ਮੱਧ ਪੂਰਬ ਵਿੱਚ ਤਣਾਅ ਦੇ ਮੱਦੇਨਜ਼ਰ ਆਸਟਰੇਲੀਆ ਨੇ ਜਾਰੀ ਕੀਤੀ ਨਵੀਂ ਯਾਤਰਾ ਸਲਾਹ

ਸਿਡਨੀ, - ਮੱਧ ਪੂਰਬ ਵਿੱਚ ਵਧਦੇ ਸੁਰੱਖਿਆ ਤਣਾਅ ਨੂੰ ਧਿਆਨ ਵਿੱਚ ਰੱਖਦਿਆਂ ਆਸਟਰੇਲੀਆ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਵਿਦੇਸ਼ ਯਾਤਰਾ ਸਬੰਧੀ ਨਵੀਂ ਸਲਾਹ ਜਾਰੀ ਕੀਤੀ ਹੈ। ਵਿਦੇਸ਼ ਮਾਮਲੇ ਅਤੇ ਵਪਾਰ ਵਿਭਾਗ ਨੇ ਕਈ ਦੇਸ਼ਾਂ ਦੀ ਯਾਤਰਾ ਕਰਨ ਤੋਂ ਪਹਿਲਾਂ ਹਾਲਾਤ ਦਾ ਧਿਆਨ ਨਾਲ ਮੁਲਾਂਕਣ ਕਰਨ ਦੀ ਅਪੀਲ ਕੀਤੀ ਹੈ।
ਸਰਕਾਰੀ ਸਲਾਹ ਮੁਤਾਬਕ, ਨਾਗਰਿਕਾਂ ਨੂੰ ਜਾਰਡਨ, ਓਮਾਨ ਅਤੇ ਸਾਊਦੀ ਅਰਬ ਦੀ ਯਾਤਰਾ ਦੀ ਲੋੜ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਬਹਿਰੀਨ, ਕੂਵੈਤ, ਕਤਰ, ਸੰਯੁਕਤ ਅਰਬ ਅਮੀਰਾਤ ਅਤੇ ਇਸਰਾਈਲ ਲਈ ਵੀ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਆਸਟਰੇਲੀਆਈ ਅਧਿਕਾਰੀਆਂ ਨੇ ਇਰਾਨ, ਇਰਾਕ, ਲੈਬਨਾਨ, ਸੀਰੀਆ, ਯਮਨ ਅਤੇ ਫ਼ਲਸਤੀਨ ਸਮੇਤ ਕੁਝ ਦੇਸ਼ਾਂ ਲਈ "ਯਾਤਰਾ ਨਾ ਕਰੋ" ਦੀ ਸਲਾਹ ਜਾਰੀ ਰੱਖੀ ਹੈ। ਨਾਲ ਹੀ ਕੁਝ ਹੋਰ ਦੇਸ਼ਾਂ ਲਈ ਯਾਤਰਾ ਦੀ ਲੋੜ ਬਾਰੇ ਮੁੜ ਵਿਚਾਰ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ।
ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਖੇਤਰ ਵਿੱਚ ਸੁਰੱਖਿਆ ਸਥਿਤੀ ਤੇਜ਼ੀ ਨਾਲ ਬਦਲ ਸਕਦੀ ਹੈ, ਜਿਸ ਕਾਰਨ ਹਵਾਈ ਖੇਤਰ ਬੰਦ ਹੋਣ, ਉਡਾਣਾਂ ਵਿੱਚ ਦੇਰੀ ਜਾਂ ਰੱਦ ਹੋਣ ਅਤੇ ਸਰਹੱਦਾਂ 'ਤੇ ਅਚਾਨਕ ਪਾਬੰਦੀਆਂ ਲੱਗਣ ਦੀ ਸੰਭਾਵਨਾ ਬਣੀ ਰਹਿ ਸਕਦੀ ਹੈ।
ਯਾਤਰੀਆਂ ਨੂੰ ਰਵਾਨਗੀ ਤੋਂ ਪਹਿਲਾਂ ਆਪਣੀ ਹਵਾਈ ਕੰਪਨੀ ਤੋਂ ਉਡਾਣ ਦੀ ਸਥਿਤੀ ਦੀ ਪੁਸ਼ਟੀ ਕਰਨ, ਯਾਤਰਾ ਬੀਮੇ ਦੀਆਂ ਸ਼ਰਤਾਂ ਧਿਆਨ ਨਾਲ ਪੜ੍ਹਨ ਅਤੇ ਤਾਜ਼ਾ ਸਰਕਾਰੀ ਯਾਤਰਾ ਸਲਾਹ ਦੀ ਜਾਂਚ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਲਾਹ ਦਾ ਪ੍ਰਭਾਵ ਖ਼ਾਸ ਤੌਰ 'ਤੇ ਉਨ੍ਹਾਂ ਯਾਤਰੀਆਂ 'ਤੇ ਪੈ ਸਕਦਾ ਹੈ ਜੋ ਯੂਰਪ ਜਾਂ ਹੋਰ ਮੰਜ਼ਿਲਾਂ ਲਈ ਮੱਧ ਪੂਰਬ ਦੇ ਹਵਾਈ ਅੱਡਿਆਂ ਰਾਹੀਂ ਸਫ਼ਰ ਕਰਦੇ ਹਨ। ਉਨ੍ਹਾਂ ਨੇ ਹਾਲਾਤ ਆਮ ਹੋਣ ਤੱਕ ਯਾਤਰਾ ਯੋਜਨਾਵਾਂ ਸੋਚ-ਸਮਝ ਕੇ ਬਣਾਉਣ ਦੀ ਸਲਾਹ ਦਿੱਤੀ ਹੈ।