ਕੈਨੇਡਾ: ਇੱਕੋ ਬੇਸਮੈਂਟ 17 ਲੋਕਾਂ ਨੂੰ ਕਿਰਾਏ ’ਤੇ ਦੇਣ ਦੇ ਦੋਸ਼, ਮਹਿਲਾ ਗ੍ਰਿਫ਼ਤਾਰ

ਵੈਨਕੂਵਰ/ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਇੱਕ ਮਹਿਲਾ ਨੂੰ ਕਥਿਤ ਤੌਰ &rsquoਤੇ ਇੱਕੋ ਬੇਸਮੈਂਟ ਅਪਾਰਟਮੈਂਟ ਕਈ ਲੋਕਾਂ ਨੂੰ ਕਿਰਾਏ &rsquoਤੇ ਦੇ ਕੇ ਹਜ਼ਾਰਾਂ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲੀਸ ਮੁਤਾਬਕ 27 ਸਾਲਾ ਸਵਰੀਤ ਕੌਰ ਨੇ ਮਈ 2025 ਤੋਂ ਜਨਵਰੀ 2026 ਦੇ ਦਰਮਿਆਨ ਸੋਸ਼ਲ ਮੀਡੀਆ ਰਾਹੀਂ ਬੇਸਮੈਂਟ ਕਿਰਾਏ &rsquoਤੇ ਦੇਣ ਦੇ ਇਸ਼ਤਿਹਾਰ ਜਾਰੀ ਕੀਤੇ। ਦਿਲਚਸਪੀ ਦਿਖਾਉਣ ਵਾਲੇ ਲੋਕਾਂ ਨਾਲ ਆਨਲਾਈਨ ਕਿਰਾਏ ਦੇ ਸਮਝੌਤੇ ਕਰਕੇ ਉਹ ਪਹਿਲੇ ਅਤੇ ਆਖ਼ਰੀ ਮਹੀਨੇ ਦਾ ਕਿਰਾਇਆ ਅਗਾਊਂ ਵਸੂਲ ਕਰ ਲੈਂਦੀ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਜਦੋਂ ਕਿਰਾਏਦਾਰ ਆਪਣਾ ਸਮਾਨ ਲੈ ਕੇ ਘਰ ਵਿੱਚ ਰਹਿਣ ਪਹੁੰਚਦੇ, ਤਾਂ ਉੱਥੇ ਪਹਿਲਾਂ ਹੀ ਕੋਈ ਹੋਰ ਵਿਅਕਤੀ ਰਹਿ ਰਿਹਾ ਹੁੰਦਾ ਸੀ। ਇਸ ਤੋਂ ਬਾਅਦ ਪੀੜਤਾਂ ਵੱਲੋਂ ਰਕਮ ਵਾਪਸ ਮੰਗਣ &rsquoਤੇ ਉਨ੍ਹਾਂ ਨੂੰ ਲਗਾਤਾਰ ਟਾਲਮਟੋਲ ਕੀਤੀ ਜਾਂਦੀ ਰਹੀ।
ਪੀਲ ਰੀਜਨਲ ਪੁਲੀਸ ਅਨੁਸਾਰ ਇਸ ਤਰੀਕੇ ਨਾਲ 17 ਵਿਅਕਤੀਆਂ ਤੋਂ ਲਗਭਗ 60 ਹਜ਼ਾਰ ਕੈਨੇਡੀਅਨ ਡਾਲਰ ਹਾਸਲ ਕੀਤੇ ਗਏ। ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਅਪਰਾਧ ਜਾਂਚ ਬਿਊਰੋ ਨੇ ਮਾਮਲੇ ਦੀ ਜਾਂਚ ਕਰਕੇ ਮਹਿਲਾ ਨੂੰ ਧੋਖਾਧੜੀ ਅਤੇ ਪੁਲੀਸ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ।
ਪੁਲੀਸ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਰਾਏ &rsquoਤੇ ਘਰ ਲੈਣ ਤੋਂ ਪਹਿਲਾਂ ਜਾਇਦਾਦ ਅਤੇ ਮਾਲਕ ਦੀ ਪੂਰੀ ਤਸਦੀਕ ਜ਼ਰੂਰ ਕਰਨ।