ਬਹਾਦਰੀ ਦਾ ਸਨਮਾਨ: ਆਸਟਰੇਲੀਆ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਦਿੱਤੀ ਸਥਾਈ ਰਿਹਾਇਸ਼

ਸਿਡਨੀ,  -ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਹੋਏ ਇੱਕ ਹਮਲੇ ਦੌਰਾਨ ਬਹਾਦਰੀ ਨਾਲ ਕਈ ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਮੂਲ ਦੇ ਵਿਅਕਤੀ ਰਹਿਮਤ ਪਾਸ਼ਾ ਨੂੰ ਆਸਟਰੇਲੀਆ ਸਰਕਾਰ ਵੱਲੋਂ ਸਥਾਈ ਰਿਹਾਇਸ਼ (Permanent Residency) ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ 37 ਸਾਲਾ ਕੈਬ ਡਰਾਈਵਰ ਰਹਿਮਤ ਪਾਸ਼ਾ ਨੇ ਐਮਰਜੈਂਸੀ ਸਥਿਤੀ ਦੌਰਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜ਼ਖ਼ਮੀਆਂ ਦੀ ਮਦਦ ਕੀਤੀ ਅਤੇ ਕਰੀਬ 18 ਤੋਂ 20 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਇਸ ਦਲੇਰੀ ਨੂੰ ਦੇਖਦੇ ਹੋਏ ਆਸਟਰੇਲੀਆਈ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਥਾਈ ਰਿਹਾਇਸ਼ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ।

ਰਿਪੋਰਟਾਂ ਮੁਤਾਬਕ, ਰਹਿਮਤ ਪਾਸ਼ਾ ਦੀ ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀਆਂ ਸਥਾਈ ਰਿਹਾਇਸ਼ ਸਬੰਧੀ ਅਰਜ਼ੀਆਂ 'ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਖ਼ਬਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਰਹਿਮਤ ਪਾਸ਼ਾ ਦੀ ਬਹਾਦਰੀ ਦੀ ਖੂਬ ਸਰਾਹਨਾ ਕੀਤੀ। ਕਈ ਲੋਕਾਂ ਨੇ ਉਨ੍ਹਾਂ ਨੂੰ ਮਨੁੱਖਤਾ ਦੀ ਮਿਸਾਲ ਦੱਸਦਿਆਂ ਵਿਸ਼ੇਸ਼ ਸਨਮਾਨ ਅਤੇ ਇਨਾਮ ਦੇਣ ਦੀ ਵੀ ਮੰਗ ਕੀਤੀ।

ਮੀਡੀਆ ਰਿਪੋਰਟਾਂ ਅਨੁਸਾਰ, ਰਾਹਤ ਕਾਰਜਾਂ ਦੌਰਾਨ ਰਹਿਮਤ ਪਾਸ਼ਾ ਵੱਲੋਂ ਪਹਿਨੀ ਗਈ ਟੋਪੀ ਨੂੰ ਸਿਡਨੀ ਦੇ ਇੱਕ ਅਜਾਇਬਘਰ ਵਿੱਚ ਸੰਭਾਲ ਕੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਦਾ ਨਾਮ ਕਈ ਬਹਾਦਰੀ ਪੁਰਸਕਾਰਾਂ ਲਈ ਵੀ ਭੇਜਿਆ ਗਿਆ ਹੈ।