ਇਰਾਨ ਨਾਲ ਫਿਲਹਾਲ ਗੱਲਬਾਤ ਵਿੱਚ ਕੋਈ ਦਿਲਚਸਪੀ ਨਹੀਂ: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨਾਲ ਜੰਗ ਖ਼ਤਮ ਕਰਨ ਲਈ ਸੰਭਾਵੀ ਗੱਲਬਾਤ ਦੇ ਮਾਮਲੇ 'ਤੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਅਮਰੀਕਾ ਦੀ ਇਰਾਨ ਨਾਲ ਮੀਟਿੰਗ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਓਵਲ ਆਫ਼ਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਇਰਾਨੀ ਅਧਿਕਾਰੀ ਪਰਦੇ ਪਿੱਛੇ ਮੀਟਿੰਗ ਲਈ ਬੇਤਾਬ ਹਨ, ਪਰ ਜਦੋਂ ਤੱਕ ਉਹ ਕਿਸੇ ਅਰਥਪੂਰਨ ਅਤੇ ਠੋਸ ਪ੍ਰਸਤਾਵ ਨਾਲ ਅੱਗੇ ਨਹੀਂ ਆਉਂਦੇ, ਉਦੋਂ ਤੱਕ ਅਮਰੀਕਾ ਗੱਲਬਾਤ ਨਹੀਂ ਕਰੇਗਾ।
ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਨੂੰ ਜੰਗ ਦੌਰਾਨ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ, ਜਿਸ ਕਾਰਨ ਉਹ ਸੰਘਰਸ਼ ਖ਼ਤਮ ਕਰਨ ਲਈ ਗੱਲਬਾਤ ਚਾਹੁੰਦਾ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਆਪਣੇ ਅਹਿਮ ਨੁਕਤਿਆਂ ਅਤੇ ਰਾਸ਼ਟਰੀ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ।
ਜ਼ਿਕਰਯੋਗ ਹੈ ਕਿ ਜੰਗਬੰਦੀ ਲਈ ਹੋਇਆ ਅੰਤਰਿਮ ਸਮਝੌਤਾ ਟੁੱਟਣ ਤੋਂ ਬਾਅਦ ਅਮਰੀਕਾ ਅਤੇ ਇਰਾਨ ਵਿਚਾਲੇ ਹਮਲੇ ਲਗਾਤਾਰ ਤੇਜ਼ ਹੋ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਵਧਦੇ ਫੌਜੀ ਟਕਰਾਅ ਨੇ ਪੂਰੇ ਮੱਧ ਪੂਰਬ ਵਿੱਚ ਤਣਾਅ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।