image caption:

ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਜੂਨ 84 ਦਾ ਸਰਕਾਰੀ ਹਮਲਾ ਸਿੱਖਾਂ ਦੀ ਨਸਲਕੁਸ਼ੀ

ਅਵਤਾਰ ਸੰਘ ਮਿਸ਼ਨਰੀ (5104325827)

ਬ੍ਰਾਹਮਣਵਾਦ ਤੇ ਤਰਕ ਗਿਆਨ ਦੀ ਜੰਗ ਭਾਵੇਂ ਸਦੀਆਂ ਤੋਂ ਚੱਲ ਰਹੀ ਸੀ ਪਰ ਜੋ ਝਟਕਾ ਇਸ ਨੂੰ ਕ੍ਰਾਂਤੀਕਾਰੀ ਭਗਤਾਂ ਅਤੇ ਸਿੱਖ ਗੁਰੂ ਸਹਿਬਾਨਾਂ ਨੇ ਦਿੱਤਾ ਉਸ ਨਾਲ ਇਸ ਦਾ ਲੱਕ ਟੁੱਟ ਗਿਆ ਅਤੇ ਆਮ ਜਨਤਾ ਉੱਚ ਜਾਤੀ ਬਾਮਣਾਂ, ਪੁਜਾਰੀਆਂ, ਮੁਲਾਂ ਮੌਲਾਣਿਆਂ ਅਤੇ ਸਿੱਧ ਜੋਗੀਆਂ ਦੇ ਕਰਮਕਾਂਡੀ, ਅੰਧਵਿਸ਼ਵਾਸ਼, ਛੂਆ-ਛਾਤ, ਜਾਤ-ਪਾਤ ਅਤੇ ਅਗਿਆਨਤਾ ਦੇ ਜੂਲੇ ਚੋਂ ਬਾਹਰ ਨਿਕਲ ਕੇ ਸਿਰ ਉੱਚਾ ਕਰ ਸਵੈਮਾਨ ਨਾਲ ਜੀਣਾ ਸਿੱਖ ਚੁੱਕੀ ਸੀ। ਇਸ ਜੰਗ ਵਿਰੁੱਧ ਦਸ ਗੁਰੂ ਸਹਿਬਾਨ ਨੂੰ ਲੰਬਾ ਸਮਾ ਲਾਉਣਾ ਪਿਆ। ਇਸ ਵਿੱਚ ਗੁਰੂ ਅਰਜਨ ਸਹਿਬ ਪਹਿਲੇ ਸ਼ਹੀਦ ਹੋਏ, ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਲੜਨੀਆਂ ਪਈਆਂ। ਗੁਰੂ ਤੇਗ ਬਹਦਰ ਨੂੰ ਧਰਮ ਲਈ ਆਪਾ ਵਾਰਨਾਂ ਪਿਆ, ਚਾਰ ਸਹਿਬਜ਼ਾਦੇ, ਪੰਜ ਪਿਆਰੇ, ਗੁਰੂ ਗੋਬਿੰਦ ਸਿੰਘ, ਮਾਤਾ ਗੁਜਰ ਕੌਰ, ਮਾਤਾ ਭਾਗ ਕੌਰ, ਬੀਬੀ ਸ਼ਰਨ ਕੌਰ, ਬਾਬਾ ਸੰਗਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਭਾ ਮਨੀ ਸਿੰਘ, ਬਾਬਾ ਦੀਪ ਸਿੰਘ, ਜੱਸਾ ਸਿੰਘ ਆਹਲੂਵਾਲੀਆਂ ਤੇ ਰਾਮਗੜੀਆ, ਅਕਾਲੀ ਫੂਲਾ ਸਿੰਘ, ਸ੍ਰæ ਸ਼ਾਮ ਸਿੰਘ ਅਟਾਰੀ ਅਤੇ ਹੋਰ ਬੇਅੰਤ ਸਿੰਘ, ਸਿੰਘਣੀਆਂ, ਬੱਚਿਆਂ ਅਤੇ ਬਜੁਰਗਾਂ ਨੂੰ ਸ਼ਹੀਦ ਹੋਣਾ ਪਿਆ।  
ਪਹਿਲੇ ਜੰਗਲੀਂ ਰਹਿ ਘਰ-ਘਾਟ ਤੇ ਫਿਰ ਆਪਸੀ ਫੁੱਟ ਕਰਕੇ ਸਿੱਖ ਰਾਜ, ਗੁਰਧਾਮ ਗਵਾਏ। ਪੁਜਾਰੀਵਾਦ ਇੱਕ ਵਾਰ ਫਿਰ ਉਦਾਸੀ, ਨਿਰਮਲੇ ਆਦਿਕ ਬ੍ਰਾਹਮਣੀ ਮਹੰਤਾਂ ਦੇ ਰੂਪ ਚ ਗੁਰਧਾਮਾਂ ਤੇ ਕਾਬਜ ਹੋ ਗਿਆ। ਫਿਰ ਸਿੰਘ ਸਭਾ ਲਹਿਰ ਦੇ ਰੂਪ ਚ ਸਿੱਖਾਂ ਨੇ ਭਾਰੀ ਕੁਰਬਾਨੀਆਂ ਦੇ ਗੁਰਧਾਮ ਅਜ਼ਾਦ ਕਰਵਾਏ। ਸ੍ਰæ ਭਗਤ ਸਿੰਘ, ਸ੍ਰæ ਊਧਮ ਸਿੰਘ, ਰਾਜਗੁਰੂ ਵਰਗੇ ਅਨੇਕਾਂ ਸਿੱਖ, ਮੁਸਲਿਮ ਅਤੇ ਹਿੰਦੂ ਵੀਰਾਂ ਨੇ ਬ੍ਰਿਟਸ਼ ਤੋਂ ਭਾਰਤ ਨੂੰ ਅਜ਼ਾਦ ਕਰਵਾਇਆ ਪਰ ਲੀਡਰ ਫਿਰ ਕਪਟੀ ਤੇ ਚਲਾਕ ਬਾਮਣ ਹੀ ਬਣਿਆਂ। ਮੁਸਲਿਮ ਲੀਡਰ ਦੀ ਸਿਆਣਪ ਨਾਲ ਅਲੱਗ ਅਜ਼ਾਦ ਹੋ ਗਏ ਪਰ ਸਿੱਖਾਂ ਦੇ ਗੁਰਮਤਿ ਗਿਆਨ ਵਿਹੂਣੇ ਲੀਡਰਾਂ ਨੇ ਫਿਰ ਬਾਮਣ ਭਾਊ ਦੀ ਸਰਦਾਰੀ ਕਬੂਲ ਲਈ ਤੇ ਕੁਝ ਸਮੇ ਬਾਅਦ ਹੀ ਬਾਮਣ ਸਰਕਾਰ ਨੇ ਸਿੱਖਾਂ ਨੂੰ ਜ਼ਰਾਇਮਪੇਸ਼ਾ ਕੌਮ ਗਰਦਾਨ ਦਿੱਤਾ। ਫਿਰ ਪੰਜਾਬੀ ਸੂਬੇ ਤੇ ਵੱਧ ਅਧਿਕਾਰਾਂ ਦੀ ਲੜਾਈ ਚੱਲੀ ਜਿਸ ਵਿੱਚ ਵੀ ਮਹਾਂ ਪੰਜਾਬ ਨਾਲੋਂ  ਹਿਮਾਚਲ, ਹਰਿਆਣਾ, ਦਿੱਲੀ ਆਗਰਾ ਤੇ ਗੰਗਾਨਗਰ ਆਦਿਕ ਪੰਜਾਬੀ ਤੇ ਸਿੱਖ ਵਸੋਂ ਵਾਲੇ ਇਲਾਕੇ ਕੱਟ ਕੇ ਛੋਟੀ ਜਿਹੀ ਪੰਜਾਬੀ ਸੂਬੀ ਦੇ ਦਿੱਤੀ ਪਰ ਸਿੱਖਾਂ ਤੇ ਪੰਜਾਬੀਆਂ ਨਾਲ ਵਿਤਕਰਾ ਓਵੇਂ ਹੀ ਜਾਰੀ ਰਿਹਾ, ਪੰਜਾਬੀ ਸੂਬੇ ਨੂੰ ਪੂਰੇ ਅਧਿਕਾਰ ਨਾ ਦਿੱਤੇ ਗਏ। ਪੰਜਾਬੀ ਮਾਂ ਬੋਲੀ ਨੂੰ ਦਰ ਕਿਨਾਰ ਰੱਖਿਆ, ਸਰਕਾਰੀ ਨੌਕਰੀਆਂ ਚ ਭਾਰੀ ਵਿਤਕਰਾ ਕੀਤਾ ਗਿਆ। ਇਸ ਦੇ ਫਲਸ ਰੂਪ ਪੰਜਾਬ ਦੇ ਨੌਜਵਾਨ ਬੇਰੁਜਗਾਰ ਹੋ ਗਏ। ਜਦ ਪੰਜਾਬ ਦੀ ਕੋਈ ਵੀ ਹੱਕੀ ਮੰਗ ਕੇਂਦਰ ਸਰਕਾਰ ਨੇ ਨਾਂ ਮੰਨੀ ਤਾਂ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਧਰਮ ਯੁੱਧ ਮੋਰਚਾ ਲਾਉਣਾ ਤੇ ਵੱਧ ਅਧਿਕਾਰਾਂ ਲਈ ਅਨੰਦਪੁਰ ਦਾ ਮਤਾ ਪਾਸ ਕਰਨਾ ਪਿਆ। ਜਦ ਸਰਕਾਰ ਨੇ ਪੰਜਾਬੀਆਂ ਨੂੰ ਹੋਰ ਜਲੀਲ ਕੀਤਾ ਤਾਂ ਬੇਰੁਗਾਰ ਜਵਾਨਾਂ ਨੇ ਹਥਿਆਰ ਚੁੱਕ ਲਏ। ਭਾਰਤ ਸਰਕਾਰ ਘਬਰਾ ਗਈ ਤੇ ਉਸ ਨੇ ਇਸ ਮੂਵਮੈਂਟ ਨੂੰ ਫੇਲ ਕਰਨ ਲਈ ਸਿੰਘਾਂ ਦੇ ਰੂਪ ਚ ਆਪਣੇ ਜਸੂਸ ਵਾੜ ਦਿੱਤੇ ਜਿੰਨ੍ਹਾਂ ਨੇ ਡਾਕੇ ਮਾਰੇ, ਧੀਆਂ ਭੈਣਾਂ ਦੀਆਂ ਇਜ਼ਤਾ ਲੁੱਟੀਆਂ ਤੇ ਬੱਸਾਂ ਆਦਿਕ ਚੋਂ ਕੱਢ ਕੱਢ ਹਿੰਦੂ ਮਾਰੇ। ਜੁਝਾਰੂ ਆਗੂਆਂ ਚ ਫੁੱਟ ਪਾਈ ਤੇ ਬਹੁਤੇ ਝੂਠੇ ਮੁਕਾਬਲਿਆਂ ਮਰਾ ਤੇ ਫੜਾ ਦਿੱਤੇ। ਫਿਰ ਬਾਬਾ ਜਰਨੈਲ ਸਿੰਘ ਰੋਡੇ ਨੇ ਕਮਾਂਡ ਸੰਭਾਲ ਲਈ ਜੋ ਪਹਿਲੇ ਸਿਰਫ ਇੱਕ ਸੰਪਰਦਾ ਦਾ ਮੁਖੀ ਸੀ ਨੇ ਸੰਪਰਦਾ ਤੋਂ ਉੱਪਰ ਉੱਠ, ਜਨਰਲ ਸ਼ੁਬੇਗ ਸਿੰਘ ਨੂੰ ਨਾਲ ਲੈ, ਭਾਰਤੀ ਜ਼ਾਲਮ ਸਰਕਾਰ ਵਿਰੁੱਧ ਧੂਆਂਧਾਰ ਪ੍ਰਚਾਰ ਸ਼ੁਰੂ ਕਰ ਦਿੱਤਾ ਅਤੇ ਜੁਝਾਰੂਆਂ ਨੇ ਪੰਜਾਬ ਚ ਸਮਾਜ ਸੁਧਾਰ ਲਹਿਰ ਚਲਾ ਦਿੱਤੀ ਇੰਦਰਾ ਦੀ ਬਾਮਣੀ ਸਰਕਾਰ ਨੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਸਤੇ ਪੰਜਾਬ ਚ ਕਰਫਿਊ ਲਾ, ਜੂਨ 84 ਨੂੰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਇਕਦਮ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ 37 ਗੁਰਦੁਆਰਿਆਂ ਗੁਰਧਾਮਾਂ ਤੇ ਤੋਪਾਂ ਟੈਕਾਂ ਸਟੇਨ ਗੰਨਾਂ ਨਾਲ ਲੈਸ ਫੌਜੀ ਹਮਲਾ ਕਰ ਦਿੱਤਾ।
ਇਹ ਕਹਿਰੀ ਹਮਲਾ 20ਵੀਂ ਸਦੀ ਵਿੱਚ ਲੜੀਆਂ ਗਈਆਂ ਦੁਨੀਆਂ ਦੀਆਂ ਅਣਸਾਂਵੀਆਂ ਜੰਗਾਂ ਵਿਚੋਂ ਇਕੋ ਸੀ। ਜੰਗੀ ਰਣਨੀਤੀ ਦੇ ਮਾਹਰ ਜੇ ਐਫ਼ ਫੁੱਲਰ ਦੀ ਪੁਸਤਕ ਪੱਛਮੀ ਦੁਨੀਆਂ ਦੇ ਨਿਰਣੈਜਨਕ ਜੰਗ ਦੇ ਅਧਿਐਨ ਉਪ੍ਰੰਤ ਵੀ ਅਜਿਹੀ ਕਿਸੇ ਜੰਗ ਦੀ ਕੋਈ ਮਿਸਾਲ ਨਹੀਂ ਮਿਲਦੀ ਜੋ ਦੋ ਅਣਸਾਂਵੀਆਂ ਜੰਗਾਂ ਸਿੱਖਾਂ ਵਲੋਂ ਲੜੀਆਂ ਗਈਆਂ ਸਨ। ਇੱਕ ਅਠਾਰਵੀਂ ਸਦੀ ਵਿੱਚ 21 ਦਸੰਬਰ 1704 ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਤੇ ਦੂਜੀ ਬਾਬਾ ਜਰਨੈਲ ਸਿੰਘ ਦੀ ਅਗਵਾਈ ਹੇਠ 3 ਜੂਨ ਤੋਂ 6 ਜੂਨ ਤੱਕ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਵਿੱਚ ਭਾਰਤ ਦੀ ਅਤਿ ਆਧੁਨਿਕ ਫੌਜ ਨਾਲ ਲੜੀ ਗਈ ਸੀ।
ਜਦ 19 ਦਸੰਬਰ 1704 ਦੀ ਕਾਲੀ ਬੋਲੀ ਰਾਤ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਗਿਆ ਤਾਂ ਸਰਸਾ ਨਦੀ ਦੇ ਕੰਢੇ ਪਰ ਮੁਗਲ ਫੌਜਾਂ ਨਾਲ ਹੋਏ ਖੂਨੀ ਜੰਗ ਵਿੱਚ ਹਜ਼ਾਰਾਂ ਸਿੰਘ ਸ਼ਹੀਦ ਹੋ ਗਏ ਸਨ ਤੇ ਸਾਰਾ ਪਰਿਵਾਰ ਖੇਰੂੰ ਖੇਰੂੰ ਹੋ ਗਿਆ ਸੀ। ਗੁਰੂ ਸਾਹਿਬ ਜੀ ਦੇ ਮਹਿਲ ਮਾਤਾਵਾਂ ਦਿੱਲੀ ਵੱਲ ਚਲੇ ਗਏ ਸਨ ਤੇ ਮਾਤਾ ਗੁਜ਼ਰ ਕੌਰ ਸਮੇਤ ਛੋਟੇ ਸਾਹਿਬਜ਼ਾਦੇ ਭਾæ ਜ਼ੋਰਾਵਰ ਸਿੰਘ ਅਤੇ ਭਾæ ਫਤਿਹ ਸਿੰਘ ਗੰਗੂ ਬਾਹਮਣ ਨਾਲ ਉਸ ਦੇ ਪਿੰਡ ਵੱਲ ਚਲੇ ਗਏ।
20 ਦਸੰਬਰ ਦਾ ਦਿਨ ਅਤੇ ਰਾਤ ਮੁਗਲ ਫ਼ੌਜਾਂ ਅਤੇ ਸਿੰਘਾਂ ਵਿਚਕਾਰ ਗਹਿ-ਗੱਚ ਭਿਆਨਕ ਲੜਾਈ ਹੁੰਦੀ ਰਹੀ। ਅਖ਼ੀਰ ਚਾਲੀ ਕੁ ਸਿੰਘ ਹੀ ਬਚੇ ਸਨ, ਜਿਨ੍ਹਾਂ ਸਮੇਤ ਗੁਰੂ ਜੀ 21 ਦਸੰਬਰ ਨੂੰ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਆ ਡਟੇ ਸਨ। ਉਸ ਵਕਤ ਦੇ ਇਤਿਹਾਸਕਾਰਾਂ ਅਨੁਸਾਰ ਮੁਗਲ ਫੌਜਾਂ ਦੀ ਗਿਣਤੀ ਦਸ ਲੱਖ ਦੇ ਕਰੀਬ ਸੀ। ਸਿੰਘਾਂ ਵਲੋਂ ਕੀਤੇ ਗਏ ਗੁਰਮਤੇ ਨੂੰ ਸਿਰ ਮੱਥੇ ਪ੍ਰਵਾਨ ਕਰਦੇ, ਗੁਰੂ ਸਾਹਿਬ ਤਾਂ ਗੜ੍ਹੀ ਦਾ ਘੇਰਾ ਤੋੜ, ਪੰਜ ਸਿੰਘਾਂ ਸਮੇਤ ਮਾਛੀਵਾੜੇ ਵੱਲ ਚਲੇ ਗਏ ਤੇ ਇਧਰ 22 ਨਵੰਬਰ ਚਮਕੌਰ ਦੀ ਗੜ੍ਹੀ ਦੇ ਸਾਹਮਣੇ ਮੈਦਾਨ ਵਿੱਚ ਸਿੰਘਾਂ ਅਤੇ ਮੁਗਲ ਫੌਜਾਂ ਦਰਮਿਆਨ ਦੁਨੀਆਂ ਦਾ ਅਣਸਾਵਾਂ ਯੁੱਧ ਲੜਿਆ ਗਿਆ। 5-5 ਦੀ ਗਿਣਤੀ ਵਿੱਚ ਸਿੰਘ ਗੜ੍ਹੀ ਵਿਚੋਂ ਨਿਕਲ ਕੇ ਮੁਗਲ ਫੌਜਾਂ ਪਰ ਟੁੱਟ ਪੈਂਦੇ ਤੇ ਸੈਂਕੜੇ ਮੁਗਲਾਂ ਨੂੰ ਪਾਰ ਬਲਾ ਕੇ ਆਪ ਵੀ ਮੈਦਾਨ ਏ ਜੰਗ ਵਿੱਚ ਸ਼ਹੀਦ ਹੋ ਜਾਂਦੇ ਸਨ। ਸ਼ਾਮ ਤੱਕ ਇਸ ਜੰਗ ਵਿੱਚ ਗੁਰੂ ਸਾਹਿਬਾਨ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦਿਆਂ, ਭਾæ ਅਜੀਤ ਸਿੰਘ, ਭਾæ ਜੁਝਾਰ ਸਿੰਘ ਸਮੇਤ ਭਾ, ਜੀਵਨ ਸਿੰਘ ਅਤੇ ਭਾæ ਸੰਗਤ ਸਿੰਘ ਵਰਗੇ ਚਾਲੀ ਕੁ ਸਿੰਘ ਸ਼ਹੀਦ ਹੋ ਗਏ। ਇਹ ਦੁਨੀਆ ਦੀ ਨਿਰਣੈਜਨਕ ਜੰਗ ਸੀ, ਭਾਵੇਂ ਜਿੱਤ ਮੁਗਲ ਫੌਜਾਂ ਦੀ ਹੀ ਹੋਈ ਪਰ 40 ਸਿੰਘਾਂ ਦੇ ਹੌਂਸਲਿਆਂ ਨੇ ਸਿੱਖ ਭਾਈਚਾਰੇ ਨੂੰ ਇੱਕ ਅਦੁੱਤੀ ਮਨੋਬਲ ਬਖਸ਼ਿਆ ਕਿ ਗੁਰੂ ਦਾ ਸਾਜਿਆ ਇਕੱਲਾ ਸਿੰਘ ਸਚਮੁੱਚ ਹੀ ਸਵਾ ਲੱਖ ਨਾਲ ਲੜ ਸਕਦਾ ਹੈ, ਇਹੀ ਮਨੋਬਲ ਅੱਜ ਤੱਕ ਵੀ ਹਰ ਸਿੰਘ ਦੀ ਰੂਹਾਨੀ ਤਾਕਤ ਬਣਿਆ ਹੋਇਆ ਹੈ। ਇਸੇ ਕਰਕੇ ਸਿੱਖਾਂ ਨੇ 19ਵੀਂ ਸਦੀ ਵਿੱਚ ਆਪਣਾ ਰਾਜ ਭਾਗ ਕਾਇਮ ਕਰ ਲਿਆ ਸੀ।
ਸਿੱਖ ਫੌਜਾਂ ਵਲੋਂ 1845 ਈਸਵੀ ਨੂੰ ਸਭਰਾਵਾਂ ਤੇ ਮੁੱਦਕੀ ਦੇ ਮੈਦਾਨ 'ਚ ਦੁਨੀਆ ਦੀ ਆਧੁਨਿਕ ਅੰਰਗੇਜੀ ਫੌਜ ਦਾ ਟਾਕਰਾ ਕੀਤਾ ਸੀ ਤੇ ਇਸੇ ਮਨੋਬਲ ਸਦਕਾ 3 ਜੂਨ 1984 ਤੋਂ ਲੈ ਕੇ 6 ਜੂਨ ਤੱਕ ਦਰਬਾਰ ਸਾਹਿਬ ਦੀ ਹਦੂਦ ਅੰਦਰ ਬਾਬਾ ਜਰਨੈਲ ਸਿੰਘ ਤੇ ਜਨਰਲ ਸ਼ੁਬੇਗ ਸਿੰਘ ਦੀ ਅਗਵਾਈ ਵਿੱਚ ਮੁੱਠੀ ਭਰ ਮਰਜੀਵੜੇ ਸਿੰਘਾਂ ਵਲੋਂ ਦੁਨੀਆ ਦੀ ਅਤਿ ਆਧੁਨਿਕ ਭਾਰਤੀ ਫੌਜ ਦਾ ਟਾਕਰਾ ਕੀਤਾ ਗਿਆ। 10 ਫਰਵਰੀ 1845 ਨੂੰ ਸਭਰਾਵਾਂ ਦੀ ਫੈਸਲਾਕੁਨ ਜੰਗ ਵਿੱਚ ਸਿੱਖ ਜਰਨੈਲ ਸ੍æ ਸ਼ਾਮ ਸਿੰਘ ਅਟਾਰੀਵਾਲਾ ਜਿਸ ਸੂਰਬੀਰਤਾ ਨਾਲ ਲੜਿਆ, ਉਸ ਜੰਗ ਦਾ ਅੱਖੀਂ ਡਿੱਠਾ ਹਾਲ ਬ੍ਰਿਗੇਡੀਅਰ ਵੀਲ੍ਹਰ ਨੇ ਇੰਝ ਬਿਆਨ ਕੀਤਾ ਹੈ-
ਸਿੱਖ ਸਿਪਾਹੀ ਜਾਨ ਵਾਰੂ ਸੂਰਬੀਰਤਾ ਦੀ ਸੂਰਮਗਤੀ, ਮਜ਼੍ਹਬੀ ਸ਼ੈਦਾਈਆਂ ਦੇ ਜੋਸ਼ ਅਤੇ ਜਨੂੰਨੀ ਦੀਵਾਨਿਆਂ ਦੇ ਜੂਝ ਮਰਨ ਦੇ ਚਾਓ ਨਾਲ ਲੜੇ। ਉਨ੍ਹਾਂ ਜਾਣੋ ਸਹੁੰ ਖਾਧੀ ਹੋਈ ਸੀ ਕਿ ਜਾਂ ਤਾਂ ਜਿੱਤਾਂਗੇ, ਜਾਂ ਹੱਥ ਵਿੱਚ ਤਲਵਾਰ ਫੜੀ ਰਣਭੂਮੀ ਵਿੱਚ ਲੜਾਂਗੇ। ਮੈਦਾਨੇ ਜੰਗ ਵਿੱਚ ਚੱਪਾ ਚੱਪਾ ਥਾਂ ਬਦਲੇ ਉਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਹੜ੍ਹ ਵਾਂਗ ਅੱਗੇ ਵਧਦੇ ਹੋਏ ਵੈਰੀਆਂ ਦੀਆਂ ਪਲਟਣਾਂ ਅਤੇ ਰਸਾਲਿਆਂ ਨੂੰ ਪਿੱਛੇ ਧੱਕ ਦਿੱਤਾ ਪਰ ਦਰਦੀ, ਈਮਾਨਦਾਰ ਅਤੇ ਯੋਗ ਫੌਜੀ ਅਫ਼ਸਰਾਂ ਦੀ ਗੈਰ ਹਾਜ਼ਰੀ ਵਿੱਚ ਛੋਟੇ-ਛੋਟੇ ਅਫ਼ਸਰ ਕਦ ਤੋੜੀ ਮੁਕਾਬਲਾ ਕਰ ਸਕਦੇ ਸਨ। ਵਿਸ਼ੇਸ਼ ਕਰਕੇ ਜਦ ਕਿ ਟਾਕਰੇ ਤੇ ਲਾਰਡ ਹਾਰਡਿੰਗ, ਲਾਰਡ ਗੱਫ਼ ਅਤੇ ਸਰ ਜਾਨ ਲਿਟਲਰ ਜੈਸੇ ਕਾਬਲ ਜਰਨੈਲ ਖੁਦ ਆਪਣੀ ਫੌਜ ਦੀ ਕਮਾਨ ਅਫ਼ਸਰੀ ਕਰ ਰਹੇ ਸਨ, ਸਿੱਟਾ ਇਹ ਨਿਕਲਿਆ ਕਿ ਅੰਗਰੇਜ਼ੀ ਫੌਜ ਨੇ ਖਾਲਸਾ ਫੌਜ ਦੇ ਮੋਰਚਿਆਂ ਤੇ ਕਬਜ਼ਾ ਕਰਨਾ ਆਰੰਭ ਦਿੱਤਾ, ਖ਼ਾਲਸੇ ਦੇ ਪੈਰ ਉਖੜ ਗਏ। ਓਧਰ ਰਣਭੂਮੀ ਵਿਚੋਂ ਬਚ ਕੇ ਨਿਕਲਣ ਦਾ ਕੋਈ ਵੀ ਰਾਹ ਨਹੀਂ ਸੀ। ਤੇਜਾ ਸਿੰਘ ਨੇ ਕਿਸ਼ਤੀਆਂ ਦਾ ਪੁਲ ਵੱਢ ਦਿੱਤਾ ਸੀ-"ਤੇਜਾ ਸਿੰਘ ਗਦਾਰ ਪੁਲ ਵੱਢ ਦਿੱਤਾ" ਹਜ਼ਾਰਾਂ ਸਿਪਾਹੀ ਆਪਣੀਆਂ ਬੰਦੂਕਾਂ ਅਤੇ ਸੰਗੀਨਾਂ ਸੁੱਟ ਕੇ ਦਰਿਆ ਸਤਲੁਜ ਵਿੱਚ ਠਿਲ੍ਹ ਪਏ ਕਿ ਤਰ ਕੇ ਪਾਰ ਹੋ ਜਾਣਗੇ ਪਰ ਨਿਰਦਈ ਵੈਰੀ ਨੇ ਦਰਿਆ ਵਿੱਚ, ਇਨ੍ਹਾਂ ਨਿਹੱਥਿਆਂ 'ਤੇ ਤੋਪਾਂ ਦੇ ਗੋਲੇ ਵਰਸਾਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਹਜ਼ਾਰਾਂ ਸਿਪਾਹੀ ਮਾਰੇ ਗਏ। 
ਅੰਗਰੇਜ਼ੀ ਫੌਜ ਦੇ ਸਭ ਤੋਂ ਵੱਡੇ ਜਰਨੈਲ ਕਮਾਂਡਰ ਇਨ ਚੀਫ਼ ਲਾਰਡ ਗੱਫ਼ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਸਰ ਰਾਬਰਟ ਪੀਲ ਨੂੰ ਲਿਖੀ ਨਿੱਜੀ ਚਿੱਠੀ ਵਿੱਚ ਇਸ ਜੰਗ ਬਾਰੇ ਇਉਂ ਲਿਖਿਆ ਸੀ-
ਮੇਰਾ ਅਹੁਦਾ ਅਤੇ ਪਦਵੀ ਇਸ ਗੱਲੋਂ ਵਰਜਦੇ ਸਨ ਕਿ ਮੈਂ ਸਿੱਖ ਫੌਜ ਦੀ ਉਸ ਸ਼ਾਨਦਾਰ ਬਹਾਦਰੀ, ਹੁਸ਼ਿਆਰੀ ਅਤੇ ਸ਼ਰਧਾ ਦਾ ਆਪਣੀਆਂ ਲਿਖਤਾਂ ਵਿੱਚ ਜ਼ਿਕਰ ਕਰਦਾ, ਜਿਸ ਨਾਲ ਉਨ੍ਹਾਂ ਨੇ ਸਾਡੀ ਫੌਜ ਦਾ ਮੁਕਾਬਲਾ ਕੀਤਾ, ਜਾਂ ਉਨ੍ਹਾਂ ਸਖਸ਼ੀ ਬਹਾਦਰੀਆਂ ਨੂੰ ਵਰਨਣ ਕਰਦਾ ਜੇ ਉਨ੍ਹਾਂ ਦੇ ਕੁਝ ਕੁ ਸਿਪਾਹੀਆਂ ਅਤੇ ਸਰਦਾਰਾਂ ਨੇ ਇਨ੍ਹਾਂ ਮੌਕਿਆਂ ਤੇ ਦਿਖਾਈਆਂ ਸਨ। ਜੇ ਇਸ ਮੌਕੇ ਤੇ ਮੈਨੂੰ ਸੱਚੇ ਦਿਲੋਂ ਇਹ ਵਿਸ਼ਵਾਸ਼ ਨਾ ਹੁੰਦਾ ਕਿ ਮੇਰੀ ਕੌਮ ਅਤੇ ਮੇਰੇ ਦੇਸ਼ ਦੀ ਕੁਰਬਾਨੀ ਲਈ ਇਹ ਜ਼ਰੂਰੀ ਹੈ ਕਿ ਖਾਲਸਾ ਫੌਜ ਖਤਮ ਹੋ ਜਾਵੇ, ਮੈਂ ਸੱਚ ਕਹਿੰਦਾ ਹਾਂ, ਕਿ ਇਸ ਪ੍ਰਕਾਰ ਦਾ ਜ਼ੁਲਮ ਭਰਪੂਰ ਅਤੇ ਨਿਰਵੈਰਤਾ ਭਰਿਆ ਕਤਲ ਜੋ ਡੁੱਬਦੇ ਹੋਏ ਸਿੰਘਾਂ ਦਾ ਕੀਤਾ ਗਿਆ, ਉਸ ਨੂੰ ਵੇਖ ਕੇ ਦਿਲ ਖੋਲ੍ਹ ਕੇ ਰੋਂਦਾ।
ਸ਼ਾਹ ਮੁਹੰਮਦ ਨੇ ਆਪਣੀ ਪੁਸਤਕ 'ਜੰਗ ਸਿੰਘਾਂ ਤੇ ਫਰੰਗੀਆਂ' ਵਿੱਚ ਖ਼ਾਲਸਾ ਫੌਜ ਦੀ ਬਹਾਦਰੀ ਇਉਂ ਬਿਆਨ ਕੀਤੀ- 
ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਰੰਗੀਆਂ ਦੇ ਮੋੜ ਸੁੱਟੇ,
ਸ਼ਾਮ ਸਿੰਘ ਸਰਦਾਰ ਅਟਾਰੀਵਾਲੇ, ਬੰਨ੍ਹ ਸ਼ਸਤਰੀ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਖੂਨ ਨਿਚੋੜ ਸੁੱਟੇ।
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜੇੜ੍ਹੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ'
3 ਜੂਨ 1984 ਨੂੰ ਦੋਵੇਂ ਪਾਸੀਂ ਫੌਜਾਂ ਤਾਂ ਭਾਰੀਆਂ ਨਹੀਂ ਸਨ ਪਰ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹਦੂਦ ਵਿੱਚ ਬਾਬਾ ਜਰਨੈਲ ਸਿੰਘ ਦੀ ਅਗਵਾਈ ਵਿੱਚ ਡਟੇ ਸਿੰਘਾਂ ਦੇ ਹੌਂਸਲੇ ਇੰਨੇ ਬੁਲੰਦ ਸਨ ਕਿ ਉਨ੍ਹਾਂ ਨੇ ਮੁੜ ਚਮਕੌਰ ਦੀ ਗੜ੍ਹੀ ਅਤੇ ਸਭਰਾਵਾਂ ਵਾਲੇ ਸਾਕੇ ਤਾਜ਼ੇ ਕਰਵਾ ਦੇਣੇ ਸਨ।
ਉਘੇ ਸਿੱਖ ਚਿੰਤ ਸ੍ਰæ ਅਜਮੇਰ ਸਿੰਘ ਅਨੁਸਾਰ-
ਫੌਜੀ ਦ੍ਰਿਸ਼ਟੀ ਤੋਂ ਦੇਖਿਆ ਇਹ ਟੱਕਰ ਸਰਾਸਰ ਬੇਮੇਚੀ ਅਤੇ ਨਫ਼ਰੀ ਦੇ ਹਿਸਾਬ ਨਾਲ, ਅਸਲੇ ਤੇ ਹਥਿਆਰਾਂ ਦੀ ਕੁਆਲਟੀ ਪੱਖੋਂ ਕੋਈ ਮੁਕਾਬਲਾ ਨਹੀਂ ਸੀ। ਇੱਕ ਪਾਸੇ ਦੁਨੀਆਂ ਦੀਆਂ ਸ਼ਕਤੀਸ਼ਾਲੀ ਫੌਜਾਂ ਵਿੱਚੋਂ ਗਿਣੀ ਜਾਂਦੀ ਭਾਰਤੀ ਫੌਜ ਜਿਸ ਕੋਲ ਟੈਂਕ, ਬਖਤਰਬੰਦ ਗੱਡੀਆਂ, ਹਵਾਈ ਜਹਾਜ਼, ਹੈਲੀਕਾਪਟਰ ਅਤੇ ਭਾਰੀ ਤੋਪਖਾਨਾ ਸੀ। ਭਾਰਤੀ ਫੌਜ ਦੀਆਂ ਕੁਲ ਮਿਲਾ ਕੇ ਸੱਤ ਡਵੀਜ਼ਨਾਂ ਨੂੰ ਲੜਾਈ ਲਈ ਲਾਮਬੰਦ ਕੀਤਾ ਗਿਆ। ਇਕੱਲੇ ਦਰਬਾਰ ਸਾਹਿਬ 'ਤੇ ਹਮਲੇ ਦੀ ਕਾਰਵਾਈ ਵਿੱਚ ਹੀ ਘੱਟੋ ਘੱਟ 15 ਹਜ਼ਾਰ ਫੌਜੀ ਜਵਾਨ ਸਿੱਧਾ ਹਿੱਸਾ ਲੈ ਰਹੇ ਸਨ। ਜ਼ਮੀਨੀ ਲਸ਼ਕਰ ਦੀ ਮਦਦ ਲਈ ਸਮੁੰਦਰੀ ਅਤੇ ਹਵਾਈ ਫੌਜ ਵੀ ਹਰਕਤ ਵਿੱਚ ਲਿਆਂਦੀ ਗਈ।
ਭਾਰਤੀ ਫੌਜ ਕੋਲ ਉਤਮ ਅਸਲੇ ਅਤੇ ਹਥਿਆਰਾਂ ਤੋਂ ਇਲਾਵਾ ਆਹਲਾ ਦਰਜੇ ਦੇ ਜਰਨੈਲ ਸਨ। ਵਾਧੇ ਦੀ ਗੱਲ ਇਹ ਕਿ ਸਮੁੱਚੀ ਸਰਕਾਰੀ ਮਸ਼ੀਨਰੀ ਫੌਜ ਦੀ ਸੇਵਾ ਵਿੱਚ ਹਾਜ਼ਰ ਸੀ। ਦੂਜੇ ਪਾਸੇ ਗਿਣਤੀ ਦੇ ਜੁਝਾਰੂ ਸਿੰਘ ਜਿਨ੍ਹਾਂ ਦੀ ਗਿਣਤੀ ਕਿਸੇ ਤਰ੍ਹਾਂ ਡੇਢ ਸੈਂਕੜੇ ਤੋਂ ਵਧ ਨਹੀਂ ਅਤੇ ਉਨ੍ਹਾਂ ਕੋਲ ਉਂਗਲਾਂ ਤੇ ਗਿਣਨ ਜੋਗੀਆਂ ਹਲਕੀਆਂ ਮਸ਼ੀਨਗੰਨਾਂ ਤੇ ਨਾਮਾਤਰ ਰਾਕਟ ਲਾਂਚਰ ਸਨ। ਬਾਕੀ ਸਾਧਾਰਨ ਕਿਸਮ ਦੀਆਂ ਰਾਈਫਲਾਂ ਤੇ ਹੱਥ ਗੋਲਿਆਂ (ਗਰਨੇਡ) ਤੋਂ ਬਿਨਾਂ ਉਨ੍ਹਾਂ ਕੋਲ ਹੋਰ ਹਥਿਆਰ ਨਹੀਂ ਸਨ। ਇਸ ਫੌਜੀ ਪੱਖ ਦੀ ਕਮਜ਼ੋਰੀ ਦੀ ਤੁਲਨਾ ਵਿੱਚ ਜੁਝਾਰੂ ਸਿੰਘਾਂ ਦੇ ਨੈਤਿਕ ਪੱਖ ਵਾਲਾ ਪੱਲੜਾ ਕਿਤੇ ਵੱਧ ਭਾਰੀ ਸੀ। ਭਾਰਤੀ ਫੌਜ ਕਹਿਣ ਨੂੰ ਭਾਵੇਂ ਦੇਸ਼ ਦੇ ਹਿੱਤਾਂ ਦੀ ਰੱਖਿਆ ਦੀ ਲੜਾਈ ਲੜ ਰਹੀ ਸੀ ਪਰ ਅਸਲੀਅਤ ਵਿੱਚ ਉਹ ਦੇਸ਼ ਦੇ ਨਹੀਂ ਸਗੋਂ ਧਿੰਗਾਣੇ ਹਾਕਮਾਂ ਦੇ ਪੱਖ ਦੀ ਲੜਾਈ ਸੀ। ਇਸ ਦੀ ਤੁਲਨਾ ਵਿੱਚ ਸਿੱਖ ਜੁਝਾਰੂ ਜਿਸ ਕਾਜ ਲਈ ਲੜ ਰਹੇ ਸਨ, ਉਹ ਸੱਚਾ ਸੀ। ਉਹ ਆਪਣੇ ਧਰਮ ਤੇ ਸੱਭਿਆਚਾਰ ਦੀ ਰਾਖੀ ਲਈ ਲੜ ਰਹੇ ਸਨ ਨਾਂ ਕਿ ਕਿਸੇ ਧਰਮ ਤੇ ਸੱਭਿਆਚਾਰ ਨੂੰ ਉਜਾੜਨ ਲਈ। ਉਨ੍ਹਾਂ ਅੰਦਰ ਲੜਨ ਦਾ ਨਿਸ਼ਕਾਮ ਜ਼ਜਬਾ, ਜੂਝ ਮਰਨ ਦਾ ਦ੍ਰਿੜ ਨਿਸ਼ਚਾ ਅਤੇ ਆਪਣੇ ਗੁਰੂ ਦੇ ਚਰਨਾਂ ਵਿੱਚ ਸ਼ਹੀਦ ਹੋ ਜਾਣ ਦਾ ਚਾਓ ਸੀ। ਇਸ ਕਰਕੇ ਸਿੰਘਾਂ ਨੇ ਬਹੁਤ ਥੋੜੀ ਨਫ਼ਰੀ ਤੇ ਮਾੜੇ ਹਥਿਆਰਾਂ ਦੇ ਬਾਵਜੂਦ ਭਾਰਤੀ ਫੌਜ ਦੇ ਹੱਲੇ ਨੂੰ ਬੁਰੀ ਤਰ੍ਹਾਂ ਪਛਾੜ ਕੇ ਰੱਖ ਦਿੱਤਾ।
ਅਖੀਰ 3 ਜੂਨ ਤੋਂ ਲੈ ਕੇ 6 ਜੂਨ ਤੱਕ ਜੁਝਾਰੂ ਸਿੰਘਾਂ ਵਲੋਂ ਫੌਜ ਦੇ ਕਹਿਰੀ ਹਮਲੇ ਪਛਾੜੇ, ਸੈਂਕੜੇ ਕਮਾਂਡੋ ਮਰੇ ਤੇ ਪ੍ਰਕਰਮਾ ਉਨ੍ਹਾਂ ਲਈ ਕਤਲਗਾਹ ਸਾਬਤ ਹੋਈ। ਫੌਜੀ ਕਮਾਂਡਰਾਂ ਵਲੋਂ 6 ਜੂਨ ਦੀ ਸਵੇਰ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਟੈਂਕਾਂ ਨਾਲ ਹਮਲਾ ਕਰਕੇ ਤੋਪ ਗੋਲੀਆਂ ਨਾਲ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ। ਜ਼ਖ਼ਮੀ ਹਾਲਤ ਵਿੱਚ ਬਾਬਾ ਜਰਨੈਲ ਸਿੰਘ ਤੇ ਜਨਰਲ ਸ਼ੁਬੇਗ ਸਿੰਘ ਕੋਲ ਸਿਰਫ਼ ਗਿਣਤੀ ਦੇ ਜੁਝਾਰੂ ਹੀ ਰਹਿ ਗਏ ਸਨ। ਅੰਤ ਇਨ੍ਹਾਂ ਜੁਝਾਰੂਆਂ ਨੇ ਅਰਦਾਸਾ ਸੋਧ ਕੇ ਭਾਰਤੀ ਫੌਜ ਨਾਲ ਨੰਗੇ ਧੜ ਲੜਨ ਦਾ ਫੈਸਲਾ ਕੀਤਾ। ਬਾਬਾ ਜਰਨੈਲ ਸਿੰਘ, ਭਾæ ਅਮਰੀਕ ਸਿੰਘ ਤੇ ਥੋੜੇ ਜਿਹੇ ਹੋਰ ਸਿੰਘ ਫਾਇਰਿੰਗ ਕਰਦੇ ਹੋਏ ਬਾਹਰ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨਾਂ ਕੋਲ ਪਹੁੰਚੇ ਜਿੱਥੇ ਉਹ ਆਹਮੋ ਸਾਹਮਣੀ ਲੜਾਈ ਵਿੱਚ ਜੂਝਦੇ ਸ਼ਹੀਦ ਹੋਏ। ਜਿਵੇਂ ਲਾਰਡ ਗੱਫ਼ ਨੇ ਸਭਰਾਵਾਂ ਦੇ ਮੈਦਾਨ ਵਾਲੇ ਸਿੰਘਾਂ ਦੀ ਸਿਫ਼ਤ ਕੀਤੀ ਸੀ ਉਵੇਂ ਜਨਰਲ ਬਰਾੜ ਵੀ ਕਹਿਣੋ ਨਾ ਰਹਿ ਸਕਿਆ ਕਿ ਮੈਂ ਆਪਣੇ ਫੌਜੀ ਜੀਵਨ ਦੇ 30 ਵਰ੍ਹਿਆਂ ਅੰਦਰ ਇਸ ਤਰ੍ਹਾਂ ਦੀ ਫਾਇਰ ਪਾਵਰ ਨਹੀਂ ਵੇਖੀ, ਪਾਕਿਸਤਾਨ ਨਾਲ ਜੰਗ ਦੇ ਦੌਰਾਨ ਵੀ ਨਹੀਂ।
ਨੋਟ-ਮੁਗਲਾਂ ਨੇ ਵੀ ਭਾਵੇਂ ਦਰਬਾਰ ਸਾਹਿਬ ਤੇ ਹਮਲੇ ਕੀਤੇ ਪਰ ਉਨ੍ਹਾਂ ਨੇ ਧਰਮ ਗ੍ਰੰਥ ਨਹੀਂ ਸਾੜੇ ਪਰ ਭਾਰਤੀ ਜਨੂਨੀ ਸਰਕਾਰ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਜੋ ਸਿੱਖ ਸਹਿਤ ਤੇ ਇਤਿਹਾਸ ਦਾ ਅਮੁੱਲ ਖਾਜ਼ਾਨਾ ਸੀ ਸਾੜਿਆ ਤੇ ਲੁੱਟਿਆ, ਲੱਖਾਂ ਨਿਹੱਥੇ ਸਿੱਖਾਂ ਨੂੰ ਮਾਰਿਆ ਤੇ ਜੇਲ੍ਹਾਂ ਚ ਸੁੱਟਿਆ ਤੇ ਧੀਆਂ ਭੈਣਾਂ ਦੀ ਇਜ਼ਤ ਲੁੱਟੀ। ਇਸ ਦੇ ਫਲਸਰੂਪ ਜਦ ਸਿੰਘਾਂ ਨੇ ਇੰਦਰਾ ਗਾਂਧੀ ਤੇ ਜਨਰਲ ਵੈਦਿਆ ਨੂੰ ਮਾਰ ਦਿੱਤਾ ਤਾਂ ਸਾਰੇ ਭਾਰਤ ਵਿੱਚ ਸਿੱਖਾਂ ਨੂੰ ਚੁੱਣ ਚੁੱਣ ਕੇ ਮਾਰਿਆ, ਘਰ ਘਾਟ ਸਾੜੇ ਤੇ ਬੀਬੀਆਂ ਦੀਆਂ ਇਜ਼ਤਾਂ ਲੁੱਟੀਆਂ। ਅੱਜ 33 ਸਾਲਾਂ ਬਾਅਦ ਵੀ ਸਿੱਖ ਕਾਤਲਾਂ ਨੂੰ ਸਜਾਵਾਂ ਨਹੀਂ ਦਿੱਤੀਆਂ ਅਤੇ ਬੇਕਸੂਰ ਸਿੱਖ ਰਿਹਾ ਨਹੀਂ ਕੀਤੇ। ਸਗੋਂ ਡੇਰਵਾਦ ਨੂੰ ਸ਼ਹਿ ਦੇ ਕੇ, ਸਿੱਖਾਂ 'ਚ ਫੁੱਟ ਪਾ ਆਪਸੀ ਖਾਨਾ ਜੰਗੀ ਕਰਾ ਦਿੱਤੀ। ਡੇਰੇਦਾਰ ਪਾਖੰਡੀ ਸਾਧਾਂ ਨੂੰ ਬੜਾਵਾ ਦਿੱਤਾ ਜਿਸ ਕਰਕੇ ਬੁਚੜ ਦਰਬਾਰੇ ਤੇ ਫਿਰ ਭਾਜਪਾ ਦੇ ਝੋਲੀ ਚੁੱਕ ਬਾਦਲ ਦੀ ਬਾਮਣੀ ਸਰਕਾਰ ਬਣੀ। ਸਰਕਾਰ ਨੇ ਬਾਬਾ ਜਰਨੈਲ ਸਿੰਘ ਦੀ ਥਾਂ ਧੁੰਮੇ ਵਰਗੇ ਬਾਦਲ ਤੇ ਭਗਵੇ ਸਾਧਾਂ ਦੇ ਝਾੜੂ ਬਰਦਾਰ ਨੂੰ ਮੁਖੀ ਬਣਾ ਦਿੱਤਾ ਜੋ ਹੁਣ ਗੁਰਮਤਿ ਦੇ ਤੱਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਦਾ ਸਾਥੀ ਭਾæ ਭੂਪਿੰਦਰ ਸਿੰਘ ਮਾਰਿਆ ਤੇ ਸਿੱਖ ਪ੍ਰਚਾਰਕਾਂ ਨੂੰ ਮਾਰਨ ਦੀਆਂ ਸ਼ਰੇਆਮ ਧਮਕੀਆਂ ਦੇ ਰਹੇ ਹਨ। ਸਿੱਖਾਂ ਦੀ ਵੱਖਰੀ ਹੋਂਦ ਨੂੰ ਖਤਮ ਕਰਨ ਵਾਸਤੇ ਨਾਨਕਸ਼ਾਹੀ ਕੈਲੰਡਰ ਖਤਮ ਕੀਤਾ ਤੇ ਬ੍ਰਾਹਮਣੀ ਦੇਵੀ ਦੇਵਤਿਆ ਤੇ ਰਾਜਸ਼ਾ ਦੀ ਉਸਤਤਿ ਅਤੇ ਸ਼ੈਕਸੀ ਅਸ਼ਲੀਲਤਾ ਨਾਲ ਭਰਪੂਰ ਅਖੌਤੀ ਦਸਮ ਗ੍ਰੰਥ, ਗੁਰੂ ਗ੍ਰੰਥ ਦੇ ਬਰਾਬਰ ਧੱਕੇ ਨਾਲ ਪ੍ਰਮੋਟ ਕੀਤਾ ਜਾ ਰਿਹਾ ਹੈ। ਅਜੋਕੀ ਸ਼੍ਰੋਮਣੀ ਕਮੇਟੀ ਤੇ ਸਰਕਾਰੀ ਪੁਸਤਕਾਂ ਰਾਹੀਂ ਸਿੱਖ ਇਤਿਹਾਸ ਤੇ ਫਲਸਫਾ ਮਿਲਗੋਭਾ ਕੀਤਾ ਜਾ ਰਿਹਾ ਹੈ। ਪੰਜਾਬ ਤੇ ਚੰਡੀਗੜ੍ਹ ਦੇ ਸਕੂਲਾਂ, ਕਾਲਜਾਂ, ਸਰਕਾਰੀ ਦਫਤਰਾਂ ਅਤੇ ਮੀਡੀਏ ਚ ਹਿੰਦੀ ਘਸੋੜੀ ਜਾ ਰਹੀ ਹੈ। ਸਾਡਾ ਕਲਚਰ ਗੰਦੇ ਗਾਣਿਆਂ ਨਾਲ ਤੇ ਹਿੰਦੀ ਸੰਸਕ੍ਰਿਤ ਦੇ ਸ਼ਬਦਾਂ ਨਾਲ ਮਾਂ ਬੋਲੀ ਵਿਗਾੜੀ ਜਾ ਰਹੀ ਹੈ। ਕਿਸਾਨ ਜੋ ਪੰਜਾਬ ਬਲਕਿ ਦੇਸ਼ ਦੀ ਰੀੜ ਦੀ ਹੱਡੀ ਹਨ ਨੂੰ ਤਬਾਹ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਦੇ ਪਾਣੀਆਂ ਚ ਕੈਂਸਰ, ਵਿਦਿਆ ਅਤੇ ਮੈਡੀਕਲ ਦਾ ਬੁਰਾ ਹਾਲ ਹੈ। ਇਹ ਸਿੱਖ ਕੌਮ ਦੀ ਨਸਲਕੁਸ਼ੀ ਵਾਲਾ ਜੂਨ 84 ਦਾ ਹਮਲਾ ਸਿੱਖਾਂ ਦੇ ਹਿਰਦਿਆਂ ਚੋਂ ਕਦੇ ਵੀ ਨਹੀਂ ਭੁਲਾਇਆ ਅਤੇ ਨਾਂ ਹੀ ਭਾਰਤੀ ਸਰਕਾਰ ਨੂੰ ਅਨਿਆਂ ਕਰਕੇ ਬਖਸ਼ਿਆ ਜਾ ਸਕਦਾ ਹੈ।


ਅਵਤਾਰ ਸੰਘ ਮਿਸ਼ਨਰੀ (5104325827)