image caption: ਨਿੰਦਰ ਘੁਗਿਆਣਵੀ

ਇਹੋ ਜਿਹਾ ਸੀ ਮੇਰਾ ਬਚਪਨ - ਨਿੰਦਰ ਘੁਗਿਆਣਵੀ

   ਊਸ਼ਾ  ਭੂਆ ਦਾ ਵਿਆਹ ਬਹੁਤ ਲੇਟ ਹੋਇਆ, ਜਦ ਵਿਆਹੀ ਲਗਭਗ ਤੀਹ-ਬੱਤੀ ਸਾਲਾਂ ਦੀ ਹੋ ਗਈ ਹੋਣੀ ਭੂਆ। ਉਹਦਾ ਸਾਂਵਲਾ ਰੰਗ ਤੇ ਲੰਬਾ ਕੱਦ ਸੀ। ਸਰੀਰ ਦੀ ਪਤਲੀ ਸੀ। ਮੇਰੇ ਜੰਮਣ ਤੋਂ ਸੁਰਤ ਸੰਭਾਲਣ ਤੀਕ ਮੈਨੂੰ ਉਸੇ ਨੇ ਹੀ ਪਾਲਿਆ-ਸਾਂਭਿਆ ਸੀ। ਦਾਦੀ, ਤਾਇਆ, ਭੂਆ ਤੇ ਮੈਂ, ਅਸੀਂ ਚਾਰੇ ਜਣੇ ਰਹਿੰਦੇ। ਇਹਨਾਂ ਤੋਂ ਵੱਖਰੇ ਮੇਰੇ ਮਾਂ-ਪਿਓ, ਛੋਟਾ ਭਰਾ ਤੇ ਭੈਣ ਵੀ, ਇੱਕੋ ਸੀ ਘਰ ਸਾਡਾ।  ਲੰਮਾ ਵਿਹੜਾ ਤੇ ਵੱਡੇ ਖੁੱਲ੍ਹੇ ਕੱਚੇ-ਪੱਕੇ ਕਮਰੇ, ਬੇਹਿਸਾਬਾ ਵਰਾਂਡਾ ਤੇ ਚੌੜ-ਚੁਪੱਟ ਹਵੇਲੀ, ਜੋ ਕੱਖ-ਕਾਨਿਆਂ ਤੇ ਲੱਕੜਾਂ ਤੇ ਬਾਲਣ ਦੀ ਵਾਧ-ਘਾਟ ਨਾਲ ਭਰੀ ਹੋਈ।
   ਜਦ ਭੂਆ ਦਾ ਵਿਆਹ ਹੋਇਆ, ਤਾਂ ਉਦੋਂ ਮੈਂ ਚੰਗੀ ਤਰਾਂ ਸੁਰਤੀ ਫੜ੍ਹ ਚੁੱਕਾ ਸਾਂ। ਸਾਡੇ ਲੰਬੇ ਕੱਚੇ ਵਿਹੜੇ 'ਚ ਚਾਨਣੀਆਂ-ਕਨਾਤਾਂ ਲਾਈਆਂ ਤੇ ਭੁੰਜੇ ਦਰੀਆਂ ਵਿਛਾ ਕੇ ਉਤੇ ਲੋਹੇ ਦੀਆਂ ਜੰਗਾਲੀਆਂ ਕੁਰਸੀਆਂ ਡਾਹੀਆਂ ਗਈਆਂ। ਗਰਮੀਂ ਦੇ ਦਿਨ ਸਨ, ਕੁਰਸੀਆਂ ਨੂੰ ਬੁਰੀ ਤਰਾਂ ਤਾਪ ਚੜ੍ਹ ਗਿਆ। ਜਿਹੜਾ ਬੈਠੇ, ਉਹੀ 'ਉਈ ਉਈ' ਕਰਦਾ ਤੇ ਚਿੱਤੜ ਮਲਦਾ ਉੱਠ ਖਲੋਵੇ। ਬਿਜਲਈ ਪੱਖੇ ਆਂਢੋ-ਗੁਆਂਢੋ ਮੰਗ ਕੇ ਬੁੱਤਾ ਸਾਰਿਆ ਗਿਆ। ਬਿਜਲੀ ਕਿਹੜਾ ਉਦੋਂ ਅਜੇ ਆਮ ਹੁੰਦੀ ਸੀ। ਘਰ ਵਿਚ ਕੋਈ ਇੱਕ ਅੱਧਾ ਬਲਬ ਹੀ ਲਾਉਂਦਾ, ਵੱਧ ਬਿੱਲ ਆਉਣ ਦੇ ਡਰੋਂ। ਰਾਤਾਂ ਨੂੰ ਬੱਲਬ ਵੀ ਬਹੁਤ ਮੱਧਮ ਜਿਹੇ ਜਗਦੇ ਜਿਵੇਂ ਬਲਬਾਂ ਨੂੰ ਸੋਕੜੇ ਦੀ ਬਿਮਾਰੀ ਪਈ ਹੋਵੇ! ਛੋਟੇ ਮੇਜ ਉਤੇ ਰੱਖਿਆ ਸਾਡਾ ਪੱਖਾ ਵੀ ਹਟਕੋਰੇ ਭਰ-ਭਰ ਚਲਦਾ। ਇਸ ਮੇਜ਼ੀ-ਪੱਖੇ ਨੇ ਸਾਡਾ ਤੀਹ ਸਾਲ ਤੋਂ ਵੱਧ ਸਮਾਂ ਸਾਥ ਦਿੱਤਾ ਹੋਣਾ, ਕਦੇ ਖਰਾਬ ਹੋਇਆ ਹੀ ਨਹੀਂ। ਤਾਇਆ ਸਾਲ ਵਿਚ ਇੱਕ ਅੱਧ-ਵਾਰ ਤੇਲ ਦੇ ਕੇ ਪੱਖੇ ਦੇ ਪੁਰਜੇ ਰਵਾਂ ਕਰ ਦਿੰਦਾ ਸੀ।
    ਭੂਆ ਦੇ ਵਿਆਹ ਤੋਂ ਚਾਰ-ਪੰਜ ਦਿਨ ਪਹਿਲਾਂ ਹਲਵਾਈ ਆ ਗਿਆ ਤੇ ਵਰਾਂਡੇ ਵਿਚ ਭੱਠੀਆਂ ਪੁਟਵਾਉਣ ਲੱਗਿਆ। ਵੱਡੇ ਕਾਲੇ ਕੜਾਹੇ-ਕੜਾਹੀਆਂ ਗੁਰਦਵਾਰਿਓਂ ਲਿਆਂਦੇ ਗਏ। ਗਲੀ-ਗੁਆਂਢ 'ਚੋ ਮੰਜੇ ਬਿਸਤਰੇ ਇਕੱਠੇ ਕੀਤੇ। ਜਦ ਹਲਵਾਈ ਮਠਿਆਈ ਬਣਾਉਣ ਲੱਿਗਆ ਤਾਂ ਉਸਦੀ ਮਹਿਕ ਸਾਰੇ ਗਲੀ-ਮੁਹੱਲੇ ਖਿੰਡ ਗਈ। ਮੇਰਾ ਦਿਲ ਕਰੇ ਕਿ ਮੈਂ ਹਲਵਾਈ ਦੇ ਕੋਲ ਹੀ ਬੈਠਾ ਰਹਵਾਂ। ਹਲਵਾਈ ਮਠਿਆਈ ਬਣਾਈ ਜਾਂਦਾ, ਸਿਆਣੇ ਬੰਦੇ ਪਰਾਂਤਾਂ ਵਿਚ ਪਾ ਪਾ ਕੇ ਕਮਰੇ ਅੰਦਰ, ਮੰਜਿਆਂ Aੁੱਤੇ ਵਿਛਾਈਆਂ ਚਾਦਰਾਂ 'ਤੇ ਮਠਿਆਈ ਰੱਖੀ ਜਾ ਰਹੇ ਸਨ। ਤੱਤੀ ਮਠਿਆਈ ਨੂੰ ਠੰਢੀ ਕਰਨ ਲਈ ਮੇਰਾ ਮਾਸੜ ਲੇਖੂ ਪੱਖੀ ਝੱਲ ਰਿਹਾ ਸੀ। ਸਾਰਾ ਸ਼ਰੀਕਾ-ਕਬੀਲਾ ਚਾਈਂ-ਚਾਈਂ ਹੱਥ-ਪੜੱਥੀ ਪੁਵਾ ਰਿਹਾ ਸੀ ਭੁਆ ਦੇ ਵਿਆਹ ਵਿਚ।
  ਮੇਰੇ ਦਾਦੇ ਮਰੇ ਨੂੰ ਹਾਲੇ ਬਹੁਤੇ ਮਹੀਨੇ ਨਹੀਂ ਸੀ ਬੀਤੇ। ਭੂਆ ਰੋਣੋਂ ਨਾ ਹਟਦੀ ਤਾਂ ਦਾਦੀ ਬੁੜ-ਬੁੜ ਕਰੀ ਜਾਂਦੀ, "ਕੁੜੀਏ, ਬਗਾਨੇ ਘਰੇ ਦੀਦੇ (ਅੱਖਾਂ) ਗਾਲ ਕੇ ਜਾਣੈ ਤੂੰ, ਚੁੱਪ ਕਰਜਾ ਕੁੜੇ ਮੇਰੀ ਗੱਲ ਮੰਨ ਲੈ ਊਸ਼ਾæææ।" ਮੇਰਾ ਪਿਓ ਵੀ ਟੋਕਦਾ, "ਊਸ਼ਾ, ਤੂੰ ਰੋਣੋਂ ਹਟਣੈ ਕਿ ਨਹੀਂ?" ਉਸਦਾ ਦਬਕਾੜਾ ਉੱਚਾ ਸੀ। ਸਾਰੇ ਚੁੱਪ ਕਰ ਜਾਂਦੇ ਸਨ ਜਦ ਉਹ ਕਦੇ ਭਬਕ ਪੈਂਦਾ।
ਮੁਕਤਸਰ ਜ਼ਿਲੇ ਦੇ ਗਿੱਦੜਬਾਹਾ ਨੇੜਿਓਂ ਪਿੰਡ ਕੋਟ ਭਾਈ ਤੋਂ ਦੁੱਗਲ ਪਰਿਵਾਰ 'ਚੋ ਬਰਾਤ ਢੁੱਕੀ ਸੀ। ਮੈਨੂੰ ਏਨਾ ਕੁ ਚੇਤਾ ਹੈ ਕਿ ਸਿਖਰ ਦੁਪੈਹਿਰੇ ਵਰ੍ਹਦੀ ਗਰਮੀਂ 'ਚ ਹਰਮੌਨੀਅਮ ਵਜਾ ਕੇ ਮੇਰੀ ਭੂਆ ਦਾ ਦੇਵਰ ਸੁਭਾਸ਼ ਚੰਦਰ ਦੁੱਗਲ ਸਿਹਰਾ ਗਾ ਰਿਹਾ ਸੀ। ਬੋਲ ਸਨ-'ਮੁਝੇ ਤੋਂ ਲੂਟ ਲੀਆ ਆਜ ਹੁਸਨ ਵਾਲੋਂ ਨੇæææ।' ਇੱਕ ਉਸਨੇ ਗੀਤ ਵੀ ਗਾਇਆ, 'ਮੇਰੇ ਚਰਖੇ ਦੀ ਟੁੱਟ ਗਈ ਮਾਲ੍ਹ ਵੇ ਚੰਨ ਕੱਤਾਂ ਕਿ ਨਾæææ।' ਜਿਹੜਾ ਉਸਨੇ ਸਿਹਰਾ ਪੜ੍ਹਿਆ ਸੀ,ਉਹ ਸੀਸੇ ਵਿਚ ਜੜਿਆ ਹੋਇਆ ਸੀ, ਤੇ ਸੁਭਾਸ਼ ਵੱਲੋਂ ਹੀ ਹੱਥ ਨਾਲ ਖੁਸ਼ਖਤ ਲਿਖਾਈ 'ਚ ਲਿਖਿਆ ਹੋਇਆ ਸੀ। ਜਾਂਦੇ ਹੋਏ ਉਹ ਸਿਹਰਾ ਸਾਡੇ ਕੋਲ ਛੱਡ ਗਏ ਸਨ। ਮੇਰੇ ਜੁਆਨ ਹੋਣ ਤੀਕ ਉਹ ਸਿਹਰਾ ਸਾਡੀ ਕੱਚੀ ਟਾਨ 'ਤੇ ਉਦੋਂ ਤੀਕ ਪਿਆ ਰਿਹਾ, ਜਿੰਨਾ ਚਿਰ ਜ਼ੋਰੀਲੇ ਮੀਂਹ ਦੇ ਆਉਣ ਤੀਕ ਛੱਤ ਦੇ ਚੋਣ ਨਾਲ ਭਿੱਜ ਨਾ ਗਿਆ।
   ਸਾਡੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮੈਂ ਪਹਿਲੀ ਵਾਰ ਦੇਖਿਆ ਸੀ। ਗੁਰੂ ਸਾਹਿਬ ਦੀ ਅਸਵਾਰੀ ਘਰ ਆਈ ਦੇਖ ਮੇਰਾ ਮਨ ਅੰਦਰੇ ਅੰਦਰ ਬਹੁਤ ਖੁਸ਼ ਸੀ ਤੇ ਬਾਬਾ ਜੀ ਦੇ ਨੇੜੇ ਹੋ ਕੇ ਬੈਠ ਗਿਆ ਸਾਂ। ਬਾਬਾ ਮਾਹਲਾ ਸਿੰਘ ਨੇ ਲਾਵਾਂ ਪੜ੍ਹੀਆਂ। ਜਦ ਅਨੰਦ ਕਾਰਜ ਹੋ ਹਠੇ ਤਾਂ ਗੁਰੂ ਸਾਹਿਬ ਦੀ ਅਸਵਾਰੀ ਵਾਪਿਸ ਗੁਰੂ ਘਰ ਜਾਣ ਲੱਗੀ, ਤਾਂ ਚੌਰ ਕਰਦਾ ਬਾਬਾ ਮਾਹਲਾ ਸਿੰਘ ਗਾਉਣ ਲੱਗਿਆ-"ਕਾਰਜ ਕਰ ਕੇ ਪੂਰੇ ਸਤਿਗੁਰ ਘਰ ਚੱਲਿਆ।" ਬਾਬੇ ਦੇ ਇਹ ਬੋਲ ਕਦੇ ਨਹੀਂ ਭੁੱਲੇ। ਬਸ, ਉਹ ਦਿਨ ਹੀ ਅਜਿਹਾ ਸੀ ਕਿ ਮੈਂ ਹਮੇਸ਼ਾ ਲਈ ਗੁਰੂ ਘਰ ਨਾਲ ਜੁੜ ਗਿਆ ਸਾਂ। ਮੇਰਾ ਦਿਲ ਪਾਠ ਸੁਣਨ ਤੇ ਕਰਨ ਲਈ ਬਿਹਬਲ ਹੁੰਦਾ ਰਹਿੰਦਾ।
  ਆਥਣ ਤੋਂ ਪਹਿਲਾਂ, ਭੂਆ ਦੀ ਡੋਲੀ ਤੁਰਨ ਲੱਗੀ। ਕਲੀਰਿਆਂ ਨਾਲ ਸੱਜੀ ਤੇ ਗੋਟਿਆਂ ਸ਼ਿੰਗਾਰੀ ਲਾਲ  ਚੁੰਨੀ 'ਚ ਲਿਪਟੀ ਭੂਆ ਨੇ ਮੈਨੂੰ ਆਪਣੀ ਹਿੱਕ ਨਾਲ ਘੁੱਟਿਆ ਤੇ ਹੁਭ੍ਹਕੀ-ਹੁਭ੍ਹਕੀ ਰੋਣ ਲੱਗੀ। ਮੈਂ ਵੀ ਰੋਂਦਾ ਭੂਆ ਦੇ ਗਲ ਨੂੰ ਚੁੰਬੜ ਗਿਆ ਤੇ ਭੂਆ ਨਾਲੋਂ ਲੱਥ ਨਹੀਂ ਸਾਂ ਰਿਹਾ। ਮੇਰਾ ਪਿਓ ਮੈਨੂੰ ਚੁੱਕ ਕੇ ਪਰ੍ਹੇ ਲੈ ਗਿਆ ਤੇ ਪੁਚਕਾਰਨ ਲੱਗਿਆ, "ਪੁੱਤ ਆਪਾਂ ਚੱਲਾਂਗੇ ਤੇਰੀ ਭੂਆ ਕੋਲੇ, ਚੁੱਪ ਕਰਜਾ ਹੁਣ ਪੁੱਤ, ਆਪਾਂ ਚੱਲਾਗੇ ਕੱਲ ਪਰਸੋਂ ਨੂੰ, ਨਾ ਰੋæææਰੋਈਦਾ ਨੀ ਹੁੰਦਾ ਮੇਰਾ ਪੁੱਤæææ।" ਉਹਨੇ ਆਪਣੇ ਪਰਨੇ ਨਾਲ ਮੇਰਾ ਮੂੰਹ ਪੂੰਝਿਆ ਤੇ ਘੁੱਟ ਕੇ ਹਿੱਕ ਨਾਲ ਲਾ ਲਿਆ ਸੀ।
    ਇਹ ਦ੍ਰਿਸ਼ ਹੂਬਹੂ ਮੇਰੇ ਮਨ ਦੀ ਚਿਤਰ-ਪਟ 'ਤੇ ਸਦਾ-ਸਦਾ ਵਾਸਤੇ ਉਕਰਿਆ ਗਿਆ।
     ਮੁਕਲਾਵੇ ਵਗੈਰਾ ਦੀਆਂ ਸਭ ਰਸਮਾਂ ਹੋ ਹਟੀਆਂ। ਮੈਂ ਤੇ ਤਾਇਆ ਰਾਮ ਕਈ ਦਿਨਾਂ ਮਗਰੋਂ ਭੂਆ ਦੇ ਪਿੰਡ ਗਏ। ਦੋ ਦਿਨ ਰਹੇ। ਭੂਆ ਫੁੱਲੀ ਨਾ ਸਮਾਵੇ, ਭਰਾ ਤੇ ਭਤੀਜਾ ਜੁ ਆਏ ਸਨ! ਫੁੱਫੜ ਨੇ ਬਹੁਤ ਸੇਵਾ ਕੀਤੀ। ਤਾਇਆ ਤੇ ਫੁੱਫੜ ਛਿਟ-ਛਿਟ ਲਾਉਂਦੇ ਤੇ ਆਥਣ ਰੰਗੀਨ ਕਰਦੇ। ਮੈਨੂੰ ਤੇ ਤਾਏ ਨੂੰ ਪੱਕੀ ਬੈਠਕ ਵਿਚ ਸੁਵਾਇਆ ਗਿਆ ਡਬਲ ਬੈੱਡਾਂ ਉਤੇ। ਦੂਜੇ ਦਿਨ ਦੀ ਰਾਤ ਨੂੰ ਜਦ ਅਸੀਂ ਸੌਣ ਲੱਗੇ ਤਾਂ ਫੁੱਫੜ ਨੇ ਸਾਡੇ ਸਿਰਹਾਣੇ ਕੋਈ ਚੀਜ਼ ਲਿਆ ਕੇ ਲੁਕੋਈ। ਜਿੰਨਾ ਚਿਰ ਮੈਨੂੰ ਨੀਂਦ ਨਹੀਂ ਆਈ, ਓਨਾ ਚਿਰ ਮੈਂ ਸੋਚੀ ਗਿਆ ਕਿ ਫੁੱਫੜ ਸਾਡੇ ਸਿਰਹਾਣੇ ਕੀ ਰੱਖ ਗਿਆ ਹੋਇਆ ਭਲਾ? ਤਾਏ ਤੋਂ ਡਰਦਾ ਉਠ ਕੇ ਦੇਖ ਨਹੀਂ ਸਾਂ ਸਕਦਾ। ਸੋਚ ਹੀ ਸਕਦਾ ਸਾਂ। ਸਵੇਰੇ ਜਦ ਤਾਇਆ ਤੇ ਫੁੱਫੜ ਖੇਤ ਨੂੰ ਪਿਸ਼ਾਬ-ਪਾਣੀ ਲਈ ਗਏ ਤਾਂ ਮੈਂ ਬੈਡ ਦੇ ਗਦੈਲੇ ਦੇ ਸਿਰ ਵਾਲੇ ਪਾਸਿਓਂ ਚੁੱਕ ਕੇ ਦੇਖਿਆ। ਇਹ ਮੂੰਹ ਬੰਦ ਚਾਕੂ ਸੀ।  ਉਸਦੇ ਰਬੜੀ ਦਸਤੇ ਉਤੇ ਇਕ ਛੋਟਾ ਜਿਹਾ ਬਟਨ ਸੀ, ਮੈਂ ਉਸਨੂੰ ਦੱਬਿਆ ਤਾਂ ਹੱਥ ਜਿੱਡੀ ਛੁਰੀ ਬਾਹਰ ਨਿੱਕਲ ਆਈ। ਜਦ ਫਿਰ ਦੱਬਿਆ, ਤਾਂ ਉਹ ਅੰਦਰ ਵੜ ਗਈ। ਮੈਨੂੰ ਇਹ ਚਾਕੂ-ਪੁਰਜਾ ਬੜਾ ਚੰਗਾ ਲੱਗਿਆ ਸੀ, ਕਿਸੇ ਜਾਦੂਗਰ ਦੇ ਪੁਰਜੇ ਜਿਹਾ! ਆਪਣੇ ਹਾਣੀਆਂ ਨੂੰ ਡਰਾਉਣ ਵਾਸਤੇ, ਤਾਏ ਤੇ ਫੁੱਫੜ ਤੋਂ ਚੋਰੀਉਂ ਮੈਂ ਇਹ ਪੁਰਜਾ ਝੋਲੇ ਵਿਚ ਪਾ ਲਿਆ ਸੀ। ਪੰਜਾਬ ਰੋਡਵੇਜ਼ ਦੀ ਬਸ ਕੋਟਭਾਈ ਤੋਂ ਮੁਕਤਸਰ ਵਾਲੀ ਵਿਚ ਬੈਠ ਗਏ ਮੈਂ ਤੇ ਤਾਇਆ। ਕਾਫੀ ਭੀੜ ਸੀ ਬਸ ਵਿਚ। ਮੈਂ ਸਹਿਜ-ਸੁਭਾਅ ਹੀ ਆਖਿਆ, "ਤਾਇਆ, ਇੱਕ ਚੀਜ਼ ਵਿਖਾਵਾਂ?"
"ਕੀ ਵਿਖਾਵੇਂਗਾ ਤੂੰ, ਟਿਕ ਕੇ ਬੈਠਾ ਰਹਿ।" ਤਾਇਆ ਬੋਲਿਆ।
ਮੈਂ ਝੋਲੇ ਵਿਚੋਂ ਚਾਕੂ ਕੱਢਿਆ ਤੇ ਫਿਰ ਉਸਦੇ ਉਤਲਾ ਬਟਨ ਦੱਬਿਆ, ਹੱਥ ਜਿੱਡੀ ਛੁਰੀ ਨੇ ਜੀਭ ਬਾਹਰ ਕੱਢ ਲਈ।
    "ਕਰ ਬੰਦ ਏਹਨੂੰ ਕੁੱਤਿਆ।" ਤਾਏ ਨੇ ਮੈਨੂੰ ਲਫੇੜਾ ਚੁੱਕਿਆ। ਤਾਏ ਦਾ ਚਿਹਰਾ ਗੁੱਸੇ ਵਿਚ ਤਪ ਉੱਠਿਆ ਸੀ ਪਰ ਉਹ ਚੁੱਪ ਹੋ ਕੇ  ਬਹਿ ਗਿਆ ਤੇ ਝੋਲਾ ਮੇਰੇ ਹੱਥੋਂ ਫੜ੍ਹ ਲਿਆ। ਸਾਰੇ ਰਾਹ ਉਹ ਮੇਰੇ 'ਤੇ ਕਚੀਚੀਆਂ ਵੱਟਦਾ ਆਇਆ। ਔਖੇ ਸੌਖੇ ਪਿੰਡ ਪਹੁੰਚੇ। ਜਦ ਘਰੇ ਵੜੇ ਤਾਂ ਤਾਇਆ ਮੇਰੀ ਮਾਂ ਨੂੰ ਟੁੱਟ ਕੇ ਪੈ ਗਿਆ, "ਆਹ ਵੇਖ ਲੈ, ਰੂਪ ਰਾਣੀਏਂ ਤੇਰੇ ਛੁਹਰ ਦੀ ਕਰਤੂਤ, ਉਹਨਾਂ ਦਾ ਚਾਕੂ ਚੁੱਕ ਲਿਆਇਆ ਬਿਨਾਂ ਦੱਸੇ ਪੁੱਛੇ ਤੋਂ, ਏਹਨੂੰ ਤੂੰ ਈ ਬਾਹਲਾ ਸਿਰੇ ਚੜ੍ਹਾਅ ਰੱਖਿਆ ਐ, ਜੇ ਤੈਨੂੰ ਕਹਿਨਂੇ ਆਂ ਤਾਂ ਤੂੰ ਪੁੱਠਾ ਬੋਲਦੀ ਐਂ ਅੱਗੋਂ, ਦੱਸ ਮੈਨੂੰ, ਜੇ ਰਾਹ 'ਚ ਪੁਲਸ ਤਲਾਸ਼ੀ ਲੈ ਲੈਂਦੀ ਬਸ ਦੀ, ਕੀ ਬਣਦਾ ਫੇਰæææ? ਬੰਦਾ ਮਾਰਨ ਆਲਾ ਚਾਕੂ ਐ ਏਹੇ।"
    ਤਾਏ ਨੇ ਝੋਲੇ ਵਿਚੋਂ ਚਾਕੂ ਕੱਢ ਕੇ ਸਾਰੇ ਟੱਬਰ ਨੂੰ ਵਿਖਾਇਆ, ਤਾਂ ਮੇਰੇ ਪਿਓ ਨੇ ਮੈਨੂੰ ਵਿਹੜੇ ਵਿਚ ਹੀ ਧੂਹ ਲਿਆ,ਦੇਹ ਧੱਫੇ 'ਤੇ ਧੱਫਾ, ਮੇਰੀ ਭੁਗਤ ਸੰਵਾਰੀ ਜਾਣ ਲੱਗੀ।  ਕੋਲੋਂ ਮਾਂ ਨੇ ਮੇਰੇ ਵਾਸਤੇ ਹੇਜ ਜਤਾਇਆ, "ਛੱਡ ਮੁੰਡੇ ਨੂੰ, ਕੀ ਹੋ ਗਿਆ ਜੇ ਜੁਆਕ ਅਨਜਾਣੇ 'ਚ ਚਾਕੂ ਚੁੱਕ ਲਿਆਇਆ ਤਾਂæææ ਏਹਨੇ ਕਤਲ ਤਾਂ ਨੀ੍ਹ ਕਰਤਾ, ਛਡ ਮੇਰੇ ਮੁੰਡੇ ਨੂੰ।" ਮਾਂ ਮੈਨੂੰ ਛੁਡਾਉਣ ਲੱਗੀ ਤਲਖ ਹੋ ਕੇ ਬੋਲਣ ਲੱਗੀ, ਤਾਂ ਪਿਓ ਨੇ ਉਹਦੀ ਗਿੱਚੀ ਵਿਚ ਵੀ ਇੱਕ ਜੜ ਦਿੱਤੀ ਸੀ,  "ਭੈਣ ਦੇਣੇ ਦੀਏ, ਏਹਨੂੰ ਸਿਰੇ ਈ ਤੂੰ ਕੀਤੈ ਹੋਇਐ,ਦਿੰਨਾ ਮੈਂ ਧਾਰਾਂ ਤੈਨੂੰ ਵੀæææ।" ਮਾਂ ਪਿਓ ਤੇ ਤਾਏ ਨੂੰ ਗਾਲਾਂ ਦਿੰਦੀ ਪਰ੍ਹੇ ਹੋ ਗਈ। ਘਰ 'ਚ ਕਲੇਸ਼ ਖੜ੍ਹਾ ਹੋ ਗਿਆ ਸੀ। ਪਿਓ ਦੀਆਂ ਪਈਆਂ ਕਰਾਰੀਆਂ ਚੁਪੇੜਾਂ ਕਈ ਸਾਲ ਨਾ ਭੁੱਲੀਆਂ ਮੈਨੂੰ।
   ਦੂਜੇ ਦਿਨ ਜਦੋਂ ਜੰਗੀਰੀ ਡਾਕੀਆ ਡਾਕ ਵੰਡਦਾ ਸਾਡੇ ਬਾਰ ਮੂਹਰ ਦੀ ਲੰਘਿਆ, ਤਾਂ ਤਾਏ ਨੇ ਉਸ ਤੋਂ ਇੱਕ ਨੀਲਾ ਲਿਫਾਫਾ ਖਰੀਦ ਲਿਆ। ਮੈਂ ਕੋਲ ਹੀ ਬੈਠਾ ਸਾਂ। ਤਾਏ ਨੇ ਚਿੱਠੀ ਲਿਖੀ ਤੇ ਬੰਦ ਕਰਨ ਲੱਗਿਆ, ਤਾਂ ਦਾਦੀ ਕੋਲੋਂ ਬੋਲੀ, "ਵੇ ਰਾਮਿਆ, ਚਿੱਠੀ ਪਾਉਣ ਤੋਂ ਪਹਿਲਾਂ ਸਿਆਣੇ ਨੂੰ ਸੁਣਾਈ ਦੀ ਹੁੰਦੀ ਐ, ਦਸ ਕੀ ਲਿਖਿਆ ਤੂੰ ਮੇਰੀ ਧੀ ਵੱਲ ਵੇ, ਪੜ੍ਹ ਜ਼ਰਾ।"
  ਤਾਇਆ ਚਿੱਠੀ ਪੜ੍ਹਨ ਲੱਗਿਆ, "ਮੇਰੀ ਪਿਆਰੀ ਭੈਣ ਊਸ਼ਾ, ਬਹੁਤ ਬਹੁਤ ਪਿਆਰ। ਅਸੀਂ ਸਭ ਏਥੇ ਰਾਜ਼ੀ ਖੁਸ਼ੀ ਹਾਂ, ਤੇ ਆਪ ਸਭ ਦੀ ਰਾਜ਼ੀ ਖੁਸ਼ੀ ਨੇਕ ਚਾਹੁੰਦੇ ਹਾਂ। ਓਦਣ ਅਸੀਂ ਪਿੰਡ ਠੀਕ ਠਾਕ ਅੱਪੜ ਗਏ ਸੀ ਪਰ ਸ਼ਰਾਰਤੀ ਬੱਚੇ ਨਿੰਦਰ ਵੱਲੋਂ ਕੀਤੀ ਗਲਤੀ ਕਾਰਨ ਬਹੁਤ ਦੁੱæਖ ਲੱਗਿਆ। ਉਹ ਤੁਹਾਡਾ ਚਾਕੂ ਚੁੱਕ ਕੇ ਲੈ ਗਿਆ ਹੈ ਤੇ ਮੈਨੂੰ ਰਾਹ 'ਚ ਦਿਖਾਉਣ 'ਤੇ ਇਸਦਾ ਪਤਾ ਚਲਿਆ। ਮੈਂ ਜਲਦੀ ਆਵਾਂਗਾ ਤੇ ਚਾਕੂ ਵਾਪਸ ਕਰ ਜਾਵਾਂਗਾ। ਸਾਰੇ ਤੈਨੂੰ ਬਹੁਤ ਚੇਤੇ ਕਰਦੇ ਹਨ। ਸਾਡੇ ਪਾਸ ਛੇਤੀ ਗੇੜਾ ਮਾਰਨਾ,ਤੇਰਾ ਭਰਾਅ ਰਾਮ ਰਛਪਾਲ।"
  ਭੁਆ ਤੇ ਫੁੱਫੜ ਹਫਤੇ ਬਾਅਦ ਆ ਗਏ ਸਨ। (ਜਦ ਵੀ ਭੂਆ ਤੇ ਫੁੱਫੜ ਆਉਂਦੇ ਸਨ, ਤਾਂ  ਮੈਨੂੰ ਅੰਤਾਂ ਦਾ ਚਾਅ ਚੜ੍ਹ ਜਾਂਦਾ ਸੀ।)  ਕੋਟ ਭਾਈ ਜਾਂਦੇ ਹੋਏ ਉਹ ਚਾਕੂ ਵਾਪਸ ਲੈ ਗਏ ਸਨ। (ਮੇਰੇ ਜੁਆਨ ਹੋਣ ਤੀਕ ਭੂਆ ਤੇ ਫੁੱਫੜ ਮੈਨੂੰ 'ਚਾਕੂ ਦੀ ਚੋਰੀ' ਵਾਲੀ ਗੱਲ ਚੇਤੇ ਕਰਵਾ ਕਰਵਾ ਕੇ ਛੇੜਦੇ ਰਹੇ ਸਨ। ਭੂਆ ਦੇ ਪਿੰਡ ਨਾਲ ਮੈਨੂੰ ਖਾਸ ਲਗਾਵ ਹੋ ਗਿਆ ਸੀ। ਇਸ ਲਗਾਵ ਦੇ ਕਈ ਕਾਰਨ ਸਨ। 

ਨਿੰਦਰ ਘੁਗਿਆਣਵੀ