ਫ਼ਰਾਂਸ ਵਿੱਚ ਭਿਆਨਕ ਗਰਮੀ ਦਾ ਕਹਿਰ, ਹੀਟਵੇਵ ਨਾਲ 5,700 ਤੋਂ ਵੱਧ ਵਾਧੂ ਮੌਤਾਂ ਦਰਜ

ਪੈਰਿਸ,  ਫ਼ਰਾਂਸ ਵਿੱਚ ਇਸ ਸਾਲ ਪਈ ਭਿਆਨਕ ਗਰਮੀ ਦੀ ਲਹਿਰ (ਹੀਟਵੇਵ) ਨੇ ਲੋਕਾਂ ਦੀ ਸਿਹਤ 'ਤੇ ਗੰਭੀਰ ਅਸਰ ਪਾਇਆ ਹੈ। ਦੇਸ਼ ਦੀ ਜਨਤਕ ਸਿਹਤ ਏਜੰਸੀ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਰਿਕਾਰਡ ਤੋੜ ਤਾਪਮਾਨ ਕਾਰਨ ਕਰੀਬ 5,700 ਤੋਂ ਵੱਧ ਵਾਧੂ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਏਜੰਸੀ ਅਨੁਸਾਰ, 17 ਜੂਨ ਤੋਂ 2 ਜੁਲਾਈ ਦੇ ਦਰਮਿਆਨ ਗਰਮੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਕੁੱਲ 21,674 ਮੌਤਾਂ ਦਰਜ ਹੋਈਆਂ। ਅੰਕੜਾ ਵਿਗਿਆਨਕ ਵਿਸ਼ਲੇਸ਼ਣ ਮੁਤਾਬਕ, ਜੇਕਰ ਹੀਟਵੇਵ ਨਾ ਹੁੰਦੀ ਤਾਂ ਇਸੇ ਸਮੇਂ ਦੌਰਾਨ ਲਗਭਗ 15,910 ਮੌਤਾਂ ਹੋਣ ਦਾ ਅਨੁਮਾਨ ਸੀ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਅਨੁਮਾਨਿਤ ਅਤੇ ਅਸਲ ਮੌਤਾਂ ਵਿੱਚ 5,764 ਦਾ ਫ਼ਰਕ ਦਰਜ ਕੀਤਾ ਗਿਆ, ਜਿਸ ਨੂੰ ਹੀਟਵੇਵ ਦੇ ਪ੍ਰਭਾਵ ਨਾਲ ਜੋੜਿਆ ਗਿਆ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਲਗਾਤਾਰ ਵਧ ਰਹੇ ਤਾਪਮਾਨ ਅਤੇ ਜਲਵਾਯੂ ਪਰਿਵਰਤਨ ਕਾਰਨ ਯੂਰਪ ਦੇ ਕਈ ਦੇਸ਼ਾਂ ਵਿੱਚ ਅਜਿਹੀਆਂ ਗਰਮੀ ਦੀਆਂ ਲਹਿਰਾਂ ਪਹਿਲਾਂ ਨਾਲੋਂ ਵੱਧ ਤੀਬਰ ਅਤੇ ਲੰਬੀਆਂ ਹੋ ਰਹੀਆਂ ਹਨ। ਉਨ੍ਹਾਂ ਨੇ ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।