ਅਮਰੀਕਾ ਦੇ ਜੈਨਰਿਕ ਦਵਾਈਆਂ 'ਤੇ ਨਵੇਂ ਟੈਰਿਫ ਨਾਲ ਭਾਰਤ ਨੂੰ ਵੱਡਾ ਝਟਕਾ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਰਾਮਦ ਕੀਤੀਆਂ ਜਾਣ ਵਾਲੀਆਂ ਜੈਨਰਿਕ ਦਵਾਈਆਂ 'ਤੇ ਨਵੇਂ ਟੈਰਿਫ ਲਾਗੂ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਨੀਤੀ ਤਹਿਤ 1 ਅਗਸਤ 2026 ਤੋਂ ਅਗਲੇ ਦੋ ਸਾਲਾਂ ਤੱਕ ਜੈਨਰਿਕ ਦਵਾਈਆਂ 'ਤੇ ਟੈਰਿਫ ਜ਼ੀਰੋ ਫੀਸਦੀ ਰਹੇਗਾ, ਪਰ ਅਗਸਤ 2028 ਤੋਂ ਇਸ ਨੂੰ 100 ਫੀਸਦੀ ਅਤੇ ਉਸ ਤੋਂ ਬਾਅਦ 200 ਫੀਸਦੀ ਤੱਕ ਵਧਾਇਆ ਜਾਵੇਗਾ। ਇਸ ਫੈਸਲੇ ਨਾਲ ਭਾਰਤ ਦੇ ਫਾਰਮਾ ਉਦਯੋਗ ਨੂੰ ਵੱਡਾ ਝਟਕਾ ਲੱਗ ਸਕਦਾ ਹੈ, ਕਿਉਂਕਿ ਭਾਰਤ ਅਮਰੀਕਾ ਲਈ ਜੈਨਰਿਕ ਦਵਾਈਆਂ ਦਾ ਸਭ ਤੋਂ ਵੱਡਾ ਸਪਲਾਇਰ ਹੈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਠਰੁਟਹ ਸ਼ੋਚਿੳਲ 'ਤੇ ਕਿਹਾ ਕਿ ਇਸ ਨੀਤੀ ਦਾ ਉਦੇਸ਼ ਜੈਨਰਿਕ ਦਵਾਈਆਂ ਦਾ ਉਤਪਾਦਨ ਮੁੜ ਅਮਰੀਕਾ ਵਿੱਚ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਜੋ ਕੰਪਨੀਆਂ ਨਿਰਧਾਰਤ ਸਮੇਂ ਅੰਦਰ ਅਮਰੀਕਾ ਵਿੱਚ ਆਪਣੇ ਪਲਾਂਟ ਅਤੇ ਉਤਪਾਦਨ ਇਕਾਈਆਂ ਸਥਾਪਤ ਨਹੀਂ ਕਰਨਗੀਆਂ, ਉਨ੍ਹਾਂ 'ਤੇ ਸਖ਼ਤ ਟੈਰਿਫ ਲਗਾਇਆ ਜਾਵੇਗਾ।
ਟਰੰਪ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਨੀਤੀ ਸਿਰਫ਼ ਜੈਨਰਿਕ ਦਵਾਈਆਂ ਲਈ ਹੈ, ਜਦਕਿ ਪੇਟੈਂਟ, ਬ੍ਰਾਂਡਡ ਅਤੇ ਨਵੀਨਤਾਕਾਰੀ ਦਵਾਈਆਂ ਸਬੰਧੀ ਮੌਜੂਦਾ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।
ਭਾਰਤ ਨੂੰ ਅਕਸਰ "ਦੁਨੀਆ ਦੀ ਫਾਰਮੇਸੀ" ਕਿਹਾ ਜਾਂਦਾ ਹੈ, ਕਿਉਂਕਿ ਉਹ ਦੁਨੀਆ ਭਰ ਵਿੱਚ ਸਸਤੀ ਅਤੇ ਉੱਚ ਗੁਣਵੱਤਾ ਵਾਲੀਆਂ ਜੈਨਰਿਕ ਦਵਾਈਆਂ ਦੀ ਸਪਲਾਈ ਕਰਦਾ ਹੈ। ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੀ ਰਿਪੋਰਟ ਅਨੁਸਾਰ, ਸਾਲ 2025 ਦੌਰਾਨ ਭਾਰਤ ਨੇ ਅਮਰੀਕਾ ਨੂੰ 9.7 ਅਰਬ ਡਾਲਰ ਦੀਆਂ ਫਾਰਮਾਸਿਊਟੀਕਲ ਦਵਾਈਆਂ ਨਿਰਯਾਤ ਕੀਤੀਆਂ, ਜੋ ਦੇਸ਼ ਦੇ ਕੁੱਲ 25.8 ਅਰਬ ਡਾਲਰ ਦੇ ਫਾਰਮਾ ਨਿਰਯਾਤ ਦਾ ਲਗਭਗ 38 ਫੀਸਦੀ ਹਿੱਸਾ ਸੀ।
ਮਾਹਿਰਾਂ ਦਾ ਮੰਨਣਾ ਹੈ ਕਿ ਜੇ ਇਹ ਟੈਰਿਫ ਲਾਗੂ ਹੁੰਦੇ ਹਨ ਤਾਂ ਭਾਰਤੀ ਫਾਰਮਾ ਕੰਪਨੀਆਂ ਦੀ ਅਮਰੀਕੀ ਮਾਰਕੀਟ ਵਿੱਚ ਮੁਕਾਬਲੇਬਾਜ਼ੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਨਿਰਯਾਤ 'ਤੇ ਵੀ ਮਹੱਤਵਪੂਰਨ ਅਸਰ ਪੈ ਸਕਦਾ ਹੈ।