ਫਰਾਂਸ ਵਿੱਚ ਵਿਵਾਦਿਤ ਖੇਤੀ ਕਾਨੂੰਨ ਦਾ ਵਿਰੋਧ, ਵਾਤਾਵਰਨ ਮੰਤਰੀ ਨੇ ਦਿੱਤਾ ਅਸਤੀਫ਼ਾ

ਪੈਰਿਸ: ਫਰਾਂਸ ਦੀ ਵਾਤਾਵਰਨ ਮੰਤਰੀ ਮੋਨਿਕ ਬਾਰਬੂ ਨੇ ਵਿਵਾਦਿਤ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਕਾਨੂੰਨ ਤਹਿਤ ਪਹਿਲਾਂ ਪਾਬੰਦੀਸ਼ੁਦਾ ਦੋ ਕੀਟਨਾਸ਼ਕਾਂ ਦੀ ਵਰਤੋਂ ਨੂੰ ਅਸਥਾਈ ਮਨਜ਼ੂਰੀ ਦਿੱਤੀ ਗਈ ਹੈ, ਜਿਸ ਦਾ ਵਾਤਾਵਰਨ ਪ੍ਰੇਮੀਆਂ ਅਤੇ ਵਿਗਿਆਨੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।
ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈੱਸ (ਏਪੀ) ਅਨੁਸਾਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਕੀਟਨਾਸ਼ਕ ਮਧੂਮੱਖੀਆਂ ਅਤੇ ਪਰਾਗਣ ਕਰਨ ਵਾਲੇ ਹੋਰ ਲਾਭਕਾਰੀ ਕੀੜਿਆਂ ਲਈ ਹਾਨੀਕਾਰਕ ਹਨ। ਮੋਨਿਕ ਬਾਰਬੂ ਨੇ ਕਿਹਾ ਕਿ ਉਹ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਨ ਅਤੇ ਅੱਜ ਆਪਣਾ ਅਸਤੀਫ਼ਾ ਰਾਸ਼ਟਰਪਤੀ ਇਮੈਨੂਏਲ ਮੈਕਰੋਂ ਨੂੰ ਸੌਂਪਣਗੇ।
ਫਰਾਂਸ ਦੀ ਸੰਸਦ ਵਿੱਚ ਇਹ ਵਿਧੇਯਕ ਮੰਗਲਵਾਰ ਨੂੰ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਸੀਨੇਟ ਨੇ 214 ਦੇ ਮੁਕਾਬਲੇ 111 ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ। ਸਰਕਾਰ ਦਾ ਦਾਅਵਾ ਹੈ ਕਿ ਇਹ ਕਾਨੂੰਨ ਕਿਸਾਨਾਂ ਨੂੰ ਆਰਥਿਕ ਰਾਹਤ ਦੇਣ ਲਈ ਲਿਆਂਦਾ ਗਿਆ ਹੈ, ਕਿਉਂਕਿ ਉਹ ਘਟਦੀ ਆਮਦਨ ਅਤੇ ਵਧਦੀ ਖੇਤੀ ਲਾਗਤ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
ਵਿਵਾਦ ਦੇ ਮੁੱਖ ਕਾਰਨਾਂ ਵਿਚ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਨੂੰ ਮਨਜ਼ੂਰੀ ਹੈ। ਕਾਨੂੰਨ ਤਹਿਤ ਐਸੀਟਾਮੀਪ੍ਰਿਡ ਅਤੇ ਫਲੂਪਿਰਾਡੀਫਿਊਰੋਨ ਵਰਗੇ ਕੀਟਨਾਸ਼ਕਾਂ ਦੀ ਅਸਥਾਈ ਵਰਤੋਂ ਦੀ ਇਜਾਜ਼ਤ ਦਿੱਤੀ ਗਈ ਹੈ। ਇਨ੍ਹਾਂ ਦੀ ਵਰਤੋਂ ਚੁਕੰਦਰ, ਸੇਬ ਅਤੇ ਚੈਰੀ ਦੀਆਂ ਫ਼ਸਲਾਂ ਵਿੱਚ ਕੀਤੀ ਜਾ ਸਕੇਗੀ।
ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਮਧੂਮੱਖੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਕਮੀ ਆ ਸਕਦੀ ਹੈ, ਜਿਸ ਕਾਰਨ ਪਰਾਗਣ ਦੀ ਪ੍ਰਕਿਰਿਆ ਪ੍ਰਭਾਵਿਤ ਹੋਵੇਗੀ। ਇਸ ਦਾ ਨਕਾਰਾਤਮਕ ਅਸਰ ਫ਼ਸਲਾਂ ਦੀ ਪੈਦਾਵਾਰ ਅਤੇ ਕਿਸਾਨਾਂ ਦੀ ਆਮਦਨ 'ਤੇ ਵੀ ਪੈ ਸਕਦਾ ਹੈ।
ਦੂਜਾ ਕਾਰਨ ਇਹ ਵੀ ਹੈ ਕਿ ਸਿੰਚਾਈ ਲਈ ਵੱਡੇ ਜਲ ਭੰਡਾਰ ਬਣਾਉਣ ਦੀ ਛੋਟ ਹੈ। ਨਵੇਂ ਕਾਨੂੰਨ ਅਨੁਸਾਰ ਕਿਸਾਨਾਂ ਨੂੰ ਸਿੰਚਾਈ ਲਈ ਵੱਡੇ ਜਲ ਭੰਡਾਰ ਜਾਂ ਕ੍ਰਿਤਰਿਮ ਤਲਾਬ ਬਣਾਉਣ ਦੀ ਮਨਜ਼ੂਰੀ ਲੈਣਾ ਆਸਾਨ ਹੋ ਜਾਵੇਗਾ।
ਵਾਤਾਵਰਨ ਸੰਰਕਸ਼ਕਾਂ ਦਾ ਦੋਸ਼ ਹੈ ਕਿ ਅਜਿਹੇ ਜਲਾਸ਼ਯ ਭੂਜਲ ਅਤੇ ਦਰਿਆਵਾਂ ਤੋਂ ਵੱਡੀ ਮਾਤਰਾ ਵਿੱਚ ਪਾਣੀ ਇਕੱਠਾ ਕਰਨਗੇ, ਜਿਸ ਨਾਲ ਗਰਮੀਆਂ ਦੌਰਾਨ ਦਰਿਆਵਾਂ ਅਤੇ ਭੂਜਲ ਦਾ ਪੱਧਰ ਘਟ ਸਕਦਾ ਹੈ। ਇਸ ਕਾਰਨ ਕੁਦਰਤੀ ਵਾਤਾਵਰਨ ਅਤੇ ਪਰਿਆਵਰਣਕ ਸੰਤੁਲਨ ੱਤੇ ਵੀ ਮਾੜਾ ਅਸਰ ਪੈਣ ਦਾ ਖ਼ਦਸ਼ਾ ਹੈ।