ਮੈਨਚੈਸਟਰ ਸਿਨਾਗੌਗ ਹਮਲਾਵਰ ਦੇ ਸਾਥੀ ਨੂੰ ਅੱਤਵਾਦੀ ਸਾਜ਼ਿਸ਼ ਮਾਮਲੇ 'ਚ ਉਮਰ ਕੈਦ

 ਲੈਸਟਰ(ਇੰਗਲੈਡ), 23 ਜੁਲਾਈ (ਸੁਖਜਿੰਦਰ ਸਿੰਘ ਢੱਡੇ)&ndash ਬ੍ਰਿਟੇਨ ਦੀ ਇੱਕ ਫੌਜੀ ਅਕੈਡਮੀ 'ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਮੈਨਚੈਸਟਰ ਦੇ ਰਹਿਣ ਵਾਲੇ 31 ਸਾਲਾ ਮੁਹੰਮਦ ਬਸ਼ੀਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੈਨਚੈਸਟਰ ਕਰਾਊਨ ਕੋਰਟ ਨੇ ਉਸ ਨੂੰ ਘੱਟੋ-ਘੱਟ 17 ਸਾਲ ਜੇਲ੍ਹ ਵਿੱਚ ਬਿਤਾਉਣ ਦੇ ਹੁਕਮ ਦਿੱਤੇ ਹਨ।

ਅਦਾਲਤ ਵਿੱਚ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਬਸ਼ੀਰ ਨੇ ਆਪਣੇ ਸਾਥੀ ਜਿਹਾਦ ਅਲ-ਸ਼ਾਮੀ ਨਾਲ ਮਿਲ ਕੇ 14 ਅਗਸਤ 2025 ਨੂੰ ਆਕਸਫੋਰਡਸ਼ਾਇਰ ਸਥਿਤ ਬ੍ਰਿਟੇਨ ਦੀ ਡਿਫੈਂਸ ਅਕੈਡਮੀ ਸ਼੍ਰਿਵੇਨਹੈਮ ਦੀ ਰੇਕੀ ਕੀਤੀ ਸੀ। ਦੋਵੇਂ ਕਰੀਬ 10 ਘੰਟਿਆਂ ਦਾ ਸਫ਼ਰ ਕਰਕੇ ਉੱਥੇ ਪਹੁੰਚੇ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਇਕੱਠੀ ਕੀਤੀ।
ਕੁਝ ਹਫ਼ਤਿਆਂ ਬਾਅਦ ਜਿਹਾਦ ਅਲ-ਸ਼ਾਮੀ ਨੇ ਮੈਨਚੈਸਟਰ ਦੇ ਹੀਟਨ ਪਾਰਕ ਸਿਨਾਗੌਗ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਦੋ ਯਹੂਦੀ ਸ਼ਰਧਾਲੂ ਮਾਰੇ ਗਏ। ਹਮਲੇ ਦੌਰਾਨ ਪੁਲਿਸ ਦੀ ਗੋਲੀਬਾਰੀ ਵਿੱਚ ਅਲ-ਸ਼ਾਮੀ ਮਾਰਿਆ ਗਿਆ ਸੀ।
ਜਾਂਚ ਦੌਰਾਨ ਗ੍ਰੇਟਰ ਮੈਨਚੈਸਟਰ ਪੁਲਿਸ ਨੂੰ ਦੋਵਾਂ ਦੇ ਮੋਬਾਈਲ ਫੋਨਾਂ ਅਤੇ ਕਲਾਊਡ ਡਾਟਾ ਤੋਂ ਅਜਿਹੇ ਸਬੂਤ ਮਿਲੇ, ਜਿਨ੍ਹਾਂ ਤੋਂ ਪਤਾ ਲੱਗਾ ਕਿ ਉਹ ਹਥਿਆਰਾਂ, ਸੰਭਾਵੀ ਨਿਸ਼ਾਨਿਆਂ ਅਤੇ ਇਸਰਾਈਲੀ ਫੌਜ ਨਾਲ ਜੁੜੇ ਵਿਅਕਤੀਆਂ ਬਾਰੇ ਜਾਣਕਾਰੀ ਲੱਭ ਰਹੇ ਸਨ। ਵਟਸਐਪ ਗੱਲਬਾਤ ਵਿੱਚ ਵੀ ਦੋਵਾਂ ਵੱਲੋਂ ਕੱਟੜਪੰਥੀ ਅਤੇ ਯਹੂਦੀ ਵਿਰੋਧੀ ਵਿਚਾਰ ਸਾਂਝੇ ਕਰਨ ਦੇ ਸਬੂਤ ਮਿਲੇ।
ਸੀਸੀਟੀਵੀ ਫੁਟੇਜ ਵਿੱਚ ਦੋਵੇਂ ਮੈਨਚੈਸਟਰ ਦੀ ਅਲ ਸੁੰਨਾਹ ਮਸਜਿਦ ਵਿੱਚ ਹਮਲੇ ਦੀ ਯੋਜਨਾ 'ਤੇ ਚਰਚਾ ਕਰਦੇ ਵੀ ਨਜ਼ਰ ਆਏ। ਪੁਲਿਸ ਅਨੁਸਾਰ ਉਹ ਸਮਝ ਰਹੇ ਸਨ ਕਿ ਉਹ ਕੈਮਰਿਆਂ ਦੀ ਨਜ਼ਰ ਤੋਂ ਦੂਰ ਹਨ, ਪਰ ਉਨ੍ਹਾਂ ਦੀਆਂ ਗਤੀਵਿਧੀਆਂ ਰਿਕਾਰਡ ਹੋ ਗਈਆਂ।
ਸਜ਼ਾ ਸੁਣਾਉਂਦਿਆਂ ਜਸਟਿਸ ਚੀਮਾ-ਗਰੱਬ ਨੇ ਕਿਹਾ ਕਿ ਬਸ਼ੀਰ ਪੂਰੀ ਤਰ੍ਹਾਂ ਕੱਟੜ ਜਿਹਾਦੀ ਵਿਚਾਰਧਾਰਾ ਨਾਲ ਜੁੜ ਚੁੱਕਾ ਸੀ ਅਤੇ ਅਦਾਲਤ ਨੂੰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਉਸ ਨੇ ਆਪਣੇ ਵਿਚਾਰ ਬਦਲੇ ਹਨ। ਅਦਾਲਤ ਨੇ ਉਸ ਨੂੰ ਸਮਾਜ ਲਈ ਖ਼ਤਰਨਾਕ ਕਰਾਰ ਦਿੱਤਾ।
ਪੁਲਿਸ ਨੇ ਦੱਸਿਆ ਕਿ ਸਿਨਾਗੌਗ ਹਮਲੇ ਤੋਂ ਬਾਅਦ ਬਸ਼ੀਰ ਪਾਕਿਸਤਾਨ ਚਲਾ ਗਿਆ ਸੀ, ਪਰ ਬ੍ਰਿਟੇਨ ਵਾਪਸੀ ਸਮੇਂ ਮੈਨਚੈਸਟਰ ਹਵਾਈ ਅੱਡੇ ਤੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਜਾਂਚ ਵਿੱਚ ਇਹ ਸਬੂਤ ਨਹੀਂ ਮਿਲਿਆ ਕਿ ਉਸ ਨੂੰ ਸਿਨਾਗੌਗ 'ਤੇ ਹੋਣ ਵਾਲੇ ਹਮਲੇ ਦੀ ਪਹਿਲਾਂ ਤੋਂ ਜਾਣਕਾਰੀ ਸੀ, ਪਰ ਫੌਜੀ ਅਕੈਡਮੀ 'ਤੇ ਹਮਲੇ ਦੀ ਸਾਜ਼ਿਸ਼ ਵਿੱਚ ਉਸ ਦੀ ਭੂਮਿਕਾ ਸਾਬਤ ਹੋ ਗਈ।