ਜਦੋਂ ਡੁੱਲ੍ਹਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲਹਿੰਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ। , ਕੇਸਾਂ ਦੀ ਖਾਤਰ ਖੋਪਰੀ ਲੁਹਾਉਣ ਵਾਲੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ
   ਭਾਈ ਤਾਰੂ ਸਿੰਘ ਦੀ ਛੋਟੀ ਜਿਹੀ ਜ਼ਿੰਮੀਦਾਰੀ ਸੀ । ਇਨ੍ਹਾਂ ਦੇ ਪਿਤਾ ਭਾਈ ਜੋਧ ਸਿੰਘ ਸੂਬਾ ਸਰਹੰਦ ਦੀ ਫੌਜ ਨਾਲ ਲੜਦੇ ਹੋਏ ਮੁਕਤਸਰ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ । ਘਰ ਵਿੱਚ ਭਾਈ ਤਾਰੂ ਸਿੰਘ ਦੀ ਮਾਤਾ ਅਤੇ ਵਿਧਵਾ ਭੈਣ ਤਾਰੋ ਸੀ । ਭਜਨ ਬੰਦਗੀ, ਖੇਤਾਂ ਵਿੱਚ ਹੱਲ ਵਾਹ ਕੇ ਦਸਾਂ ਨਹੂੰਆਂ ਦੀ ਕਿਰਤ ਕਰਨੀ, ਆਪਣੀ ਆਮਦਨੀ ਨੂੰ ਲੋੜਵੰਦਾਂ ਨਾਲ ਵੰਡ ਛਕਣਾ ਭਾਈ ਤਾਰੂ ਸਿੰਘ ਦਾ ਨਿੱਤ ਦਾ ਕਰਮ ਸੀ । ਉਹ ਪੂਰਨ ਗੁਰਸਿੱਖ ਸਨ ਅਤੇ ਹਰ ਇਕ ਦੇ ਸਹਾਈ ਸਨ । ਮੁਸਲਮਾਨ ਭਾਈਚਾਰਾ ਵੀ ਭਾਈ ਤਾਰੂ ਸਿੰਘ ਦਾ ਬਹੁਤ ਸਤਿਕਾਰ ਕਰਦਾ ਸੀ । ਲਾਹੌਰੋਂ ਪੱਟੀ ਨੂੰ ਜਾਣ ਵਾਲੀ ਸੜਕ ਇਨ੍ਹਾਂ ਦੇ ਪਿੰਡ ਪੂਹਲਾ ਦੇ ਦੱਖਣ ਵੱਲ ਦੀ ਲੰਘਦੀ ਸੀ । ਰਾਤ ਬਰਾਤੇ ਰਾਹੀ ਪਾਂਧੀ ਇਸ ਦੇ ਘਰ ਹੀ ਆਣ ਕੇ ਟਿਕਦੇ, ਜਿਥੇ ਬਿਨਾਂ ਭੇਦਭਾਵ ਜਾਂ ਵਿਤਕਰੇ ਦੇ ਲੰਗਰ-ਪਾਣੀ ਤੇ ਮੰਜਾ ਬਿਸਤਰਾ ਮਿਲਦਾ । ਰਾਹੀ ਸਮਾਂ ਕੱਟਕੇ ਭਾਈ ਤਾਰੂ ਸਿੰਘ ਦਾ ਜਸ ਗਾਉਂਦੇ ਆਪਣੇ ਰਾਹ ਪੈਂਦੇ । ਇਸ ਸੇਵਾ ਭਾਵ ਨੇ ਭਾਈ ਤਾਰੂ ਸਿੰਘ ਦੀ ਸੋਭਾ ਦੂਰ-ਦੂਰ ਤੱਕ ਪਹੁੰਚਾ ਦਿੱਤੀ ਹੋਈ ਸੀ । ਇਨ੍ਹਾਂ ਦਾ ਘਰ, ਘਰ ਘਰ ਅੰਦਰਿ ਧਰਮਸਾਲ ਦਾ ਸਕਾਰ ਨਮੂਨਾ ਬਣਿਆ ਹੋਇਆ ਸੀ, ਜੋ ਹਰ ਲੋੜਵੰਦ ਮੁਸਾਫ਼ਰ ਵਾਸਤੇ ਹਰ ਸਮੇਂ ਖੁੱਲ੍ਹਾ ਰਹਿੰਦਾ ਸੀ ।
   ਭਾਈ ਤਾਰੂ ਸਿੰਘ ਨੇ ਵੀ ਭਾਈ ਮਨੀ ਸਿੰਘ ਜੀ ਦੀ ਜਥੇਦਾਰੀ ਵਿੱਚ ਅੰਮ੍ਰਿਤ ਛਕਿਆ ਸੀ । ਭਾਈ ਮਨੀ ਸਿੰਘ ਜੀ ਦੀ ਧਰਮ ਹੇਤ ਸ਼ਹੀਦੀ ਨੇ ਇਨ੍ਹਾਂ ਦੇ ਮਨ &lsquoਤੇ ਬੜਾ ਗਹਿਰਾ ਅਸਰ ਕੀਤਾ ਸੀ । ਜ਼ਕਰੀਆ ਖ਼ਾਨ, ਜਿਸ ਨੂੰ ਖ਼ਾਨ ਬਹਾਦਰ ਵੀ ਕਹਿੰਦੇ ਸਨ, ਉਹ 1726 ਈ: ਤੋਂ 1745 ਤੱਕ ਲਾਹੌਰ ਦਾ ਸੂਬੇਦਾਰ ਰਿਹਾ । ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਦੇ ਵੇਲੇ ਤੋਂ ਸਿੰਘਾਂ ਦੇ ਕਤਲੇਆਮ ਦਾ ਫੁਰਮਾਨ ਜਾਰੀ ਹੋਇਆ ਸੀ, ਫ਼ਰਖਸੀਅਰ ਨੇ ਵੀ ਉਵੇਂ ਹੀ ਬਰਕਰਾਰ ਰੱਖਿਆ । ਪਹਿਲਾਂ ਤਾਂ ਰਾਠ ਸਿੰਘਾਂ ਜਿਨ੍ਹਾਂ ਨੇ ਹਕੂਮਤ ਵਿਰੁੱਧ ਹਥਿਆਰ ਚੁੱਕੇ ਹੋਏ ਸਨ, ਉਨ੍ਹਾਂ ਉੱਤੇ ਹੀ ਜ਼ਿਆਦਾ ਸਖ਼ਤੀ ਸੀ । ਪਰ ਇਹ ਰਾਜ ਕਰੇਗਾ ਖ਼ਾਲਸਾ ਦੇ ਨਿਸ਼ਾਨੇ ਦੀ ਪੂਰਤੀ ਲਈ ਗੁਰੀਲਾ ਜੰਗ ਲੜਨ ਵਾਲੇ ਰਾਠ ਸਿੰਘ ਹਕੂਮਤ ਦੇ ਕਾਬੂ ਨਹੀਂ ਸੀ ਆਉਂਦੇ । ਜਦ ਸਰਕਾਰ ਦੇ ਸੂਹੀਆਂ ਨੇ ਵੇਖਿਆ ਕਿ ਰਾਤ-ਬਰਾਤੇ ਲੁਕ ਛਿੱਪ ਕੇ ਵਾਹੀਵਾਨ ਧਰਮੀ ਸਿੰਘ ਇਨ੍ਹਾਂ ਸਿੰਘਾਂ ਨੂੰ ਸੰਘਣੀਆਂ ਝਿੜੀਆਂ ਵਿੱਚ ਜਾ ਕੇ ਅੰਨ ਪਾਣੀ ਛਕਾ ਦਿੰਦੇ ਹਨ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਬਸਤਰ ਵੀ ਪਹੁੰਚਾ ਦਿੰਦੇ ਹਨ ਤਾਂ ਸਰਕਾਰੀ ਸੂਹੀਆਂ ਨੇ ਇਹ ਖ਼ਬਰਾਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਤੱਕ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ । ਜ਼ਕਰੀਆ ਖ਼ਾਨ ਨੇ ਹਰ ਪਿੰਡ ਦੇ ਨੰਬਰਦਾਰ, ਚੌਧਰੀ ਤੇ ਮੁਖ਼ਬਰਾਂ ਕੋਲੋਂ ਇਕ ਲਿਖਤ ਕਰਾ ਲਈ ਜੇ ਉਨ੍ਹਾਂ ਨੂੰ ਕਿਸੇ ਖੇਤੀ ਕਰਨ ਵਾਲੇ ਐਸੇ ਸਿੱਖ ਦਾ ਪਤਾ ਹੋਵੇ ਜੋ ਰਾਠ ਸਿੰਘਾਂ ਨੂੰ ਜੰਗਲਾਂ-ਬੇਲਿਆਂ ਜਾਂ ਝਿੜੀਆਂ ਵਿੱਚ ਜਾ ਕੇ ਲੰਗਰ ਛਕਾਉਂਦਾ ਹੈ ਤਾਂ ਫੌਰਨ ਉਸ ਦੀ ਇਤਲਾਹ ਲਾਹੌਰ ਪਹੁੰਚਾਈ ਜਾਵੇ । ਐਸਾ ਨਾ ਕਰਨ ਦੀ ਸੂਰਤ ਵਿੱਚ ਨੰਬਰਦਾਰਾਂ, ਚੌਧਰੀਆਂ ਤੇ ਮੁਖ਼ਬਰਾਂ ਨੂੰ ਜਿਹੜੇ ਸਰਕਾਰ ਕੋਲੋਂ ਪੈਸੇ ਲੈਂਦੇ ਹਨ ਉਨ੍ਹਾਂ ਨੂੰ ਵੀ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ । ਅਗਸਤ 1740 ਨੂੰ ਸੁੱਖਾ ਸਿੰਘ ਤੇ ਮਤਾਬ ਸਿੰਘ ਚੌਧਰੀ ਮੱਸੇ ਰੰਘੜ ਦਾ ਸਿਰ ਵੱਢ ਕੇ ਬੀਕਾਨੇਰ ਲੈ ਗਏ । ਮੱਸੇ ਰੰਘੜ ਦੇ ਪਰਿਵਾਰ ਨੇ ਮੱਸੇ ਰੰਘੜ ਦੀ ਬਿਨਾਂ ਸਿਰ ਤੋਂ ਲੋਥ ਚੁੱਕ ਕੇ ਲਾਹੌਰ ਜਾ ਕੇ ਜ਼ਕਰੀਆ ਖ਼ਾਨ ਦੇ ਦਰਬਾਰ ਵਿੱਚ ਰੱਖੀ । ਜ਼ਕਰੀਆ ਖ਼ਾਨ ਵਾਸਤੇ ਤਾਂ ਇਹ ਘਟਨਾ ਪਰਲੋ ਆਉਣ ਦੇ ਬਰਾਬਰ ਸੀ । ਜ਼ਕਰੀਆ ਖ਼ਾਨ ਬਹੁਤ ਕ੍ਰੋਧਵਾਨ ਹੋਇਆ ਕਿਉਂਕਿ ਚੌਧਰੀ ਮੱਸੇ ਰੰਘੜ ਦਾ ਇਹ ਕਤਲ ਮੁਗ਼ਲੀਆ ਸਰਕਾਰ ਦੀ ਬੜੀ ਵੱਡੀ ਹਾਰ ਸੀ, ਉਨ੍ਹਾਂ ਦਾ ਇਕ ਉਘਾ ਥੰਮ੍ਹ ਸਰਕਾਰ ਦਾ ਹੁਕਮ ਪਾਲਦਾ ਹੋਇਆ ਇਤਨੇ ਸਖ਼ਤ ਪਹਿਰੇ ਦੇ ਬਾਵਜੂਦ ਸਿੰਘਾਂ ਹੱਥੋਂ ਕਤਲ ਹੋ ਗਿਆ, ਜਿਨ੍ਹਾਂ ਦਾ (ਸਿੰਘਾਂ ਦਾ) ਖੁਰਾ ਖੋਜ ਮਿਟਾਉਣ ਲਈ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਸੀ । 
   ਜ਼ਕਰੀਆ ਖ਼ਾਨ ਨੂੰ ਸਭ ਤੋਂ ਜ਼ਿਆਦਾ ਗੁੱਸਾ ਆ ਰਿਹਾ ਸੀ ਜਿਹੜੇ ਸਰਕਾਰ ਕੋਲੋਂ ਆਪਣੇ ਐਸ਼ੋ ਆਰਾਮ ਲਈ ਸਹੂਲਤਾਂ ਲੈ ਕੇ ਫੜਾਂ ਮਾਰਿਆ ਕਰਦੇ ਸਨ, ਅਸੀਂ ਰਾਠ ਸਿੰਘਾਂ ਨੂੰ ਆਪਣੇ ਇਲਾਕਿਆਂ ਦੇ ਨੇੜੇ-ਤੇੜੇ ਵੀ ਫੜਕਣ ਨਹੀਂ ਦਿੰਦੇ । ਜ਼ਕਰੀਆ ਖ਼ਾਨ ਨੇ ਇਲਾਕੇ ਦੇ ਸਾਰੇ ਉਹ ਚੌਧਰੀ ਅਤੇ ਮੁਖ਼ਬਰ ਲਾਹੌਰ ਸੱਦ ਲਏ, ਜਿਨ੍ਹਾਂ ਨੂੰ ਸਰਕਾਰ ਮੂੰਹੋਂ ਮੰਗੀਆਂ ਆਰਥਿਕ ਸਹੂਲਤਾਂ ਦਿੰਦੀ ਸੀ । ਜ਼ਕਰੀਆ ਖ਼ਾਨ ਨੇ ਸਾਰਿਆਂ ਨੂੰ ਮੂਧੇ ਪਾ ਕੇ ਖੂਬ ਜੂਤ ਵਰ੍ਹਾਇਆ । ਬੜਾ ਗਾਲੀ ਗਲੋਚ ਵੀ ਹੋਇਆ । ਜ਼ਕਰੀਆ ਖ਼ਾਨ ਨੇ ਅੱਖਾਂ ਵਿੱਚੋਂ ਅੱਗ ਵਰ੍ਹਾਉਂਦਿਆਂ ਚੌਧਰੀਆਂ ਤੇ ਮੁਖ਼ਬਰਾਂ ਨੂੰ ਆਖਿਆ ਜਾਂ ਤਾਂ ਮੱਸੇ ਦੇ ਕਾਤਲਾਂ ਨੂੰ ਫੜ੍ਹਾ ਦਿਉ ਨਹੀਂ ਤੇ ਉਸ ਦੇ ਖੂਨ ਦਾ ਬਦਲਾ ਤੁਹਾਡੇ ਸਿਰੋਂ ਪੂਰਾ ਹੋਵੇਗਾ, ਮੈਂ ਤੁਹਾਡੇ ਸਿਰ ਵੱਢਵਾ ਕੇ ਗਲੀਆਂ ਵਿੱਚ ਰੋਲਾਂਗਾ । ਜ਼ਕਰੀਆ ਖ਼ਾਨ, ਖ਼ਾਨ ਬਹਾਦਰ ਦਾ ਏਡਾ ਸਖ਼ਤ ਹੁਕਮ ਸੁਣਕੇ ਚੌਧਰੀਆਂ ਤੇ ਮੁਖ਼ਬਰਾਂ ਨੇ ਮੱਸੇ ਦੇ ਕਾਤਲ ਲੱਭਣ ਲਈ ਦਿਨ ਰਾਤ ਇਕ ਕਰ ਦਿੱਤਾ । ਜੰਡਿਆਲੇ ਦਾ ਹਰ ਭਗਤ ਨਿਰੰਜਨੀਆਂ ਜੋ ਸਿੰਘਾਂ ਦਾ ਬੜਾ ਦੋਖੀ ਸੀ । ਉਸ ਨੇ ਇਸ ਕਤਲ ਦੀ ਸੂਹ ਕੱਢਕੇ ਲਾਹੌਰ ਜ਼ਕਰੀਆ ਖ਼ਾਨ ਪਾਸ ਜਾ ਕੇ ਚੁਗਲੀ ਕੀਤੀ ਸੀ ਕਿ ਮੱਸੇ ਦੇ ਕਾਤਲ ਮਤਾਬ ਸਿੰਘ ਮੀਰਾਂ-ਕੋਟੀਆਂ ਤੇ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਹਨ ਅਤੇ ਉਹ ਤਾਰੂ ਸਿੰਘ ਪੂਹਲੇ ਵਾਲੇ ਕੋਲ ਰਾਤ-ਬਰਾਤੇ ਆ ਕੇ ਲੰਗਰ ਛਕਦੇ ਹਨ । ਹਰਿ ਭਗਤ ਨਿਰੰਜਨੀਏ ਦੀ ਮੁਖ਼ਬਰੀ ਕਰਨ ਕਰਕੇ ਹੀ ਮੱਸੇ ਰੰਘੜ ਨੂੰ ਕਰਨੀ ਦਾ ਫਲ਼ ਭੁਗਤਾਉਣ ਵਾਲੇ ਮਹਿਤਾਬ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਜੇਲ੍ਹ ਵਿੱਚ ਜ਼ਕਰੀਆ ਖ਼ਾਨ ਨੇ ਡੱਕਿਆ ਹੋਇਆ ਸੀ ਤੇ ਹੁਣ ਫਿਰ ਚਾਰ ਸਾਲ ਬਾਅਦ ਹਰਿ ਭਗਤ ਨਿਰੰਜਨੀਆ ਭਾਈ ਤਾਰੂ ਸਿੰਘ ਪੂਹਲੇ ਦੀ ਸ਼ਿਕਾਇਤ ਲੈ ਕੇ ਫਿਰ ਲਾਹੌਰ ਜ਼ਕਰੀਆ ਖ਼ਾਨ ਕੋਲ ਪਹੁੰਚਾ । ਅਸੀਂ ਉੱਪਰ ਜ਼ਿਕਰ ਕਰ ਆਏ ਹਾਂ ਕਿ ਜ਼ਕਰੀਆ ਖ਼ਾਨ ਦੀਆਂ ਗਸ਼ਤੀ ਫੌਜਾਂ ਰਾਠ ਸਿੰਘਾਂ ਨੂੰ ਫੜਨ ਲਈ ਪਿੰਡਾਂ ਵਿੱਚ ਹਰਲ-ਹਰਲ ਕਰਦੀਆਂ ਫਿਰਦੀਆਂ ਸਨ ਤੇ ਇਨ੍ਹਾਂ ਨੂੰ ਚੈਨ ਨਾਲ ਕਿਤੇ ਟਿਕਣ ਨਹੀਂ ਸਨ ਦਿੰਦੀਆਂ ਤੇ ਰਾਠ ਸਿੰਘ ਸਰਕਾਰ ਨੂੰ ਸੁੱਖ ਦੀ ਨੀਂਦੇ ਨਹੀਂ ਸਨ ਸੌਣ ਦਿੰਦੇ । ਰਾਠ ਸਿੰਘ ਕਦੀ-ਕਦਾਈਂ ਪੈਦਲ ਜਾਂ ਘੋੜ-ਚੜ੍ਹੇ ਥੋੜ੍ਹੇ ਚਿਰ ਲਈ ਰਾਤ ਬਰਾਤੇ ਭਾਈ ਤਾਰੂ ਸਿੰਘ ਦੇ ਖੇਤਾਂ ਤੋਂ ਥੋੜ੍ਹੀ ਦੂਰ ਸੰਘਣੀ ਝਿੜੀ ਵਿੱਚ ਆਣ ਟਿਕਦੇ । ਇਹ ਰਾਠ ਸਿੰਘ ਆਮ ਤੌਰ &lsquoਤੇ ਮਾਝੇ ਦਿਆਂ ਜੰਗਲਾਂ ਬੇਲਿਆਂ ਵਿੱਚ ਵਿਚਰਦੇ ਸਨ । ਜਦੋਂ ਕਦੇ ਪੰਜ-ਪੰਜ, ਦਸ-ਦਸ ਸਿੰਘ ਰਾਤ ਕਟਣ ਲਈ ਇਸ ਝਿੜੀ ਵਿੱਚ ਆ ਜਾਂਦੇ ਤਾਂ ਭਾਈ ਤਾਰੂ ਸਿੰਘ ਘਰੋਂ ਲੰਗਰ ਤਿਆਰ ਕਰਕੇ ਇਨ੍ਹਾਂ ਰਾਠ ਸਿੰਘਾਂ ਨੂੰ ਛਕਾ ਦਿੰਦਾ ਸੀ, ਕੱਪੜੇ ਲੀੜੇ ਦੀ ਸਹਾਇਤਾ ਕਰ ਦਿੰਦਾ ਸੀ । ਭਾਈ ਤਾਰੂ ਸਿੰਘ ਜੀ ਬਿਨਾਂ ਵਿਤਕਰੇ ਸਮੂਹ ਮਨੁੱਖ ਮਾਤਰ ਨੂੰ ਪਿਆਰ ਕਰਨ ਵਾਲਾ ਸੀ । ਰਾਠ ਸਿੰਘਾਂ ਲਈ ਤਾਂ ਉਸ ਦੇ ਦਿਲ ਵਿੱਚ ਵਿਸ਼ੇਸ਼ ਪ੍ਰੇਮ ਸੀ । ਭਾਈ ਸਾਹਿਬ ਸਮਝਦੇ ਸਨ ਕਿ ਰਾਠ ਸਿੰਘ ਪੰਥ ਦੀ ਆਨ ਸ਼ਾਨ ਪੰਜਾਬ ਨੂੰ ਮੁਗ਼ਲਾਂ ਤੇ ਅਫ਼ਗਾਨਾਂ ਤੋਂ ਅਜ਼ਾਦ ਕਰਾਉਣ ਲਈ ਜਾਨਾਂ ਦੀ ਬਾਜੀ ਲਾ ਕੇ ਜੂਝ ਰਹੇ ਹਨ । ਇਨ੍ਹਾਂ ਦੀ ਸੇਵਾ ਅਸਲ ਸੇਵਾ ਹੈ ਤੇ ਮੇਰੇ ਲਈ ਏਹੋ ਬੰਦਗੀ ਹੈ ਇਨ੍ਹਾਂ ਦੀ ਸੇਵਾ ਵਿੱਚ ਜੇ ਜਾਨ ਵੀ ਲੇਖੇ ਲੱਗ ਜਾਵੇ ਤਾਂ ਮੇਰੇ ਵੱਡੇ ਭਾਗ ਹੋਣਗੇ । ਇਹ ਨਿਰੰਜਨੀਆ ਆਕਲ ਦਾਸ ਤਾਂ ਸਿੱਖਾਂ ਦਾ ਕੱਟੜ ਵੈਰੀ, ਦੂਜਾ ਜ਼ਕਰੀਆ ਖ਼ਾਨ ਦੀ ਹਿੱਕ ਦਾ ਵਾਲ ਬਣਿਆ ਬੈਠਾ ਸੀ । ਇਸ ਆਕਲ ਦਾਸ ਨਿਰੰਜਨੀਏ ਨੇ ਸਿੱਖਾਂ ਦੇ ਮੁਕੰਮਲ ਖ਼ਾਤਮੇ ਲਈ ਜ਼ਕਰੀਆ ਖ਼ਾਨ ਨਾਲੋਂ ਵੀ ਵੱਧ ਅੱਤ ਚੁੱਕੀ ਹੋਈ ਸੀ । ਭਾਈ ਤਾਰੂ ਸਿੰਘ ਦੀ ਸੋਭਾ ਦੀ ਭਿਣਖ ਇਸ ਦੇ ਕੰਨੀ ਵੀ ਪੈ ਚੁੱਕੀ ਸੀ । ਪਰ ਇਹ ਕੋਈ ਬਹਾਨਾ ਭਾਲਦਾ ਸੀ ਤੇ ਉਹ ਬਹਾਨਾ ਉਸ ਨੂੰ ਮਿਲ ਗਿਆ ਜਦੋਂ ਭਾਈ ਤਾਰੂ ਸਿੰਘ ਨੇ ਇਕ ਗਰੀਬ ਮਾਝੀ ਰਹੀਮ ਬਖ਼ਸ਼ ਦੀ ਧੀ ਨੂੰ ਪੱਟੀ ਦੇ ਫੌਜਦਾਰ ਜਾਫ਼ਰ ਬੇਗ ਦੇ ਚੁੰਗਲ ਵਿੱਚੋਂ ਛੁਡਾਉਣ ਲਈ ਝਿੜੀ ਵਿੱਚ ਟਿਕੇ ਹੋਏ ਰਾਠ ਸਿੰਘਾਂ ਨੂੰ ਬੇਨਤੀ ਕੀਤੀ ਤੇ ਉਨ੍ਹਾਂ ਨੇ ਪੱਟੀ ਦੇ ਜਾਫ਼ਰ ਬੇਗ ਨੂੰ ਕਤਲ ਕਰਕੇ ਗਰੀਬ ਮਾਛੀ ਰਹੀਮ ਬਖ਼ਸ਼ ਦੀ ਧੀ ਸਲਮਾ ਨੂੰ ਉਸ ਦੇ ਚੁੰਗਲ ਵਿੱਚੋਂ ਛੁਡਵਾ ਕੇ ਰਹੀਮ ਬਖ਼ਸ਼ ਦੇ ਹਵਾਲੇ ਕੀਤਾ ਅਤੇ ਕੋਲੋਂ ਖਰਚ ਤੇ ਘੋੜਾ ਦੇ ਕੇ ਪਿਉ ਧੀ ਨੂੰ ਜ਼ਕਰੀਆਂ ਦੀਆਂ ਨਜ਼ਰਾਂ ਤੋਂ ਦੂਰ ਜਾਣ ਲਈ ਤੋਰ ਦਿੱਤਾ । ਆਕਲ ਦਾਸ ਕੋਲ ਭਾਈ ਤਾਰੂ ਸਿੰਘ ਦੀ ਜ਼ਕਰੀਆ ਖ਼ਾਨ ਕੋਲ ਸ਼ਿਕਾਇਤ ਕਰਨ ਦਾ ਇਦੂੰ ਵਧੀਆ ਮੌਕਾ ਹੋਰ ਕੀ ਹੋ ਸਕਦਾ ਸੀ ।
ਵਿਸ਼ੇਸ਼ ਨੋਟ:- ਭਾਈ ਤਾਰੂ ਸਿੰਘ ਜੀ ਦੀ ਗ੍ਰਿਫ਼ਤਾਰੀ ਅਤੇ ਸ਼ਹਾਦਤ ਕਿਵੇਂ ਹੋਈ, ਅਗਲੇ ਹਫ਼ਤੇ ਪੜ੍ਹੋ
ਚਲਦਾ -
-ਜਥੇਦਾਰ ਮਹਿੰਦਰ ਸਿੰਘ, ਯੂ।ਕੇ।