ਪੇਪਰ ਲੀਕ ਮੁੱਦੇ 'ਤੇ ਸੰਸਦ ਬਾਹਰ ਸਿਆਸੀ ਟਕਰਾਅ, ਸੱਤਾ ਪੱਖ ਤੇ ਵਿਰੋਧੀ ਧਿਰ ਆਹਮੋ-ਸਾਹਮਣੇ

ਨਵੀਂ ਦਿੱਲੀ, - ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਪੇਪਰ ਲੀਕ ਦੇ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਸੰਸਦ ਭਵਨ ਦੇ ਬਾਹਰ ਸੱਤਾਧਾਰੀ ਐਨਡੀਏ ਅਤੇ ਵਿਰੋਧੀ ਗਠਜੋੜ ਇੰਡੀਆ ਦੇ ਸੰਸਦ ਮੈਂਬਰ ਆਹਮੋ-ਸਾਹਮਣੇ ਨਜ਼ਰ ਆਏ। ਦੋਵਾਂ ਧਿਰਾਂ ਨੇ ਆਪਣੇ-ਆਪਣੇ ਸਿਆਸੀ ਰੁਖ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ।
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇ ਲਗਾਏ। ਦੂਜੇ ਪਾਸੇ ਐਨਡੀਏ ਦੇ ਸੰਸਦ ਮੈਂਬਰਾਂ ਨੇ "ਵੰਦੇ ਮਾਤਰਮ" ਅਤੇ "ਭਾਰਤ ਮਾਤਾ ਕੀ ਜੈ" ਦੇ ਨਾਅਰੇ ਲਗਾ ਕੇ ਆਪਣਾ ਪੱਖ ਰੱਖਿਆ।
ਵਿਰੋਧੀ ਧਿਰ ਦੇ ਪ੍ਰਦਰਸ਼ਨ ਦੀ ਅਗਵਾਈ ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੇ ਕੀਤੀ। ਇਸ ਦੌਰਾਨ ਕਈ ਹੋਰ ਸੀਨੀਅਰ ਵਿਰੋਧੀ ਸੰਸਦ ਮੈਂਬਰ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਰਹੇ ਅਤੇ ਹੱਥਾਂ ਵਿੱਚ ਬੈਨਰ ਫੜ੍ਹ ਕੇ ਆਪਣੀਆਂ ਮੰਗਾਂ ਉਠਾਈਆਂ।
ਸੰਸਦ ਦੇ ਬਾਹਰ ਹੋਈ ਇਸ ਨਾਅਰੇਬਾਜ਼ੀ ਕਾਰਨ ਕੁਝ ਸਮੇਂ ਲਈ ਸਿਆਸੀ ਮਾਹੌਲ ਗਰਮਾਇਆ ਰਿਹਾ। ਹਾਲਾਂਕਿ ਸੁਰੱਖਿਆ ਪ੍ਰਬੰਧਾਂ ਵਿਚਕਾਰ ਸਥਿਤੀ ਕਾਬੂ ਵਿੱਚ ਰਹੀ ਅਤੇ ਦੋਵਾਂ ਧਿਰਾਂ ਨੇ ਆਪਣੇ-ਆਪਣੇ ਤਰੀਕੇ ਨਾਲ ਵਿਰੋਧ ਅਤੇ ਸਮਰਥਨ ਦਰਜ ਕਰਵਾਇਆ।