ਕੈਨੇਡਾ 'ਚ ਸੜਕ ਹਾਦਸੇ ਨੇ ਬੁਝਾਇਆ ਪੰਜਾਬੀ ਨੌਜਵਾਨ ਦਾ ਸੁਪਨਾ, ਵਿਨੀਪੈਗ ਨੇੜੇ ਹੋਈ ਮੌਤ

ਭਿੱਖੀਵਿੰਡ: ਰੁਜ਼ਗਾਰ ਅਤੇ ਬਿਹਤਰ ਭਵਿੱਖ ਦੀ ਆਸ ਨਾਲ ਕੈਨੇਡਾ ਗਏ ਪੰਜਾਬ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਕਾਰਨ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਪਛਾਣ ਭਿੱਖੀਵਿੰਡ ਦੇ 28 ਸਾਲਾ ਉਮੰਗ ਧਵਨ ਵਜੋਂ ਹੋਈ ਹੈ।
ਪਰਿਵਾਰਕ ਜਾਣਕਾਰੀ ਅਨੁਸਾਰ ਉਮੰਗ ਧਵਨ ਸਾਲ 2017 ਵਿੱਚ ਵਰਕ ਪਰਮਿਟ &rsquoਤੇ ਕੈਨੇਡਾ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਸਥਾਈ ਨਿਵਾਸ (ਪੀ.ਆਰ.) ਵੀ ਮਿਲ ਗਿਆ ਸੀ। ਉਹ ਵਿਨੀਪੈਗ ਵਿੱਚ ਰਹਿ ਕੇ ਕੰਮ ਕਰ ਰਿਹਾ ਸੀ ਅਤੇ ਪਰਿਵਾਰ ਵੱਲੋਂ ਉਸ ਦੇ ਵਿਆਹ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਸਨ।
ਮ੍ਰਿਤਕ ਦੇ ਪਿਤਾ ਪ੍ਰਦੀਪ ਕੁਮਾਰ ਧਵਨ, ਜੋ ਖਾਲੜਾ ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਪੁੱਤਰ ਕੈਨੇਡਾ ਵਿੱਚ ਰਹਿੰਦੇ ਹਨ। ਉਨ੍ਹਾਂ ਮੁਤਾਬਕ ਹਾਦਸੇ ਵਾਲੇ ਦਿਨ ਉਮੰਗ ਟਰੱਕ ਚਲਾ ਰਿਹਾ ਸੀ, ਜਦੋਂ ਵਿਨੀਪੈਗ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਪੁੱਤਰ ਨਾਲ ਫੋਨ &rsquoਤੇ ਗੱਲਬਾਤ ਵੀ ਹੋਈ ਸੀ।
ਉਮੰਗ ਧਵਨ ਅਜੇ ਅਣਵਿਆਹਿਆ ਸੀ ਅਤੇ ਆਪਣੇ ਭਵਿੱਖ ਨੂੰ ਸੰਵਾਰਨ ਲਈ ਵਿਦੇਸ਼ ਵਿੱਚ ਮਿਹਨਤ ਕਰ ਰਿਹਾ ਸੀ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ਗਹਿਰੇ ਸਦਮੇ ਵਿੱਚ ਹੈ।ਇਸ ਦੁਖਦਾਈ ਘਟਨਾ &rsquoਤੇ ਇਲਾਕੇ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਤਾਕਤ ਬਖ਼ਸ਼ਣ ਲਈ ਅਰਦਾਸ ਕੀਤੀ।