ਕੈਨੇਡਾ ਦੇ ਐਡਮਿੰਟਨ ਵਿੱਚ ਪੰਜਾਬੀ ਨੌਜਵਾਨ ਮਹਿਲਾ ਦੀ ਮੌਤ ਮਾਮਲੇ ਵਿੱਚ ਇੱਕ ਵਿਅਕਤੀ 'ਤੇ ਕਤਲ ਦਾ ਦੋਸ਼

ਐਡਮਿੰਟਨ: ਕੈਨੇਡਾ ਦੇ ਅਲਬਰਟਾ ਸੂਬੇ ਦੇ ਐਡਮਿੰਟਨ ਸ਼ਹਿਰ ਵਿੱਚ 23 ਸਾਲਾ ਪੰਜਾਬੀ ਨੌਜਵਾਨ ਮਹਿਲਾ ਦਮਨਪ੍ਰੀਤ ਕੌਰ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ 22 ਸਾਲਾ ਵਿਅਕਤੀ ਖ਼ਿਲਾਫ਼ ਸੈਕਿੰਡ-ਡਿਗਰੀ ਮਰਡਰ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਨੂੰ ਕਥਿਤ ਤੌਰ 'ਤੇ ਨਜ਼ਦੀਕੀ ਸਾਥੀ ਨਾਲ ਜੁੜੀ ਹੱਤਿਆ ਵਜੋਂ ਦਰਜ ਕੀਤਾ ਹੈ।

ਐਡਮਿੰਟਨ ਪੁਲਿਸ ਸਰਵਿਸ ਅਨੁਸਾਰ, 18 ਜੁਲਾਈ ਦੀ ਸਵੇਰ ਇੱਕ ਰਿਹਾਇਸ਼ ਤੋਂ ਐਮਰਜੈਂਸੀ ਕਾਲ ਮਿਲਣ ਉਪਰੰਤ ਪੁਲਿਸ ਅਤੇ ਐਮਰਜੈਂਸੀ ਟੀਮ ਮੌਕੇ 'ਤੇ ਪਹੁੰਚੀ। ਉੱਥੇ ਦਮਨਪ੍ਰੀਤ ਕੌਰ ਗੰਭੀਰ ਹਾਲਤ ਵਿੱਚ ਮਿਲੀ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਗਲਾ ਘੁੱਟਣਾ ਦੱਸਿਆ ਗਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਅੱਗੇ ਵਧਾਉਂਦਿਆਂ ਇੱਕ 22 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਸੈਕਿੰਡ-ਡਿਗਰੀ ਮਰਡਰ ਦਾ ਦੋਸ਼ ਲਗਾਇਆ ਹੈ। ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਇਸ ਦੌਰਾਨ, ਮ੍ਰਿਤਕਾ ਦੇ ਪਰਿਵਾਰ ਅਤੇ ਭਾਈਚਾਰੇ ਵੱਲੋਂ ਦਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਆਰਥਿਕ ਸਹਾਇਤਾ ਇਕੱਠੀ ਕਰਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ, ਤਾਂ ਜੋ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ।