image caption:

ਮੱਧਮ ਪੈ ਗਿਆ ਵਿਚੋਲੇ ਦਾ ਠਾਠ-ਬਾਠ

    ਪੰਜਾਬ ਦਾ ਸੱਭਿਆਚਾਰ ਆਪਣੇ ਵਿਰਸੇ ਅਤੇ ਵਿਰਾਸਤੀ ਗੁਣਾਂ ਕਰਕੇ ਬਲਵਾਨ ਹੈ। ਪਰ ਸਮੇਂ ਦੇ ਬਦਲੇ ਵੇਗ ਨੇ ਕਈ ਰੀਤੀ-ਰਿਵਾਜ ਅਤੇ ਵਿਰਸੇ ਦੇ ਅੰਗਾਂ ਨੂੰ ਅਤੀਤ ਦੀ ਬੁੱਕਲ ਵਿੱਚ ਛੁਪਾ ਦਿੱਤਾ ਹੈ ।ਕਈਆਂ ਦੀ ਲੋਅ ਮੱਧਮ ਪਾ ਦਿੱਤੀ ਹੈ ।ਪੰਜਾਬੀ ਵਿਰਸੇ ਵਿੱਚ ਕਈ ਰਿਸ਼ਤੇ &ndashਨਾਤੇ ਆਪਣਾ ਮਾਣਮੱਤਾ ਥਾਂ ਰੱਖਦੇ ਹਨ ਜਿਨ੍ਹਾਂ ਵਿੱਚੋਂ ਵਿਚੋਲਾ ਵੀ ਇੱਕ ਹੈ ।ਪਰ ਹੁਣ ਵਿਚੋਲੇ ਦੇ ਨਾਤੇ ਨੂੰ ਮਾਣ ਦੇਣ ਦੀ ਬਜਾਏ ਹਾਸ਼ੀਏ ਤੇ ਰੱਖਿਆ ਜਾਂਦਾ ਹੈ। ਵਿਚੋਲਾ ਅਜਿਹੀ ਥਾਂ ਰੱਖਦਾ ਸੀ ਜਿਸ ਤੋਂ ਬਿਨਾਂ ਵਿਆਹ &ndashਸ਼ਾਦੀ ਨੇਪਰੇ ਚਾੜਨੀ ਔਖੀ ਸੀ।ਵਿਚੋਲਾ ਸਮਾਜ ਵਿੱਚ ਧੁਰੋਂ ਲਿਖੇ ਸੰਯੋਗਾਂ ਨੂੰ ਮੇਲਣ ਦਾ ਸਾਧਨ ਹੁੰਦਾ ਸੀ ।ਵਿਆਹ ਤੱਕ ਦੋਵੇਂ ਪ੍ਰੀਵਾਰਾਂ ਦਾ ਚਮਕਦਾ ਸਿਤਾਰਾ ਹੁੰਦਾ ਸੀ।ਉਲਾਂਭੇ ਦੇ ਡਰੋਂ ਅਤੇ ਸਮਾਜ ਵਿੱਚ ਮਾਣ ਪਾਉਣ ਲਈ ਵਿਚੋਲਾ ਸਾਰਥਿਕ ਰੋਲ ਨਿਭਾਉਂਦਾ ਸੀ।ਮਿਲਦੇ ਮਾਣ ਦੇ ਜ਼ਰੀਏ ਠਾਠ-ਬਾਠ ਰੱਖਣਾ ਉਸ ਦੇ ਸੁਭਾਅ ਵਿੱਚ ਹੁੰਦਾ ਸੀ।
   ਪੰਜਾਬੀ ਭਾਸ਼ਾ ਅਤੇ ਸੱਭਿਆਚਾਰਕ ਤੌਰ ਤੇ ਵਿਚੋਲੇ ਨੂੰ ਕੁੜੀ-ਮੁੰਡੇ ਦਾ ਰਿਸ਼ਤਾ ਤੈਅ ਕਰਨ ਦਾ ਧਨੰਤਰ ਸਮਝਿਆ ਜਾਂਦਾ ਸੀ। ਜੋ ਕੁੜੀ ਅਤੇ ਮੁੰਡੇ ਦੇ ਪ੍ਰੀਵਾਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੁੰਦਾ ਹੈ । ਦੋਵਾਂ ਪ੍ਰੀਵਾਰਾਂ ਦੇ ਵਿੱਚ ਵਿਚਾਲੇ ਰਹਿ ਕੇ ਵਿਆਹ ਦੀਆਂ ਰਸਮਾਂ ਪੁਰੀਆਂ ਕਰਾਉਦਾ ਹੈ। ਵਿਚੋਲੇ ਨਾਲ ਕੁੜੀ-ਮੁੰਡੇ ਵਾਲਿਆਂ ਦੀ ਦੇਰ ਤੱਕ ਸਾਂਝ ਚੱਲਦੀ ਰਹਿੰਦੀ ਹੈ। ਮੇਲਣਾ ਵਿਚੋਲੇ ਤੋਂ ਕੁੜੀ ਲਈ ਵਧੀਆਂ ਵਰ ਲੱਭਣ ਦੀ ਸ਼ਿਫ਼ਾਰਸ ਸਿੱਠਣੀਆਂ ਜ਼ਰੀਏ ਕਰਦੀਆਂ ਸਨ। ਪਰ ਹੁਣ ਇਹ ਵੀ ਸਾਹਿਤ ਦੇ ਪੰਨਿਆ ਉੱਤੇ ਹੀ ਹੈ ।ਆਪਸੀ ਰਜ਼ਾਮੰਦੀ ਨਾਲ ਵਿਆਹਾਂ ਦੀ ਪ੍ਰੰਪਰਾ ਨੇ ਵਿਚੋਲੇ ਦੇ ਰੁੱਤਬੇ ਅਤੇ ਠਾਠ-ਬਾਠ ਨੂੰ ਢਾਅ ਲਾਈ ਹੈ।
ਵਿਅੰਗਆਮਤਕ ਤੌਰ ਤੇ ਵਿਚੋਲੇ ਨੂੰ ਵਿੱਚ ਓਹਲਾ ਰੱਖਣ ਵਾਲਾ  ਕਹਿ ਦਿੱਤਾ ਜਾਂਦਾ ਹੈ।ਕੁਝ ਵਿਚੋਲਿਆਂ ਵਲੋਂ ਕੁੜੀ ਵਾਲਿਆ ਨੂੰ ਕੁਝ, ਮੁੰਡੇ ਵਾਲਿਆਂ ਨੂੰ ਕੁਝ ਹੋਰ ਦੱਸਣਾ ਆਮ ਸੁਭਾਅ ਹੁੰਦਾ ਸੀ।ਜਿਸ ਦਾ ਸਿੱਧਾ ਨਤੀਜਾ  ਵਾਹ ਪਏ ਤੇ ਹੀ ਪਤਾ ਲੱਗਦਾ ਸੀ। ਅਜਿਹੀ ਕਿਸਮ ਦੇ ਵਿਚੋਲੇ ਕੁੜੀ ਵਾਲਿਆ ਨੂੰ ਦਾਜ ਦੇ ਦੈਂਤਾ ਅਤੇ ਨਸ਼ਈਆਂ ਦੇ ਲੜ ਲਾ ਕੇ ਸਮਾਜਿਕ ਰਿਸ਼ਤਿਆਂ ਨੂੰ ਜਿੱਥੇ ਤੀਲਾ&ndashਤੀਲਾ ਕਰਦੇ ਹਨ ,ਉਥੇ ਰਿਸ਼ਤੇ ਨੂੰ ਬੇ&ndashਸੁਆਦ ਵੀ ਕਰਦੇ ਹਨ। ਜਿੱਥੇ ਕੁੜੀ ਮੁੰਡੇ ਦਾ ਸੰਯੋਗ ਸਾਰਥਿਕ ਨਿਕਲੇ ਉੱਥੇ ਦੋਨੋਂ ਪ੍ਰੀਵਾਰ ਸੁੱਖ-ਦੁੱਖ ਦਾ ਸਾਂਝੀ ਬਣ ਜਾਂਦੇ ਹਨ। ਜੋ ਪ੍ਰੀਵਾਰ  ਬਾਅਦ ਵਿੱਚ ਵਿਚੋਲੇ ਦੀ ਪੁੱਛ ਪੜਤਾਲ ਨਹੀਂ ਕਰਦੇ ਉਹਨਾਂ ਸੰਬੰਧੀ ਸੱਭਿਆਚਾਰਕ ਸਿੱਠਣੀ ਮਸ਼ਹੂਰ ਹੈ:-
"ਕੁੜਮ-ਕੁੜਮ ਵਰਤਣਗੇ, ਵਿਚੋਲੇ ਬੈਠੇ ਤਰਸਣਗੇ"
  ਵਿੱਚ ਓਹਲਾ ਰੱਖਣ ਵਾਲਾ ਵਿਚੋਲਾ ਜੇ ਰਿਸ਼ਤਾ ਸਿਰੇ ਲਾ ਦੇਵੇ ਤਾਂ ਕਈ ਵਾਰ ਉਸ ਦੀ ਪੈੜ ਵੀ ਨਹੀਂ ਮਿੱਟਦੀ ਪੰਚਾਇਤਾਂ ਅਤੇ ਥਾਣਾ ਸਵਾਗਤ ਲਈ ਤਿਆਰ ਹੋ ਜਾਂਦੇ ਹਨ। ਕਈ ਸਿਆਣੇ ਅਜਿਹੇ ਵਰਤਾਰੇ ਨੂੰ ਕਿਸਮਤ ਨਾਲ ਮੇਲ ਦਿੰਦੇ ਹਨ। ਪਰ ਫਿਰ ਵੀ ਵਿਰਸੇ ਅਤੇ ਸੱਭਿਆਚਾਰ ਵਿੱਚ ਵਿਚੋਲਾ ਜਿੰਮੇਵਾਰੀ ਸਮਝ ਕੇ ਰਿਸ਼ਤੇ ਤੈਅ ਕਰਦਾ ਸੀ। ਉਸ ਨੂੰ ਸਮਾਜ ਦਾ ਡਰ ਵੀ ਹੁੰਦਾ ਸੀ। ਵਿਚੋਲੇ ਤੋਂ ਬਿਨ੍ਹਾਂ ਸਮਾਜ ਦਾ ਡਰ ਤਾਂ ਕੀ ਆਪਣਾ ਨਫ਼ਾ-ਨੁਕਸਾਨ ਵੀ ਨਹੀਂ ਦੇਖਿਆ ਜਾਂਦਾ।
   ਅੱਜ ਕੱਲ ਪੜ੍ਹੇ ਲਿਖੇ ਜ਼ਮਾਨੇ ਵਿੱਚ ਵਿਚੋਲੇ ਦਾ ਕੰਮ ਕਾਲਜਾਂ ਅਤੇ ਇੰਟਰਨੈਟ ਨੇ ਥੋੜ੍ਹਾ ਘਟਾ ਦਿੱਤਾ ਹੈ । ਪਰ ਫਿਰ ਵੀ ਕੁੜੀ ਦੇ ਮਾਂ &ndashਪਿਓ ਸਮਾਜ ਵਿੱਚ ਆਪਣੀ ਪੈਂਠ ਕਾਇਮ ਰੱਖਣ ਲਈ ਵਿਚੋਲੇ  ਪੈਦਾ ਕਰ ਲੈਂਦੇ ਹਨ। ਇੱਥੋਂ ਸਪੱਸ਼ਟ ਹੈ ਕਿ ਪੰਜਾਬੀ ਵਿਰਸੇ ਵਿੱਚ ਵਿਚੋਲੇ ਦੀ ਅਤੀ ਜਰੂਰਤ ਹੈ। ਗੱਲਬਾਤ ਤੋਰਨ ,ਦੇਖ ਦਿਖਾਈ ,ਸਾਹਾ ਚਿੱਠੀ ਅਤੇ ਆਨੰਦ ਕਾਰਜਾਂ ਦੀ ਰਸਮ ਤੱਕ ਵਿੱਚੋਲੇ  ਦੀ ਵਾਹ- ਵਾਹ ਹੁੰਦੀ ਸੀ।ਪੈਰ ਜ਼ਮੀਨ ਤੇ ਨਹੀਂ ਲੱਗਦੇ ਸਨ।ਹੁਣ ਕਈ ਵਿਚੋਲਿਆ ਦੀ ਸਰਦਾਰੀ ਡੋਲੀ ਤੁਰਨ ਸਾਰ ਹੀ ਖਤਮ ਹੋ ਜਾਂਦੀ ਹੈ ।ਭਾਗਾਂ ਭਰੇ ਵਿਚੋਲੇ ਉਹ ਹੁੰਦੇ ਹਨ ਜਿਨ੍ਹਾਂ ਦੀ ਸਾਂਝ ਦੋਵੇਂ ਪ੍ਰੀਵਾਰ ਨਾਲ ਸਦਾ ਲਈ ਜੁੜ ਜਾਂਦੀ ਹੈ।
   ਪੰਜਾਬੀ ਵਿਰਸੇ ਉੱਤੇ ਸੱਭਿਆਚਾਰ ਵਿੱਚ ਵਿਚੋਲੇ ਨੂੰ ਕਾਫੀ ਮਾਣ-ਤਾਣ ਦਿੱਤਾ ਜਾਂਦਾ ਸੀ ਪਰ ਹੁਣ ਇਸ ਦੀ ਲੋਅ ਮੱਧਮ ਪੈ ਚੁੱਕੀ ਹੈ। ਕੁੜੀ ਵਾਲਿਆਂ ਨੂੰ ਮੁੰਡੇ ਵਾਲਿਆਂ ਦਾ ਸਮਾਜ ਦੇ ਕਈ ਪੱਖਾਂ ਤੋਂ ਡਰ ਰਹਿੰਦਾ ਹੈ। ਜਿਸ ਕਰਕੇ ਵਿਚੋਲਾ ਮਾਣ- ਮੱਤੀ ਕੜੀ ਦਾ ਰੋਲ ਨਿਭਾaੁਂਦਾ ਹੈ। ਦੇਖ ਦਿਖਾਈ ਤੋਂ ਆਨੰਦ ਕਾਰਜ ਦੀ ਰਸਮ ਤੱਕ ਦੋਨੋਂ ਪ੍ਰੀਵਾਰਾਂ ਦੀ ਅੰਦਰੂਨੀ ਸਾਂਝ ਨਹੀਂ ਹੁੰਦੀ ,ਇਸ  ਸਮੇਂ ਦੌਰਾਨ ਵਿਚੋਲਾ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ ਅਜੋਕੇ ਮੁੰਡੇ ਕੁੜੀਆਂ ਨੂੰ ਬਹੁਤੀ ਵਾਰੀ ਆਪਣੇ ਫੈਸਲੇ ਲੈਣ ਦੀ ਸ਼ਕਤੀ ਦੀ ਘਾਟ ਹੁੰਦੀ ਹੈ ਜਿਸ ਕਰਕੇ ਵਿਆਹ ਤੋਂ ਬਾਅਦ ਕਿਸੇ ਨੂੰ ਕਹਿਣ ਜੋਗੇ ਨਹੀਂ ਰਹਿੰਦੇ। ਲੋੜ ਹੈ ਪੰਜਾਬੀ ਵਿਰਸੇ, ਵਿਰਾਸਤ ਅਤੇ ਸੱਭਿਆਚਾਰ ਵਿੱਚ ਵਿਚੋਲੇ ਨੂੰ ਸਾਰਥਿਕ ਭੂਮਿਕਾ ਨਿਭਾਉਣ ਦੀ ਤਾਂ ਜੋ ਕਿਸੇ ਕੁੜੀ ਦਾ, ਕਿਸੇ ਮੁੰਡੇ ਦਾ ਅਤੇ ਕਿਸੇ ਪ੍ਰੀਵਾਰ ਦਾ ਭਵਿੱਖ ਪਰੇਸ਼ਾਨੀ ਵਿੱਚ ਨਾ ਪਵੇ।

ਲੇਖਕ - ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ