image caption: ਅਕੇਸ਼ ਕੁਮਾਰ

ਆਤਮਹੱਤਿਆ ਨਾਲ ਮਰਣ ਵਾਲਿਆਂ ਦੀ ਗਿਣਤੀ ਕਤਲ ਜਾਂ ਜੰਗ ਕਾਰਨ ਮਰਣ ਵਾਲਿਆਂ ਦੀ ਕੁੱਲ ਗਿਣਤੀ ਤੋਂ ਵੀ ਜਿਆਦਾ

        ਅੱਜ ਕੱਲ੍ਹ ਦੀ ਤੇਜ਼ ਰਫਤਾਰ ਜਿੰਦਗੀ ਵਿੱਚ ਮੁਕਾਬਲੇ ਦੀ ਦੌੜ ਵੱਧਣ ਨਾਲ ਤਨਾਅ ਅਤੇ ਗੁੱਸੇ ਵਿੱਚ ਵਾਧਾ ਹੋਇਆ ਹੈ ਜਿਸ ਕਾਰਨ ਇਨਸਾਨ ਵਿੱਚ ਨਿਰਾਸ਼ਾ ਵੱਧ ਰਹੀ ਹੈ। ਇਸ ਤਨਾਅ ਅਤੇ ਨਿਰਾਸ਼ਾ ਕਾਰਨ ਪਿਛਲੇ ਕੁੱਝ ਸਾਲਾਂ ਵਿੱਚ ਆਤਮਹੱਤਿਆ ਦੀ ਸਮਾਜਿਕ ਸਮਸਿਆ ਹਰ ਉਮਰ ਦੇ ਲੋਕਾਂ ਵਿੱਚ ਹੀ ਕਾਫੀ ਵੱਧ ਗਈ ਹੈ। ਦੁਨੀਆ ਭਰ ਵਿੱਚ ਆਤਮਹੱਤਿਆ ਨਾਲ ਮਰਣ ਵਾਲਿਆਂ ਦੀ ਗਿਣਤੀ ਕਤਲ ਜਾਂ ਜੰਗ ਕਾਰਨ ਮਰਣ ਵਾਲਿਆਂ ਦੀ ਕੁੱਲ ਗਿਣਤੀ ਤੋਂ ਵੀ ਜਿਆਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਹਰ ਸਾਲ ਤਕਰੀਬਨ 10 ਲੱਖ ਲੋਕ ਆਤਮਹੱਤਿਆ ਕਰਕੇ ਮਰ ਜਾਂਦੇ ਹਨ। ਵਿਸ਼ਵ ਭਰ ਵਿੱਚ ਆਤਮਹੱਤਿਆ ਨਾਲ ਮਰਣ ਵਾਲਿਆਂ ਦੀ ਦਰ ਇੱਕ ਲੱਖ ਮਗਰ 16 ਹੈ ਯਾਨੀ ਹਰ 40 ਸੈਕਿੰਡ ਵਿੱਚ ਇੱਕ ਮੌਤ। ਪਿਛਲੀ ਅੱਧੀ ਸਦੀ ਵਿੱਚ ਆਤਮਹੱਤਿਆ ਦੀ ਦਰ ਵਿੱਚ 60 ਫ਼ੀਸਦੀ ਦਾ ਵਾਧਾ ਹੋਇਆ ਹੈ। ਜੇ ਅਜਿਹਾ ਹਾਲ ਰਿਹਾ ਤਾ 2020 ਤੱਕ ਇਹ ਆਂਕੜਾ 15 ਲੱਖ ਤੱਕ ਪਹੁੰਚ ਜਾਵੇਗਾ। ਕਈ ਦੇਸ਼ਾਂ ਵਿੱਚ 15-44 ਸਾਲ ਦੀ ਉਮਰ ਦੇ ਲੋਕਾਂ ਦੀ ਮੌਤ ਦੇ ਕਾਰਨਾਂ ਵਿੱਚ ਆਤਮਹੱਤਿਆ ਪਹਿਲੇ ਤਿੰਨ ਕਾਰਨਾਂ ਵਿੱਚੋਂ ਇੱਕ ਹੈ ਤੇ 10-24 ਸਾਲ ਦੀ ਉਮਰ ਵਾਲਿਆਂ ਦੀ ਮੌਤ ਦੇ ਪ੍ਰਮੁੱਖ ਦੋ ਕਾਰਨਾਂ ਵਿੱਚੋਂ ਇੱਕ ਹੈ। ਇਹਨਾਂ ਆਂਕੜਿਆਂ ਵਿੱਚ ਆਤਮਹੱਤਿਆ ਦੀ ਕੋਸ਼ਿਸ਼ ਕਰਣ ਵਾਲਿਆਂ ਦੇ ਆਂਕੜੇ ਸ਼ਾਮਲ ਨਹੀਂ ਹਨ ਜੋਕਿ ਅਨੁਮਾਨ ਮੁਤਾਬਕ ਆਤਮਹੱਤਿਆ ਨਾਲ ਹੋਣ ਵਾਲੀਆਂ ਮੌਤਾਂ ਦਾ 10-20 ਗੁਣਾ ਹੋ ਸਕਦਾ ਹੈ। ਨੋਜਵਾਨਾਂ ਵਿੱਚ ਆਤਮਹੱਤਿਆ ਇੱਕ ਵੱਡਾ ਖਤਰਾ ਬਣ ਕੇ ਸਾਮਣੇ ਆਈ ਹੈ। ਯੁਰੋਪ ਅਤੇ ਉਤਰੀ ਅਮਰੀਕਾ ਵਿੱਚ ਦਿਮਾਗੀ ਸੰਤੁਲਨ ਵਿੱਚ ਕਮੀ ਯਾਨੀ ਕਿ ਤਨਾਵ ਅਤੇ ਨਸ਼ਾ ਆਤਮਹੱਤਿਆ ਦਾ ਕਾਰਨ ਬਣਦੇ ਹਨ ਪਰ ਏਸ਼ੀਆਈ ਦੇਸ਼ਾਂ ਵਿੱਚ ਗੁੱਸਾ, ਆਵੇਗ ਅਤੇ ਉਤੇਜਨਾ ਇਸ ਦਾ ਮੁੱਖ ਕਾਰਨ ਹੈ।
      ਪਿਛਲੇ ਕੁੱਝ ਸਮੇਂ ਤੋਂ ਨੋਜਵਾਨਾਂ ਵਲੋਂ ਆਤਮਹੱਤਿਆ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਤੇ ਇਸ ਦਾ ਮੁੱਖ ਕਾਰਨ ਸਿਖਿਆ ਅਤੇ ਰੋਜ਼ਗਾਰ ਦੇ ਖੇਤਰ ਵਿੱਚ ਵੱਧ ਰਿਹਾ ਮੁਕਾਬਲਾ ਹੈ। ਮਾਂ ਬਾਪ ਅਤੇ ਅਧਿਆਪਕਾਂ ਵਲੋਂ ਬੱਚਿਆਂ ਉਤੇ ਵੱਧ ਤੋਂ ਵੱਧ ਨੰਬਰ ਲਿਆਉਣ ਅਤੇ ਹਰ ਮੁਕਾਬਲੇ ਵਿੱਚ ਅੱਗੇ ਰਹਿਣ ਦਾ ਦਬਾਅ ਪਾਇਆ ਜਾਂਦਾ ਹੈ ਪਰ ਜਦੋਂ ਬੱਚਾ ਇਸ ਦਬਾਅ ਨੂੰ ਝੱਲ ਨਹੀਂ ਪਾਉਂਦਾ ਜਾਂ ਸਭ ਦੀਆਂ ਉਮੀਦਾਂ ਮੁਤਾਬਕ ਸਫਲਤਾ ਹਾਸਲ ਨਹੀਂ ਕਰ ਪਾਉਂਦਾ ਤਾਂ ਮਾਂ ਬਾਪ ਅਤੇ ਸਮਾਜ ਦਾ ਸਾਮਣਾ ਕਰਣ ਤੋਂ ਡਰਦਿਆਂ ਹੋਏ ਕੁਝ ਬੱਚਿਆਂ ਵੱਲੋਂ ਆਤਮਹੱਤਿਆ ਦਾ ਰਾਹ ਚੁਣ ਲਿਆ ਜਾਂਦਾ ਹੈ। ਇਸੇ ਤਰਾਂ੍ਹ ਕਈ ਸਾਲਾਂ ਦੀ ਮਿਹਨਤ ਅਤੇ ਪੜਾਈ ਤੋਂ ਬਾਦ ਜੱਦ ਉਸਨੂੰ ਆਪਣੀ ਸਿਖਿਆ ਅਤੇ ਹੁਨਰ ਮੁਤਾਬਕ ਨੌਕਰੀ ਨਹੀਂ ਮਿਲਦੀ ਤਾਂ ਹਤਾਸ਼ ਹੋਕੇ ਉਸਨੂੰ ਆਪਣੀ ਜਿੰਦਗੀ ਵਿੱਚ ਆਤਮਹੱਤਿਆ ਤੋਂ ਇਲਾਵਾ ਕੋਈ ਰਸਤਾ ਨਹੀਂ ਸੁਝਦਾ।
       1980 ਤੋਂ ਹੁਣ ਤੱਕ ਭਾਰਤ ਵਿੱਚ ਆਤਮਹੱਤਿਆ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ। 1980 ਵਿੱਚ ਇਹ ਦਰ ਇੱਕ ਲੱਖ ਮਗਰ 6.3 ਦੀ ਸੀ (ਮਰਦਾਂ ਦੀ ਦਰ 7.3 ਤੇ ਔਰਤਾਂ ਦੀ 5.3) ਜੋਕਿ ਵੱਧ ਕੇ 2009 ਵਿੱਚ 10.5 (ਮਰਦ 13.0 ਤੇ ਔਰਤਾਂ 7.8) ਹੋ ਗਈ ਹੈ। ਯਾਨੀ ਆਤਮਹੱਤਿਆ ਦੇ ਮਾਮਲੇ ਲਗਾਤਾਰ ਵਧੇ ਹਨ। ਨੈਸ਼ਨਲ ਇਨਸਟੀਚਉਟ ਆੱਫ ਮੈਂਟਲ ਹੈਲਥ ਐਂਡ ਨਿਉਰੋ ਸਾਂਇਸੰਸ (ਐਨ.ਆਈ.ਐਮ.ਐਚ.ਏ.ਐਨ.ਐਸ) ਦੀ ਰਿਪੋਰਟ ਮੁਤਾਬਕ ਆਤਮਹੱਤਿਆ ਕਾਰਣ ਮਰਣ ਵਾਲੇ ਅਤੇ ਆਤਮਹੱਤਿਆ ਦੀ ਕੋਸ਼ਿਸ਼ ਕਰਣ ਵਾਲਿਆਂ ਦਾ ਅਨੁਪਾਤ 1:8 ਦਾ ਯਾਨੀ ਹਰ ਇੱਕ ਮੌਤ ਮਗਰ 8 ਲੋਕਾਂ ਵਲੋਂ ਮਰਣ ਦੀ ਕੋਸ਼ਿਸ਼ ਦਾ ਸੀ। ਇਸਤੋਂ ਇਲਾਵਾ ਆਤਮਹੱਤਿਆ ਕਰਣ ਵਾਲੇ ਜਾਂ ਇਸਦੀ ਕੋਸ਼ਿਸ਼ ਕਰਣ ਵਾਲਿਆਂ 'ਚੋਂ ਦੋ ਤਿਹਾਈ ਮੱਧਮ ਜਾਂ ਨਿਮਨ ਵਰਗ ਦੇ ਸਨ। ਆਂਕੜਿਆਂ ਤੋਂ ਇੱਕ ਹੋਰ ਤੱਥ ਸਾਮਣੇ ਆਇਆ ਹੈ ਕਿ ਇੱਕ ਚੋਥਾਈ ਮਾਮਲਿਆਂ ਵਿੱਚ ਆਤਮਹਤਿਆਂ ਜਾਂ ਇਸਦੀ ਕੋਸ਼ਿਸ਼ ਉਸ ਸਮੇਂ ਕੀਤੀ ਗਈ ਜਦੋਂ ਆਸ ਪਾਸ ਕੋਈ ਨਹੀਂ ਸੀ।
ਨੌਜਵਾਨਾਂ ਵਿੱਚ ਵੱਧ ਰਹੇ ਆਤਮਹੱਤਿਆ ਦੇ ਰੁਝਾਨ ਨੂੰ ਰੋਕਣ ਲਈ ਜਰੂਰੀ ਹੈ ਕਿ ਉਹਨਾਂ ਤੇ ਜਿਆਦਾ ਦਬਾਅ ਨਾ ਪਾਇਆ ਜਾਵੇ। ਹਰ ਬੱਚੇ ਵਿੱਚ ਆਪਣੀ ਅਲਗ ਕਾਬਲਿਅਤ ਹੁੰਦੀ ਹੈ ਤੇ ਉਹ ਉਸ ਅਨੁਸਾਰ ਹੀ ਨਤੀਜੇ ਵੀ ਲਿਆਉਂਦਾ ਹੈ। ਵੈਸੇ ਵੀ ਹਰ ਬੱਚਾ ਤਾਂ ਪਹਿਲੇ ਨੰਬਰ ਤੇ ਨਹੀਂ ਆ ਸਕਦਾ। ਇਸ ਲਈ ਜਰੂਰੀ ਹੈ ਕਿ ਮਾਂ ਬਾਪ ਬੱਚੇ ਦੀ ਕਾਬਲਿਅਤ ਤੇ ਰੁਝਾਨ ਨੂੰ ਸਮਝਦੇ ਹੋਏ ਉਸਤੇ ਆਪਣੀਆਂ ਉਮੀਦਾਂ ਜਰੂਰਤ ਤੋਂ ਜਿਆਦਾ ਨਾ ਥੋਪਣ ਤਾਂ ਜੋ ਕੱਲ੍ਹ ਨੂੰ ਨਾਕਾਮਯਾਬ ਹੋਣ ਤੇ ਬੱਚਾ ਉਹਨਾਂ ਦਾ ਸਾਮਣਾ ਕਰਣ ਤੋਂ ਡਰਦਾ ਹੋਇਆ ਕੋਈ ਗਲਤ ਕਦਮ ਚੁੱਕੇ।
      ਇਸ ਸਭ ਨੂੰ ਰੋਕਣ ਵਿੱਚ ਮੀਡੀਆ ਵੀ ਵੱਡਾ ਯੋਗਦਾਨ ਪਾ ਸਕਦਾ ਹੈ। ਅਗਰ ਮੀਡੀਆ ਆਤਮਹੱਤਿਆ ਕਰਨ ਦੇ ਕਾਰਨਾਂ ਅਤੇ ਉਸ ਤੋਂ ਬਚਾਅ ਦੇ ਉਪਰਾਲਿਆਂ ਉਪਰ ਜੋਰ ਦੇਵੇ ਤਾਂ ਇਹ ਆਂਕੜਾ ਘੱਟ ਸਕਦਾ ਹੈ। ਵੈਸੇ ਵੀ ਕਿਹਾ ਗਿਆ ਹੈ ਕਿ ਜਿੰਦਗੀ ਸੰਘਰਸ਼ ਦਾ ਦੁਸਰਾ ਨਾਮ ਹੈ। ਅਗਰ ਸੰਘਰਸ ਤੋਂ ਡਰ ਕੇ ਜੀਨਾ ਛੱਡ ਦੇਵਾਂਗੇ ਤਾਂ ਆਉਣ ਵਾਲੀ ਪੀੜੀ ਕਿਸ ਤਰ੍ਹਾਂ ਮਾਫ ਕਰ ਪਾਵੇਗੀ। ਇਨਸਾਨ ਦਾ ਕੰਮ ਹੈ ਕਰਮ ਕਰਨਾ। ਹਤਾਸ਼ਾ ਛੱਡ ਕੇ ਪੁਰੇ ਮਨ ਤੇ ਸੱਚੀ ਲਗਨ ਨਾਲ ਮਿਹਨਤ ਕੀਤੀ ਜਾਵੇ ਤਾਂ ਪਰਮਾਤਮਾ ਦੀ ਕ੍ਰਿਪਾ ਨਾਲ ਕਦੇ ਨਾ ਕਦੇ ਸਫਲਤਾ ਵੀ ਜ਼ਰੂਰ ਮਿਲੇਗੀ ਹੀ।

ਅਕੇਸ਼ ਕੁਮਾਰ