ਦਿੱਲੀ ਅੰਦੋਲਨ ਉਪਰ ਪੈਲਟ ਗਨ ਦਾ ਕਹਿਰ *ਵਿਦਿਆਰਥੀ ਸੰਘਰਸ਼ ਉਪਰ ਪ੍ਰਸ਼ਾਸਨਿਕ ਜਬਰ ਕਿਉਂ * ਕਈ ਵਿਦਿਆਰਥੀਆਂ ਨੇ ਅੱਖਾਂ ਦੀ ਰੋਸ਼ਨੀ ਗੁਆਈ *ਕਸ਼ਮੀਰ, ਕਿਸਾਨੀ ਅੰਦੋਲਨ ਤੋਂ ਦਿੱਲੀ ਤੱਕ: ਪ੍ਰਦਰਸ਼ਨਾਂ ਨੂੰ ਦਬਾਉਣ ਲਈ 'ਘਾਤਕ' ਪੈਲਟ ਗਨ ਦਾ ਬਦਲਦਾ ਰੂਪ

 ਨਿਊਜ਼ ਸਟੋਰੀ
ਦਿੱਲੀ ਵਿੱਚ 20 ਜੁਲਾਈ 2026 ਨੂੰ &lsquoਕਾਕਰੋਚ ਜਨਤਾ ਪਾਰਟੀ&rsquo ਅਤੇ ਦੇਸ਼ ਭਰ ਤੋਂ ਆਏ ਵਿਦਿਆਰਥੀਆਂ ਵੱਲੋਂ ਪੇਪਰ ਲੀਕ ਅਤੇ ਸਿੱਖਿਆ ਪ੍ਰਣਾਲੀ ਦੀਆਂ ਖ਼ਾਮੀਆਂ ਵਿਰੁੱਧ &lsquoਚਲੋ ਸੰਸਦ&rsquo ਵਿਰੋਧ ਮਾਰਚ ਕੱਢਿਆ ਗਿਆ ਸੀ। ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲੀਸ ਅਤੇ ਰੈਪਿਡ ਐਕਸ਼ਨ ਫੋਰਸ ਵੱਲੋਂ ਭਾਰੀ ਬਲ ਪ੍ਰਯੋਗ ਕੀਤਾ ਗਿਆ ਸੀ। ਇਸ ਦੌਰਾਨ ਅੱਥਰੂ ਗੈਸ ਦੇ ਗੋਲਿਆਂ, ਲਾਠੀਚਾਰਜ ਦੇ ਨਾਲ-ਨਾਲ ਪੈਲਟ ਗੰਨ (ਛੱਰੇ ਵਾਲੀ ਬੰਦੂਕ) ਅਤੇ 'ਸ਼ੌਕ ਬੈਟਨ' (ਬਿਜਲੀ ਦਾ ਝਟਕਾ ਦੇਣ ਵਾਲੀ ਲਾਠੀ) ਦੀ ਵਰਤੋਂ ਦੇ ਗੰਭੀਰ ਦੋਸ਼ ਸਾਹਮਣੇ ਆਏ ਸਨ। ਇਸ ਹਿੰਸਕ ਝੜਪ ਵਿੱਚ 80 ਤੋਂ ਵੱਧ ਆਮ ਨਾਗਰਿਕ ਤੇ ਵਿਦਿਆਰਥੀ ਅਤੇ ਲਗਭਗ 100 ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ ਸਨ। ਇਸ ਨਾਲ ਰਾਜਧਾਨੀ ਦਾ ਮਾਹੌਲ ਤਣਾਅਪੂਰਨ ਬਣ ਗਿਆ ਸੀ।
ਪੁਲੀਸ ਦੀ ਇਸ ਦਹਿਸ਼ਤੀ ਕਾਰਵਾਈ ਕਾਰਣ ਕਈ ਨੌਜਵਾਨਾਂ ਦੀ ਜ਼ਿੰਦਗੀ ਦਾਅ 'ਤੇ ਲੱਗ ਗਈ ਹੈ। ਗੁੜਗਾਂਓਂ ਵਿਚ ਕੰਮ ਕਰਨ ਵਾਲੇ 25 ਸਾਲਾ ਇਰਸ਼ਾਦ ਮਨਸੂਰੀ ਦੇ ਛਾਤੀ, ਚਿਹਰੇ ਅਤੇ ਧੌਣ 'ਤੇ 30 ਤੋਂ 40 ਪੈਲਟ ਲੱਗੇ ਹਨ, ਜਿਨ੍ਹਾਂ ਨੂੰ ਕੱਢਣ ਲਈ ਕਈ ਸਰਜਰੀਆਂ ਕਰਨੀਆਂ ਪੈ ਰਹੀਆਂ ਹਨ। ਦਿੱਲੀ ਯੂਨੀਵਰਸਿਟੀ ਦੇ 19 ਸਾਲਾ ਵਿਦਿਆਰਥੀ ਸਾਹਿਲ ਲੋਹਚਬ ਦੀ ਸੱਜੀ ਅੱਖ ਵਿੱਚ ਪੈਲਟ ਲੱਗਣ ਕਾਰਨ ਡਾਕਟਰਾਂ ਨੇ ਉਸ ਦੀ ਅੱਖ ਦੀ ਰੋਸ਼ਨੀ ਵਾਪਸ ਆਉਣ ਦੀ ਸੰਭਾਵਨਾ ਸਿਰਫ਼ ਇੱਕ ਫ਼ੀਸਦੀ ਦੱਸੀ ਹੈ। ਇਸ ਤੋਂ ਇਲਾਵਾ, ਪ੍ਰਦਰਸ਼ਨ ਦੀ ਕਵਰੇਜ ਕਰਨ ਗਏ 28 ਸਾਲਾ ਇੱਕ ਖੇਡ ਰਿਪੋਰਟਰ ਦੀ ਪਿੱਠ ਅਤੇ ਕੂਹਣੀ ਵਿੱਚ 25-30 ਪੈਲਟ ਧੱਸ ਗਏ ਸਨ। ਕਈ ਹੋਰ ਵਿਦਿਆਰਥੀ ਆਈਸੀਯੂ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ।
ਦਿੱਲੀ ਪੁਲੀਸ ਦੇ ਨਵੀਂ ਦਿੱਲੀ ਡਿਪਟੀ ਕਮਿਸ਼ਨਰ ਨੇ ਸੋਸ਼ਲ ਮੀਡੀਆ ਰਾਹੀਂ ਪੈਲਟ ਗੰਨ ਦੇ ਇਸਤੇਮਾਲ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਇਸ ਨੂੰ ਝੂਠਾ ਪ੍ਰਚਾਰ ਦੱਸਿਆ ਸੀ। ਹਾਲਾਂਕਿ, ਹਸਪਤਾਲਾਂ ਦੇ ਮੈਡੀਕੋ-ਲੀਗਲ ਕੇਸ ਰਿਕਾਰਡ ਅਤੇ ਐਕਸ-ਰੇ ਰਿਪੋਰਟਾਂ ਵਿੱਚ ਸਰੀਰ ਦੇ ਅੰਦਰ ਸੀਸੇ ਦੇ ਛੱਰੇ (ਪੈਲਟ) ਹੋਣ ਦੀ ਪੁਸ਼ਟੀ ਹੋਈ ਹੈ। ਦਿੱਲੀ ਪੁਲੀਸ ਦੇ ਹਥਿਆਰਾਂ ਵਿੱਚ ਪੈਲਟ ਗੰਨ ਸ਼ਾਮਲ ਨਹੀਂ ਹੈ, ਪਰ ਇਹ ਕੇਂਦਰੀ ਰਿਜ਼ਰਵ ਪੁਲੀਸ ਬਲ ਦੀ ਦੰਗਾ-ਰੋਕੂ ਸ਼ਾਖਾ 'ਰੈਪਿਡ ਐਕਸ਼ਨ ਫੋਰਸ' ਦੇ ਕੋਲ ਇਹ ਖ਼ਤਰਨਾਕ ਗੰਨ ਮੌਜੂਦ ਹੈ। ਇਜ਼ਰਾਈਲੀ ਕੰਪਨੀ ਆਈਐਸਪੀਆਰਏ ਵੱਲੋਂ ਬਣਾਏ ਗਏ ਖਾਸ ਕਿਸਮ ਦੇ ਅੱਥਰੂ ਗੈਸ ਦੇ ਗੋਲੇ (ਜਿਵੇਂ 202/505 ਸੀਰੀਜ਼) ਅਤੇ ਰਾਈਫਲ ਉੱਪਰ ਫਿੱਟ ਹੋਣ ਵਾਲੇ ਲਾਂਚਰ ਪੁਲੀਸ ਅਤੇ ਅਰਧ-ਸੈਨਿਕ ਬਲਾਂ ਕੋਲ ਮੌਜੂਦ ਹਨ।ਹਾਲੀਆ ਸਾਲਾਂ ਵਿੱਚ ਭੀੜ ਉੱਪਰ ਹਵਾ ਤੋਂ ਅੱਥਰੂ ਗੈਸ ਦੇ ਗੋਲੇ ਸੁੱਟਣ ਵਾਲੇ 'ਦੰਗਾ ਰੋਕੂ ਡਰੋਨ'ਵੀ ਮੌਜੂਦ ਹੈ।
ਇਸ ਘਟਨਾ 'ਤੇ ਕੇਂਦਰੀ ਰਿਜ਼ਰਵ ਪੁਲੀਸ ਬਲ ਜਾਂ ਸੀਆਰਪੀਅਐਫ ਦੇ ਉੱਚ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ।
ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਨਿਸ਼ਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਲੋਕਤੰਤਰ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਅਧਿਕਾਰ ਸੰਵਿਧਾਨਕ ਹੈ, ਅਤੇ ਭੀੜ ਨੂੰ ਕਾਬੂ ਕਰਨ ਲਈ ਅਜਿਹੇ ਤਰੀਕਿਆਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ ਜੋ ਨਾਗਰਿਕਾਂ ਨੂੰ ਉਮਰ ਭਰ ਦਾ ਸਰੀਰਕ ਨੁਕਸਾਨ ਕਰਨ। ਸਰਕਾਰਾਂ ਨੂੰ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦਿਆਂ ਅਜਿਹੇ ਗੈਰ-ਘਾਤਕ ਵਿਕਲਪਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਨਾਗਰਿਕਾਂ ਦੀ ਸੁਰੱਖਿਆ ਨਾਲ ਸਮਝੌਤਾ ਨਾ ਕਰਨ।
Box
ਪੈਲੇਟ ਗੰਨ ਦਾ ਇਤਿਹਾਸ: ਖੇਡਾਂ ਤੋਂ ਯੁੱਧ ਦੇ ਮੈਦਾਨ ਤੱਕ
ਪੈਲੇਟ ਗਨ ਦਾ ਇਤਿਹਾਸ ਲਗਭਗ 500 ਸਾਲ ਪੁਰਾਣਾ ਹੈ। 1580 ਦੇ ਆਸ-ਪਾਸ ਯੂਰਪ ਵਿੱਚ ਪਹਿਲੀ ਮਸ਼ੀਨੀ ਏਅਰ/ਪੈਲੇਟ ਗਨ ਤਿਆਰ ਕੀਤੀ ਗਈ ਸੀ। ਬਾਅਦ ਵਿੱਚ 1890 ਦੇ ਦਹਾਕੇ ਵਿੱਚ ਇਸ ਨੂੰ ਖੇਡਾਂ ਅਤੇ ਮਨੋਰੰਜਨ ਲਈ ਵਰਤਿਆ ਜਾਣ ਲੱਗਾ। 18ਵੀਂ ਸਦੀ ਦੇ ਅਖੀਰ ਵਿੱਚ 'ਗਿਰਾਰਦੋਨੀ ਏਅਰ ਰਾਈਫਲ' ਦੇ ਰੂਪ ਵਿੱਚ ਇਸ ਦਾ ਆਧੁਨਿਕੀਕਰਨ ਹੋਇਆ ਸੀ।
ਹਾਲਾਂਕਿ, ਭੀੜ 'ਤੇ ਕਾਬੂ ਪਾਉਣ ਲਈ ਇਸ ਦੀ ਹਿੰਸਕ ਵਰਤੋਂ 20ਵੀਂ ਸਦੀ ਦੇ ਦੂਜੇ ਅੱਧ ਵਿੱਚ ਸ਼ੁਰੂ ਹੋਈ ਸੀ।
ਉੱਤਰੀ ਆਇਰਲੈਂਡ ਵਿਖੇ1970 ਦੌਰਾਨ ਬ੍ਰਿਟਿਸ਼ ਸੈਨਾ ਨੇ ਨਾਗਰਿਕ ਅਸ਼ਾਂਤੀ ('ਦ ਟਰਬਲਜ਼') ਦੌਰਾਨ ਸਭ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੈਲੇਟ ਅਤੇ ਰਬੜ ਬੁਲੇਟਸ ਦੀ ਵਰਤੋਂ ਕੀਤੀ ਗਈ ਸੀ।
ਇਜ਼ਰਾਈਲ ਨੇ 1987-1993 ਦੌਰਾਨ ਇਜ਼ਰਾਈਲੀ ਬਲਾਂ ਨੇ ਫਿਲਸਤੀਨੀ ਪ੍ਰਦਰਸ਼ਨਕਾਰੀਆਂ ਨੂੰ ਦਬਾਉਣ ਲਈ ਇਸ ਤਕਨੀਕ ਨੂੰ ਅਪਣਾਇਆ ਸੀ।
ਇਸ ਤੋਂ ਬਾਅਦ ਇਹ ਭਾਰਤੀ ਸੁਰੱਖਿਆ ਬਲਾਂ ਤੱਕ ਪਹੁੰਚੀ। ਭਾਰਤ ਵਿੱਚ 2010 ਦੌਰਾਨ ਜੰਮੂ-ਕਸ਼ਮੀਰ ਵਿੱਚ 12-ਗੇਜ ਪੰਪ-ਐਕਸ਼ਨ ਸ਼ਾਟਗੰਨ ਵਜੋਂ ਅਰਧ-ਸੈਨਿਕ ਬਲਾਂ ਦੁਆਰਾ ਇਸ ਦਾ ਪ੍ਰਯੋਗ ਕੀਤਾ ਗਿਆ ਸੀ, ਜਿਸ ਦੇ ਗੰਭੀਰ ਨਤੀਜੇ ਸਾਹਮਣੇ ਆਏ ਸਨ। ਇਸ ਨਾਲ ਹਜ਼ਾਰਾਂ ਨੌਜਵਾਨਾਂ ਅਤੇ ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ। ਇਸ ਤੋਂ ਬਾਅਦ ਹਰਿਆਣਾ ਬਾਰਡਰ 'ਤੇ ਕਿਸਾਨ ਅੰਦੋਲਨ ਦੌਰਾਨ ਵੀ ਇਸ ਦਾ ਇਸਤੇਮਾਲ ਦੇਖਣ ਨੂੰ ਮਿਲਿਆ ਸੀ। ਡਾਕਟਰਾਂ ਅਨੁਸਾਰ, ਇਹ ਬੰਦੂਕ ਇੱਕੋ ਵਾਰ ਵਿੱਚ ਸੈਂਕੜੇ ਛੋਟੇ-ਛੋਟੇ ਸੀਸੇ ਦੇ ਛੱਰੇ ਛੱਡਦੀ ਹੈ, ਜੋ ਅਨਿਸ਼ਚਿਤ ਦਿਸ਼ਾ ਵਿੱਚ ਫੈਲਦੇ ਹਨ। ਇਹ ਛੱਰੇ ਸਰੀਰ ਵਿੱਚ ਡੂੰਘੇ ਧੱਸ ਜਾਂਦੇ ਹਨ, ਜਿਸ ਨਾਲ ਅੰਨ੍ਹੇਪਣ ਤੋਂ ਇਲਾਵਾ ਸ਼ੀਸ਼ੇ ਦਾ ਜ਼ਹਿਰ ਫੈਲਣ ਦਾ ਖ਼ਤਰਾ ਰਹਿੰਦਾ ਹੈ।
ਸਾਲ 2016 ਅਤੇ 2017 ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੈਲਟ ਗੰਨ ਦੀ ਵਰਤੋਂ ਘਟਾਉਣ ਅਤੇ ਇਸ ਨੂੰ ਕੇਵਲ "ਆਖਰੀ ਵਿਕਲਪ" ਵਜੋਂ ਵਰਤਣ ਦੀ ਹਦਾਇਤ ਦਿੱਤੀ ਸੀ। ਇਸ ਦੇ ਬਾਵਜੂਦ, ਦਿੱਲੀ ਵਰਗੇ ਦੇਸ਼ ਦੇ ਦਿਲ ਵਿੱਚ ਵਿਦਿਆਰਥੀਆਂ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਦਬਾਉਣ ਲਈ ਅਜਿਹੇ ਘਾਤਕ ਹਥਿਆਰਾਂ ਦੀ ਵਰਤੋਂ ਨੇ ਹਾਕਮਾਂ ਦੀ ਮਾਨਸਿਕਤਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਆਮ ਨਾਗਰਿਕਾਂ ਅਤੇ ਮਾਨਵ ਅਧਿਕਾਰ ਸੰਸਥਾਵਾਂ ਦਾ ਕਹਿਣਾ ਹੈ ਕਿ ਅਸਹਿਮਤੀ ਦੀ ਆਵਾਜ਼ ਨੂੰ ਦਬਾਉਣ ਲਈ ਪੁਲੀਸ ਦਾ ਇਹ ਰਵੱਈਆ ਲੋਕਤੰਤਰੀ ਮੁੱਲਾਂ ਦਾ ਘਾਣ ਕਰ ਰਿਹਾ ਹੈ।ਸੰਯੁਕਤ ਰਾਸ਼ਟਰ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਵਾਰ-ਵਾਰ ਨਾਗਰਿਕਾਂ 'ਤੇ ਪੈਲੇਟ ਗੰਨ ਦੀ ਵਰਤੋਂ ਦਾ ਸਖ਼ਤ ਵਿਰੋਧ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ ਇਸ ਨਾਲ ਹੋਣ ਵਾਲਾ ਸਰੀਰਕ ਨੁਕਸਾਨ ਬਹੁਤ ਜ਼ਿਆਦਾ ਅਤੇ ਅਟੱਲ (ਸਥਾਈ) ਹੁੰਦਾ ਹੈ।
ਲੋਕਤੰਤਰੀ ਦੇਸ਼ਾਂ ਵਿੱਚ ਸ਼ਾਂਤੀਪੂਰਨ ਜਾਂ ਹਿੰਸਕ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਅਜਿਹੇ ਘਾਤਕ ਹਥਿਆਰਾਂ ਦਾ ਇਸਤੇਮਾਲ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਨਵੈਨਸ਼ਨਾਂ ਦੇ ਖ਼ਿਲਾਫ਼ ਹੈ।