ਓਂਟਾਰੀਓ ਦੇ ਐਮਪੀਪੀ ਹਰਦੀਪ ਗਰੇਵਾਲ 'ਤੇ ਪਿਤਾ ਦੀ ਅਖ਼ਬਾਰ ਨੂੰ ਸਰਕਾਰੀ ਇਸ਼ਤਿਹਾਰ ਦੇਣ ਦੇ ਦੋਸ਼

ਵੈਨਕੂਵਰ- ਬਰੈਂਪਟਨ ਈਸਟ ਤੋਂ ਓਂਟਾਰੀਓ ਦੇ ਐਮਪੀਪੀ ਅਤੇ ਟਰਾਂਸਪੋਰਟ ਮੰਤਰੀ ਦੇ ਪਾਰਲੀਮਾਨੀ ਸਹਾਇਕ ਹਰਦੀਪ ਸਿੰਘ ਗਰੇਵਾਲ ਇੱਕ ਹੋਰ ਵਿਵਾਦ ਵਿੱਚ ਘਿਰ ਗਏ ਹਨ। ਨਿਊ ਡੈਮੋਕ੍ਰੈਟਿਕ ਪਾਰਟੀ ਦੀ ਆਗੂ ਮਾਰਿਟ ਸਟਾਈਲਜ਼ ਨੇ ਇੰਟੈਗਰਿਟੀ ਕਮਿਸ਼ਨਰ ਕੋਲ ਸ਼ਿਕਾਇਤ ਦਾਇਰ ਕਰਕੇ ਦੋਸ਼ ਲਗਾਇਆ ਹੈ ਕਿ ਗਰੇਵਾਲ ਨੇ ਆਪਣੇ ਹਲਕੇ ਲਈ ਮਿਲਣ ਵਾਲੀ ਸਰਕਾਰੀ ਰਕਮ ਵਿੱਚੋਂ ਆਪਣੇ ਪਿਤਾ ਦੀ ਮਾਲਕੀ ਵਾਲੀ ਅਖ਼ਬਾਰ 'ਪੰਜਾਬੀ ਪੋਸਟ' ਨੂੰ ਸਰਕਾਰੀ ਇਸ਼ਤਿਹਾਰ ਦਿੱਤੇ, ਜੋ ਨਿੱਜੀ ਹਿੱਤਾਂ ਦੇ ਟਕਰਾਅ ਦਾ ਮਾਮਲਾ ਬਣਦਾ ਹੈ।
ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗਰੇਵਾਲ ਨੇ ਇੰਟੈਗਰਿਟੀ ਕਮਿਸ਼ਨਰ ਤੋਂ ਲੋੜੀਂਦੀ ਮਨਜ਼ੂਰੀ ਲਏ ਬਿਨਾਂ ਆਪਣੇ ਪਿਤਾ ਜਗਦੀਸ਼ ਸਿੰਘ ਗਰੇਵਾਲ ਦੀ ਅਖ਼ਬਾਰ ਨੂੰ ਸਰਕਾਰੀ ਫੰਡਾਂ ਰਾਹੀਂ ਇਸ਼ਤਿਹਾਰ ਜਾਰੀ ਕਰਵਾਏ। ਸ਼ਿਕਾਇਤਕਰਤਾ ਨੇ ਅਖ਼ਬਾਰ ਵਿੱਚ ਛਪੇ ਇਸ਼ਤਿਹਾਰਾਂ ਅਤੇ ਮਾਲਕੀ ਸਬੰਧੀ ਵੇਰਵਿਆਂ ਨੂੰ ਵੀ ਸਬੂਤ ਵਜੋਂ ਨੱਥੀ ਕੀਤਾ ਹੈ ਅਤੇ ਇਸ ਨੂੰ ੀਨਟੲਗਰਿਟੇ ਅਚਟ, 1994 ਦੀ ਉਲੰਘਣਾ ਕਰਾਰ ਦਿੱਤਾ ਹੈ।
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਹਰਦੀਪ ਗਰੇਵਾਲ ਨਜਾਇਜ਼ ਰਿਹਾਇਸ਼ੀ ਭੱਤਾ ਲੈਣ ਦੇ ਵਿਵਾਦ ਵਿੱਚ ਵੀ ਚਰਚਾ ਵਿੱਚ ਸਨ। ਰਿਪੋਰਟਾਂ ਮੁਤਾਬਕ ਉਨ੍ਹਾਂ ਵੱਲੋਂ ਲਿਆ ਗਿਆ ਕਰੀਬ 30 ਹਜ਼ਾਰ ਡਾਲਰ ਦਾ ਭੱਤਾ ਸਭ ਤੋਂ ਵੱਧ ਸੀ। ਇਸ ਮਾਮਲੇ 'ਤੇ ਮੁੱਖ ਮੰਤਰੀ ਡੱਗ ਫੋਰਡ ਨੇ ਕਿਹਾ ਸੀ ਕਿ ਜੇਕਰ ਕਿਸੇ ਨੇ ਗਲਤ ਤਰੀਕੇ ਨਾਲ ਰਕਮ ਲਈ ਹੈ ਤਾਂ ਉਹ ਸਰਕਾਰ ਵਾਪਸ ਵਸੂਲ ਕੀਤੀ ਜਾਵੇਗੀ।
ਫਿਲਹਾਲ ਇੰਟੈਗਰਿਟੀ ਕਮਿਸ਼ਨਰ ਵੱਲੋਂ ਸ਼ਿਕਾਇਤ ਦੀ ਜਾਂਚ ਕੀਤੀ ਜਾਣੀ ਹੈ ਅਤੇ ਇਸ ਮਾਮਲੇ ਵਿੱਚ ਅਜੇ ਤੱਕ ਹਰਦੀਪ ਸਿੰਘ ਗਰੇਵਾਲ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।