ਕੈਨੇਡਾ ਦੇ ਮੋਨਕਟਨ ਵਿੱਚ ਮਹਿਲਾ 'ਤੇ ਹਮਲੇ ਦੀ ਘਟਨਾ, ਪੁਲਿਸ ਨੇ ਨਫ਼ਰਤੀ ਅਪਰਾਧ ਦੇ ਨਜ਼ਰੀਏ ਤੋਂ ਜਾਂਚ ਕੀਤੀ ਸ਼ੁਰੂ

ਮੋਨਕਟਨ (ਕੈਨੇਡਾ): ਕੈਨੇਡਾ ਦੇ ਨਿਊ ਬ੍ਰੰਜ਼ਵਿਕ ਸੂਬੇ ਦੇ ਮੋਨਕਟਨ ਸ਼ਹਿਰ ਵਿੱਚ ਇੱਕ ਮਹਿਲਾ 'ਤੇ ਹੋਏ ਕਥਿਤ ਹਮਲੇ ਦੀ ਪੁਲਿਸ ਨੇ ਸੰਭਾਵੀ ਨਫ਼ਰਤੀ ਅਪਰਾਧ (ਹੇਟ ਕ੍ਰਾਈਮ) ਦੇ ਤੌਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਪੁਲਿਸ ਮੁਤਾਬਕ ਇਹ ਘਟਨਾ ਮਾਊਂਟੇਨ ਰੋਡ ਇਲਾਕੇ ਦੀ ਇੱਕ ਪਾਰਕਿੰਗ ਵਿੱਚ ਵਾਪਰੀ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਇੱਕ ਪਰਿਵਾਰ ਨਾਲ ਹੋਈ ਬਹਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ ਅਤੇ ਮਹਿਲਾ ਨਾਲ ਕਥਿਤ ਤੌਰ 'ਤੇ ਧੱਕਾ-ਮੁੱਕੀ ਅਤੇ ਅਪਮਾਨਜਨਕ ਵਿਵਹਾਰ ਕੀਤਾ ਗਿਆ।
ਘਟਨਾ ਤੋਂ ਬਾਅਦ ਸਥਾਨਕ ਮੁਸਲਿਮ ਭਾਈਚਾਰੇ ਨੇ ਚਿੰਤਾ ਪ੍ਰਗਟਾਈ ਹੈ। ਮੋਨਕਟਨ ਮੁਸਲਿਮ ਐਸੋਸੀਏਸ਼ਨ ਨੇ ਕਿਹਾ ਕਿ ਇਸ ਘਟਨਾ ਕਾਰਨ ਭਾਈਚਾਰੇ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋਈ ਹੈ ਅਤੇ ਉਨ੍ਹਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਹੈ ਕਿ ਜਾਂਚ ਦੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਜੇਕਰ ਸਬੂਤਾਂ ਦੇ ਆਧਾਰ 'ਤੇ ਨਫ਼ਰਤੀ ਅਪਰਾਧ ਦੇ ਤੱਤ ਸਾਹਮਣੇ ਆਉਂਦੇ ਹਨ ਤਾਂ ਉਸ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।