ਸਾਊਦੀ ਪਰਮਾਣੂ ਸਮਝੌਤੇ ਲਈ ਅਮਰੀਕਾ ਦੀ ਨਵੀਂ ਸ਼ਰਤ, ਇਜ਼ਰਾਈਲ ਨਾਲ ਰਿਸ਼ਤੇ ਸਧਾਰਨ ਕਰਨ 'ਤੇ ਦਿੱਤਾ ਜ਼ੋਰ

ਵਾਸ਼ਿੰਗਟਨ: ਅਮਰੀਕਾ ਅਤੇ ਸਾਊਦੀ ਅਰਬ ਵਿਚਾਲੇ ਪ੍ਰਸਤਾਵਿਤ ਪਰਮਾਣੂ ਸਹਿਯੋਗ ਸਮਝੌਤਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਹ ਸਮਝੌਤਾ ਅੱਗੇ ਤਦੋਂ ਹੀ ਵਧੇਗਾ ਜੇਕਰ ਸਾਊਦੀ ਅਰਬ ਇਜ਼ਰਾਈਲ ਨਾਲ ਕੂਟਨੀਤਿਕ ਸਬੰਧ ਸਧਾਰਨ ਕਰਨ ਲਈ ਅਬਰਾਹਮ ਸਮਝੌਤਿਆਂ ਵਿੱਚ ਸ਼ਾਮਲ ਹੋਣ ਵੱਲ ਕਦਮ ਚੁੱਕੇਗਾ।

ਟਰੰਪ ਨੇ ਇਹ ਵੀ ਦੁਹਰਾਇਆ ਕਿ ਅਮਰੀਕਾ ਸਾਊਦੀ ਅਰਬ ਨੂੰ ਆਪਣੇ ਦੇਸ਼ ਅੰਦਰ ਯੂਰੇਨੀਅਮ ਸੰਵਰਧਨ (ਯੂਰੇਨੀਅਮ ਐਨਰਿਚਮੈਂਟ) ਦੀ ਮਨਜ਼ੂਰੀ ਦੇਣ ਦੇ ਹੱਕ ਵਿੱਚ ਨਹੀਂ ਹੈ। ਇਸ ਮੁੱਦੇ ਨੂੰ ਪਰਮਾਣੂ ਸਹਿਯੋਗ ਦੇ ਸਭ ਤੋਂ ਸੰਵੇਦਨਸ਼ੀਲ ਪੱਖਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ, ਸਮਝੌਤੇ ਨਾਲ ਜੁੜੇ ਐਲਾਨ ਨੂੰ ਲੈ ਕੇ ਵ੍ਹਾਈਟ ਹਾਊਸ ਅਤੇ ਅਮਰੀਕੀ ਊਰਜਾ ਵਿਭਾਗ ਵਿਚਾਲੇ ਤਾਲਮੇਲ ਨੂੰ ਲੈ ਕੇ ਵੀ ਚਰਚਾ ਛਿੜੀ ਰਹੀ। ਦੱਸਿਆ ਗਿਆ ਕਿ ਵ੍ਹਾਈਟ ਹਾਊਸ ਐਲਾਨ ਨੂੰ ਕੁਝ ਸਮੇਂ ਲਈ ਟਾਲਣਾ ਚਾਹੁੰਦਾ ਸੀ, ਜਦਕਿ ਊਰਜਾ ਵਿਭਾਗ ਨੇ ਹਸਤਾਖਰ ਸਮਾਰੋਹ ਕਰਵਾਉਣ ਦੇ ਨਾਲ-ਨਾਲ ਇਸ ਬਾਰੇ ਜਨਤਕ ਜਾਣਕਾਰੀ ਵੀ ਸਾਂਝੀ ਕਰ ਦਿੱਤੀ।

ਹਾਲਾਂਕਿ ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਸਾਊਦੀ ਅਰਬ ਵੱਲੋਂ ਅਬਰਾਹਮ ਸਮਝੌਤਿਆਂ ਵਿੱਚ ਸ਼ਾਮਲ ਹੋਣ ਦੀ ਸ਼ਰਤ ਪਹਿਲਾਂ ਤੋਂ ਹੀ ਅਮਰੀਕੀ ਨੀਤੀ ਦਾ ਹਿੱਸਾ ਰਹੀ ਹੈ। ਉੱਧਰ, ਊਰਜਾ ਵਿਭਾਗ ਨੇ ਅੰਦਰੂਨੀ ਮਤਭੇਦਾਂ ਦੀਆਂ ਅਟਕਲਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਸਮਝੌਤੇ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਨਿਯਮਾਂ ਅਨੁਸਾਰ ਹੀ ਅੱਗੇ ਵਧਾਈਆਂ ਗਈਆਂ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਇਹ ਨਵੀਂ ਸ਼ਰਤ ਪਰਮਾਣੂ ਸਮਝੌਤੇ ਦੀ ਪ੍ਰਗਤੀ ਅਤੇ ਮੱਧ ਪੂਰਬ ਦੀ ਕੂਟਨੀਤਿਕ ਸਥਿਤੀ 'ਤੇ ਮਹੱਤਵਪੂਰਨ ਅਸਰ ਪਾ ਸਕਦੀ ਹੈ।