‘ਮਾਵਾਂ ਧੀਆਂ ਸਤਿਕਾਰ ਯੋਜਨਾ’ ਨੂੰ ਮਿਲਿਆ ਵੱਡਾ ਹੁੰਗਾਰਾ, ਰਜਿਸਟਰੇਸ਼ਨ 70 ਲੱਖ ਤੋਂ ਪਾਰ

ਚੰਡੀਗੜ੍ਹ: ਪੰਜਾਬ ਸਰਕਾਰ ਦੀ &lsquoਮਾਵਾਂ ਧੀਆਂ ਸਤਿਕਾਰ ਯੋਜਨਾ&rsquo ਤਹਿਤ ਰਜਿਸਟਰ ਹੋਣ ਵਾਲੀਆਂ ਔਰਤਾਂ ਦੀ ਗਿਣਤੀ 70 ਲੱਖ ਤੋਂ ਵੱਧ ਹੋ ਗਈ ਹੈ। ਸਰਕਾਰ ਅਨੁਸਾਰ ਯੋਜਨਾ ਲਈ ਰਜਿਸਟਰੇਸ਼ਨ ਪ੍ਰਕਿਰਿਆ ਹਾਲੇ ਵੀ ਜਾਰੀ ਹੈ ਅਤੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਜੁਲਾਈ ਮਹੀਨੇ ਦੌਰਾਨ ਕਰੀਬ 37 ਲੱਖ ਔਰਤਾਂ ਨੇ ਰਜਿਸਟਰੇਸ਼ਨ ਕਰਵਾਈ, ਜਦਕਿ ਜੂਨ ਮਹੀਨੇ ਵਿੱਚ ਲਗਭਗ 33 ਲੱਖ ਔਰਤਾਂ ਨੇ ਯੋਜਨਾ ਨਾਲ ਜੁੜਨ ਲਈ ਅਰਜ਼ੀਆਂ ਦਿੱਤੀਆਂ। ਸ਼ੁਰੂਆਤੀ ਟੀਚਾ ਕਰੀਬ 52 ਲੱਖ ਲਾਭਪਾਤਰੀਆਂ ਤੱਕ ਪਹੁੰਚਣ ਦਾ ਰੱਖਿਆ ਗਿਆ ਸੀ, ਪਰ ਰਜਿਸਟਰੇਸ਼ਨ ਇਸ ਅੰਕੜੇ ਨੂੰ ਪਾਰ ਕਰ ਗਈ ਹੈ।

ਜਾਣਕਾਰੀ ਅਨੁਸਾਰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ 66 ਹਲਕਿਆਂ ਵਿੱਚ 50 ਹਜ਼ਾਰ ਤੋਂ ਵੱਧ ਔਰਤਾਂ ਨੇ ਰਜਿਸਟਰੇਸ਼ਨ ਕਰਵਾਈ ਹੈ। ਸਭ ਤੋਂ ਵੱਧ ਰਜਿਸਟਰੇਸ਼ਨ ਜਲਾਲਾਬਾਦ ਅਤੇ ਸਨੌਰ ਵਿਧਾਨ ਸਭਾ ਹਲਕਿਆਂ ਵਿੱਚ ਦਰਜ ਕੀਤੀ ਗਈ ਹੈ, ਜਦਕਿ ਧੂਰੀ ਹਲਕੇ ਵਿੱਚ ਵੀ ਵੱਡੀ ਗਿਣਤੀ ਵਿੱਚ ਔਰਤਾਂ ਨੇ ਯੋਜਨਾ ਦਾ ਲਾਭ ਲੈਣ ਲਈ ਨਾਮ ਦਰਜ ਕਰਵਾਇਆ ਹੈ। ਸਭ ਤੋਂ ਘੱਟ ਰਜਿਸਟਰੇਸ਼ਨ ਲੁਧਿਆਣਾ ਪੱਛਮੀ ਹਲਕੇ ਵਿੱਚ ਦਰਜ ਕੀਤੀ ਗਈ ਹੈ।

ਯੋਜਨਾ ਤਹਿਤ ਆਮ ਵਰਗ ਦੀਆਂ ਯੋਗ ਔਰਤਾਂ ਨੂੰ ਹਰ ਮਹੀਨੇ 1,000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਯੋਗ ਔਰਤਾਂ ਨੂੰ 1,500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

ਪੰਜਾਬ ਸਰਕਾਰ ਦੇ ਅਨੁਸਾਰ ਪਹਿਲੀ ਕਿਸ਼ਤ ਤਹਿਤ ਲੱਖਾਂ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਤਿੰਨ ਮਹੀਨਿਆਂ ਦੀ ਰਕਮ ਸਿੱਧੀ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ। ਇਸ ਯੋਜਨਾ ਲਈ ਹੁਣ ਤੱਕ 1,149 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ।

ਸਰਕਾਰ ਦਾ ਕਹਿਣਾ ਹੈ ਕਿ ਯੋਗ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਅਤੇ ਭੁਗਤਾਨ ਦੀ ਪ੍ਰਕਿਰਿਆ ਅੱਗੇ ਵੀ ਜਾਰੀ ਰਹੇਗੀ।