਉੱਪਰ ਉੱਠ ਕੇ ਸਾਰੀਆਂ ਧਿਰਾਂ ਨੂੰ ਇਕੱਠੇ ਆਉਣ ਦੀ ਅਪੀਲ ਕਰ ਰਹੇ ਹਨ। ਮਮਤਾ ਬੈਨਰਜੀ ਨੇ ਆਪਣੀ ਪਾਰਟੀ ਛੱਡ ਚੁੱਕੇ ਆਗੂਆਂ ਨੂੰ ਲੈ ਕੇ ਵੀ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਕਿ ਪਾਰਟੀ ਨਾਲ ਧੋਖਾ ਕਰਨ ਵਾਲਿਆਂ ਲਈ ਵਾਪਸੀ ਦੇ ਦਰਵਾਜ਼ੇ ਬੰਦ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਟੀਐੱਮਸੀ ਛੱਡ ਕੇ ਭਾਜਪਾ ਦਾ ਸਮਰਥਨ ਕਰਨਾ ਚਾਹੁੰਦਾ ਹੈ ਤਾਂ ਉਹ ਖੁੱਲ੍ਹ ਕੇ ਉਸ ਪਾਰਟੀ ਵਿੱਚ ਸ਼ਾਮਲ ਹੋ ਕੇ ਚੋਣ ਲੜੇ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਵਿਰੋਧੀ ਧਿਰ ਨੂੰ ਕਮਜ਼ੋਰ ਕਰਨ ਲਈ ਸਰਕਾਰੀ ਤੰਤਰ ਦੀ ਵਰਤੋਂ ਕੀਤੀ ਜਾ ਰਹੀ ਹੈ। ਨਾਲ ਹੀ ਦਾਅਵਾ ਕੀਤਾ ਕਿ ਰੈਲੀ ਤੋਂ ਪਹਿਲਾਂ ਪ੍ਰੋਗਰਾਮ ਵਿੱਚ ਰੁਕਾਵਟ ਪੈਦਾ ਕਰਨ ਲਈ ਮੰਚ ਨਾਲ ਛੇੜਛਾੜ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਮਮਤਾ ਬੈਨਰਜੀ ਨੇ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਵਿਰੋਧੀ ਧਿਰ ਦੀ ਏਕਤਾ ਅਤੇ ਸਾਂਝੀ ਲੜਾਈ ਸਮੇਂ ਦੀ ਲੋੜ ਹੈ।