ਕੈਲੀਫੋਰਨੀਆ 'ਚ FBI ਦੀ ਕਾਰਵਾਈ, ਲੋੜੀਂਦੇ ਪੰਜਾਬੀ ਮੂਲ ਦੇ ਮੁਲਜ਼ਮ ਹਰਮਨਵੀਰ ਸਿੰਘ ਨੂੰ ਕੀਤਾ ਕਾਬੂ

ਕੈਲੀਫੋਰਨੀਆ: ਅਮਰੀਕੀ ਜਾਂਚ ਏਜੰਸੀ FBI ਨੇ ਆਪਣੀ ਵਿਸ਼ੇਸ਼ ਕਾਰਵਾਈ 'ਆਪ੍ਰੇਸ਼ਨ ਹਾਰਡ ਬਾਲ' ਤਹਿਤ ਪੰਜਾਬੀ ਮੂਲ ਦੇ ਹਰਮਨਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਅਨੁਸਾਰ ਉਸ ਨੂੰ 21 ਜੁਲਾਈ ਨੂੰ ਸਟਾਕਟਨ (ਕੈਲੀਫੋਰਨੀਆ) ਵਿੱਚ ਕੈਲੀਫੋਰਨੀਆ ਹਾਈਵੇਅ ਪੈਟਰੋਲ ਦੀ ਮਦਦ ਨਾਲ ਹਿਰਾਸਤ ਵਿੱਚ ਲਿਆ ਗਿਆ।

ਜਾਂਚ ਏਜੰਸੀਆਂ ਦੇ ਮੁਤਾਬਕ ਹਰਮਨਵੀਰ ਸਿੰਘ ਖ਼ਿਲਾਫ਼ ਨਸ਼ੀਲੇ ਪਦਾਰਥਾਂ ਦੀ ਤਸਕਰੀ, ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਅਤੇ ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਨਾਲ ਸਬੰਧਿਤ ਸਾਜ਼ਿਸ਼ ਰਚਣ ਵਰਗੇ ਗੰਭੀਰ ਦੋਸ਼ ਦਰਜ ਹਨ। ਐਫਬੀਆਈ ਵੱਲੋਂ ਕੁਝ ਦਿਨ ਪਹਿਲਾਂ ਹੀ ਉਸ ਨੂੰ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਕਰਕੇ ਜਨਤਕ ਜਾਣਕਾਰੀ ਜਾਰੀ ਕੀਤੀ ਗਈ ਸੀ।

ਅਧਿਕਾਰੀਆਂ ਦਾ ਦਾਅਵਾ ਹੈ ਕਿ ਜਾਂਚ ਦੌਰਾਨ ਹਰਮਨਵੀਰ ਸਿੰਘ ਦੇ ਸੰਪਰਕ ਕੈਨੇਡਾ ਵਿੱਚ ਰਹਿੰਦੇ ਕੁਝ ਸ਼ੱਕੀ ਵਿਅਕਤੀਆਂ ਨਾਲ ਸਾਹਮਣੇ ਆਏ ਹਨ। ਏਜੰਸੀਆਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਕਈ ਫਰਜ਼ੀ ਨਾਵਾਂ ਦੀ ਵਰਤੋਂ ਕਰਦਾ ਰਿਹਾ ਹੈ ਅਤੇ ਜਾਂਚ ਵਿੱਚ ਇਸ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਇਸੇ ਕਾਰਵਾਈ ਨਾਲ ਜੁੜੇ ਇੱਕ ਹੋਰ ਮਾਮਲੇ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁਝ ਵਿਅਕਤੀਆਂ ਦੀ ਸਪੁਰਦਗੀ ਸਬੰਧੀ ਸੁਣਵਾਈ ਵੀ ਹੋਈ ਹੈ। ਅਦਾਲਤ ਵੱਲੋਂ ਮਾਮਲੇ ਦੀ ਕਾਰਵਾਈ ਦੇ ਪ੍ਰਕਾਸ਼ਨ 'ਤੇ ਪਾਬੰਦੀ ਲਗਾਈ ਗਈ ਹੈ, ਜਿਸ ਕਾਰਨ ਹੋਰ ਵੇਰਵੇ ਜਨਤਕ ਨਹੀਂ ਕੀਤੇ ਗਏ।

ਐਫਬੀਆਈ ਅਨੁਸਾਰ ਹਰਮਨਵੀਰ ਸਿੰਘ ਖ਼ਿਲਾਫ਼ 23 ਜੂਨ 2026 ਨੂੰ ਲਾਸ ਏਂਜਲਸ ਦੀ ਫੈਡਰਲ ਡਿਸਟ੍ਰਿਕਟ ਕੋਰਟ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਧਿਕਾਰੀਆਂ ਵੱਲੋਂ ਹੋਰ ਸੰਭਾਵਿਤ ਕੜੀਆਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।