image caption: ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ ਅਤੇ ਵੱਡੇ ਘੱਲੂਘਾਰੇ ਦਾ ਇਕ ਹਿਰਦੇਵੇਧਕ ਦ੍ਰਿਸ਼

ਪੰਥ ਜੋ ਰਹਾ ਤੋ ਤੇਰਾ ਗ੍ਰੰਥ ਭੀ ਰਹੇਗਾ ਨਾਥ। ਪੰਥ ਨ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੈਗੋ।

ਵੱਡਾ ਘੱਲੂਘਾਰਾ ਵਾਪਰਨ ਪਿੱਛੋਂ ਗੁਰੂ ਅੱਗੇ ਉਕਤ ਅਰਦਾਸ ਕਰਨ ਵਾਲੇ ਖਾਲਸਾ ਪੰਥ ਨੇ ਕੇਵਲ ੮ ਮਹੀਨਿਆਂ ਬਾਅਦ ਹੀ ਅਬਦਾਲੀ ਨੂੰ ਮੈਦਾਨੇ ਜੰਗ ਵਿੱਚੋਂ ਭਜਾ ਦਿੱਤਾ ਸੀ


    ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਅਨੁਸਾਰ ਤਿਆਰ-ਬਰ&ndashਤਿਆਰ ਸਿੰਘਾਂ ਦੇ ਸਮੂਹ ਨੂੰ ਗੁਰੂ ਪੰਥ ਆਖਦੇ ਹਨ, ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਪਾਤਿਸ਼ਾਹ ਜੀ ਨੇ ਇਸ ਦਾ ਅੰਤਿਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ।
       ਦਸਮੇਸ਼ ਪਿਤਾ ਨੇ ੧੬੯੯ ਦੀ ਵੈਸਾਖੀ ਨੂੰ ਸੀਸ ਭੇਟ ਕੌਤਕ ਵਰਤਾ ਕੇ ਅਤੇ ਧੁਰ ਕੀ ਬਾਣੀ, 'ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ॥' ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ ਭਾਨੀ (ਅੰਗ ੬੬੯) ਦੇ ਮਹਾਵਾਕ ਅਨੁਸਾਰ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਆਪ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛੱਕ ਕੇ ਆਪਣੇ ਆਪ ਨੂੰ ਖਾਲਸਾ ਪੰਥ ਵਿੱਚ ਅਭੇਦ ਕਰ ਲਿਆ ਅਤੇ ਇਸ ਗੁਰੂ ਪੰਥ ਦੇ ਸਿਧਾਂਤ ਨੂੰੰ ਚਮਕੌਰ ਦੀ ਗੜ੍ਹੀ ਵਿੱਚ ਅਮਲੀ ਰੂਪ ਦਿੱਤਾ ਜਦੋਂ ਪੰਜਾਂ ਪਿਆਰਿਆਂ ਨੇ ਗੁਰੂ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਪੰਥ ਦੀ ਹੈਸੀਅਤ ਵਿੱਚ ਗੁਰੂ ਸਾਹਿਬ ਨੂੰ ਚਮਕੌਰ ਦੀ ਗੜ੍ਹੀ ਛੱਡਣ ਵਾਸਤੇ ਕਿਹਾ ਤਾਂ ਗੁਰੂ ਸਾਹਿਬ ਨੇ ਗੁਰੂ ਪੰਥ ਦੀ ਆਗਿਆ ਮੰਨ ਕੇ ਮੁਗਲਾਂ ਤੇ ਹਿੰਦੂ ਬਾਈ ਧਾਰ ਦੇ ਰਾਜਿਆਂ ਦੀ ਲੱਖਾਂ ਦੀ ਫੌਜ ਦੇ ਘੇਰੇ ਵਿੱਚੋਂ ਤਾੜੀ ਮਾਰ ਕੇ ਨਿਕਲ ਗਏ ਸਨ। ੧੭੦੮ ਈ. ਨੂੰ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਸੁਭਾਇਮਾਨ ਕਰਕੇ, ਇਹਨਾਂ ਸ਼ਬਦਾਂ ਵਿੱਚ ਕਿ ਸਾਡੀ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਜੋਤਿ ਤੇ ਜੁਗਤਿ ਦਾ ਸਿਧਾਂਤ ਨਿਰਧਾਰਿਤ ਕਰ ਦਿੱਤਾ। ਇਤਿਹਾਸ ਗਵਾਹ ਹੈ ਕਿ ਜੋਤਿ ਤੇ ਜੁਗਤਿ ਦੇ ਸਿਧਾਂਤ ਤੇ ਪਹਿਰਾ ਦੇ ਕੇ ਖਾਲਸਾ ਪੰਥ ਵੱਡੇ ਵੱਡੇ ਜੰਗਾਂ ਯੁਧਾਂ ਦੇ ਸੰਤਾਪ ਨੂੰ ਆਪਣੇ ਪਿੰਡੇ ਤੇ ਹੰਢਾ ਕੇ ਵੀ ਜੇਤੂ ਹੋ ਕੇ ਨਿਕਲਿਆ ਹੈ।
        ਖਾਲਸਾ ਪੰਥ (ਸਿੱਖ ਕੌਮ) ਨੇ ਇੱਕ ਉੱਤਮ ਮਿਸਾਲ ਪੈਦਾ ਕੀਤੀ ਹੈ ਕਿ ਅਕਾਲ ਪੁਰਖ ਨਾਲ ਜੁੜਿਆ ਮਨੁੱਖ ਇਹੋ ਜਿਹਾ ਹੋਣਾ ਚਾਹੀਦਾ ਹੈ, ਗਰਜਾ ਸਿੰਘ, ਬੋਤਾ ਸਿੰਘ ਤੇ ਤਾਰੂ ਸਿੰਘ ਆਮ ਮਿੱਟੀ ਦੇ ਹੀ ਬਣੇ ਹੋਏ ਸਨ, ਪਰ ਦਸ਼ਮੇਸ਼ ਪਿਤਾ ਵਲੋਂ ਉਨ੍ਹਾਂ ਦੇ ਕੇਸਾਂ ਵਿੱਚ ਛਿਕੜੇ 'ਖੰਡੇ ਦੀ ਪਾਹੁਲ' ਵਿੱਚੋਂ ਉਪਜਿਆ ਜੀਵਨ ਨਾ ਮੌਤ ਦੇ ਭੈਅ ਤੋਂ ਡਰਿਆ, ਨਾ ਪੰਜਾਬ ਦੇ ਜੰਗੀ ਮੈਦਾਨਾਂ ਵਿੱਚੋਂ ਭੱਜਿਆ ਤੇ ਨਾ ਹੀ ਮਧਕਾਲੀ ਮੁਗਲ ਤਸੀਹਾਂ ਘਰਾਂ ਵਿੱਚ ਹਰਾਇਆ ਜਾ ਸਕਿਆ, ਜਿੱਥੇ ਅਕਾਲ ਪੁਰਖ ਨਾਲੋਂ ਨਾਤਾ ਤੋੜਨ ਦੀ ਬਜਾਇ ਧੜ ਨਾਲੋਂ ਸੀਸ ਵੱਖ ਕਰਨ ਨੂੰ ਪਰਵਾਣ ਕਰਨਾ ਆਮ ਜਹੀ ਗੱਲ ਬਣ ਗਈ ਸੀ, ਅਜਿਹੇ ਹਾਲਾਤਾਂ ਵਿੱਚ ਵੀ ਖਾਲਸਾ ਪੰਥ ਨੇ ਆਪਣਾ ਪਰਉਪਕਾਰੀ ਅਤੇ ਸਰਬੱਤ ਦਾ ਭਲਾ ਕਰਨ ਵਾਲਾ ਸੁਭਾਅ ਨਹੀਂ ਛੱਡਿਆ।
'ਪੰਥ ਵਿੱਚ ਧੜਿਆਂ ਦੀ ਕੋਈ ਵਿਵਸਥਾ ਹੀ ਨਹੀਂ ਹੈ ਪਰ ਅੱਜ ਪੰਥ ਵਿੱਚ ਏਨੇ ਧੜੇ ਬਣ ਗਏ ਹਨ ਕਿ ਇਹ ਅਲੱਗ ਅਲੱਗ ਧੜੇ ਪੰਥ ਦਾ ਵਜ਼ੂਦ ਹੀ ਖਤਮ ਕਰ ਰਹੇ ਹਨ, ਜਿਸ ਨਾਲ ਸਿੱਖ ਕੌਮ ਦੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਖੋਰਾ ਲੱਗ ਰਿਹਾ ਹੈ 'ਅੱਜ ਵੱਖ ਵੱਖ ਡੇਰਿਆਂ, ਸਿੱਖ ਸੰਪਰਦਾਵਾਂ ਅਤੇ ਵੱਖ ਵੱਖ ਨਾਵਾਂ ਹੇਠ ਪ੍ਰਚੱਲਤ ਅਕਾਲੀ ਧੜੇ ਅਤੇ ਉਨ੍ਹਾਂ ਦੀ ਛਾਵੇਂ ਪਲ ਰਹੇ ਧੜਿਆਂ ਵਿਚਲੇ ਧੜੇ ਸਾਂਰੇ ਦੇ ਸਾਰੇ ਕਦਾਚਿਤ ਏਕਤਾ ਨਹੀਂ ਕਰ ਸਕਦੇ, ਕਿਉਂਕਿ ਹੈਂਕੜ ਦੀ ਸੇਂਹ ਦਾ ਤੱਕਲਾ ਹਰ ਇੱਕ ਦੇ ਵਿਹੜੇ ਟਿਕਾ ਕੇ ਗੱਡਿਆ ਹੋਇਆ ਹੈ। ਜੇ ਲੋਕਾਂ ਦੀ ਪਿੱਠ ਪਿੱਛੇ ਇਨ੍ਹਾਂ ਏਕਤਾ ਕਰ ਵੀ ਲਈ ਤਾਂ ਇਹ ਏਕਤਾ ਕੇਵਲ ਧੜੇ ਪਾਲਣ ਖਾਤਰ ਅਤੇ ਸ਼ਹੀਦ ਸਿੰਘਾਂ ਦੇ ਮਘ ਰਹੇ ਸਿਵਿਆਂ ਉੱਤੇ ਮੰਡੇ ਸੇਕਣ ਖਾਤਰ ਹੀ ਹੋਵੇਗੀ। ਅਜਿਹੀ ਏਕਤਾ ਵਿੱਚੋਂ ਸਿੱਖ ਕੌਮ ਦੀ ਬਿਹਤਰੀ ਨਹੀਂ ਨਿਕਲ ਸਕਦੀ, ਜਿਵੇਂ ਕਿ ਬੱਕਰੀ ਊਠ ਨੂੰ ਜਨਮ ਨਹੀਂ ਦੇ ਸਕਦੀ। ਅੱਜ ਕੌਮ ਦੇ ਜਾਗਣ ਦਾ ਵੇਲਾ ਹੈ। ਸੁਤਿਆਂ ਦੀਆਂ ਗੱਠੜੀਆਂ ਨੂੰ ਚੋਰ ਲੱਗ ਰਹੇ ਹਨ, ਨਹਾਇਤ ਜ਼ਰੂਰੀ ਹੈ ਕਿ ਕੌਮ ਕੇਹਰ (ਸ਼ੇਰ) ਵਾਂਗ ਆਪਣੇ ਗੁੱਸੇ ਨੂੰ ਛੱਡਕੇ ਅਵੇਸਲੇਪਣ ਦੀ ਹਨੇਰੀ ਗੁਫਾ ਤੋਂ ਬਾਹਰ ਆਵੇ ਅਤੇ ਆਪਣੀ ਕਿਸਮਤ ਨੂੰ ਆਪਣੇ ਹੱਥ ਵਿੱਚ ਲੈਣ ਦੀ ਸਿੰਘ ਗਰਜਣਾ ਕਰੇ। ਬੇਈਮਾਨ ਵਿਚੋਲਿਆਂ ਨੂੰ ਉਸੇ ਤਰ੍ਹਾਂ ਗਲੋਂ ਲਾਹ ਦੇਵੇ, ਜਿਵੇਂ ਕਦੇ ਦਸਮੇਸ਼ ਪਿਤਾ ਨੇ ਮਸੰਦਾਂ ਨੂੰ ਗਲੋਂ ਲਾਹਿਆ ਸੀ ਅਤੇ ਸੰਗਤ ਨੂੰ ਖਾਲਸਾ ਕਰ ਕੇ ਦੁਨਿਆਂ ਉੱਤੇ ਰਾਜ ਕਰਨ ਦੇ ਰਾਹ ਤੋਰਿਆ ਸੀ। ਜੇ ਕਿਤੇ ਇਹ ਹੋ ਜਾਵੇ ਤਾਂ ਇਹ ਹਿੰਦੁਸਤਾਨ ਹੀ ਨਹੀਂ, ਏਸੀਆ ਦੀ ਸਭ ਤੋਂ ਵੱਡੀ ਜੁਗ ਗਰਦੀ ਹੋਵੇਗੀ ਅਤੇ ਖਾਲਸਾ ਦੁਨੀਆਂ ਨੂੰ ਸਹੀ ਰਾਹ ਵਿਖਾਉਣ ਦਾ ਆਪਣਾ ਬਿਰਦ ਪਾਲ ਰਿਹਾ ਹੋਵੇਗਾ। ਫੁਰਮਾਨ ਹੈ: ਰਚ ਦੀਨੋ ਖਾਲਸਾ ਜਗਤ ਕਉ ਦੈਨ ਸੰਥ॥'
ਪੰਥਕ ਏਕਤਾ ਤੋਂ ਬਿਨਾ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣਾ ਸੰਭਵ ਨਹੀਂ ਹੈ। ਅਵਾਜਾਂ ਮਾਰ ਰਹੀ ਮੰਜਲ ਤੱਕ ਪਹੁੰਚਣ ਲਈ ਕੇਵਲ ਕੁਝ ਤਰੱਦਦ ਕਰਨ ਦੀ ਲੋੜ ਹੈ। ਧੜਿਆਂ ਦਿਆਂ ਧਨੀਆ, ਜਿਨ੍ਹਾਂ ਨੇ ਹੇਮੂੰ ਬਾਣੀਏ ਵਾਂਗ ਅੱਜ ਤੱਕ ਚੰਮ ਦੀਆਂ ਚਲਾਈਆਂ ਹਨ, ਨੂੰ ਕੌਮ ਉੱਤੇ ਤਰਸ ਕਰਨ ਲਈ ਮਜ਼ਬੂਰ ਕੀਤਾ ਜਾਵੇ। ਸਭ ਨੂੰ ਇੱਕ ਸਾਂਝੀ ਕਮੇਟੀ ਬਣਾਉਣ ਲਈ ਮਨਾਇਆ ਜਾਵੇ, ਉਸ ਤਿਆਗ ਦੀ ਮੰਗ ਕੀਤੀ ਜਾਵੇ, ਜਿਸ ਨੂੰ ਕਰਨ ਲਈ ਇਹ ਸਟੇਜਾਂ ਉੱਤੇ ਬਹਿਬਲ ਹੋਏ ਦਿਸਦੇ ਹਨ।
'ਮੱਸੇ ਰੰਘੜ ਦਾ ਸਿਰ ਵੱਢਣ ਵਾਲਾ ਭਾਈ ਰਤਨ ਸਿੰਘ ਦਾ ਦਾਦਾ ਮਹਿਤਾਬ ਸਿੰਘ ਅਤੇ ਤਾਇਆ ਵੱਡੇ ਘਲੂਘਾਰੇ ਵਿੱਚ ਸ਼ਾਮਲ ਸਨ। ਘਲੂਘਾਰੇ ਵਾਲੇ ਦਿਨ ਰਹਿਰਾਸ ਵੇਲੇ ਆਪਣੇ ਅਤੇ ਸ਼ਹੀਦਾਂ ਦੇ ਖੂੰਨ ਨਾਲ ਸੁਰਖ਼ ਹੋਈ ਧਰਤੀ ਤੇ ਆਪਣੇ ਪਰਿਵਾਰਾਂ ਦੇ ਮਘਦੇ ਸਿਵਿਆਂ ਦੀ ਲੋਅ ਹੇਠ ਜਦ ਜਖ਼ਮੀ ਸ਼ੇਰਾਂ, ਹੱਠੀਆਂ, ਜੱਪੀਆਂ ਪਰਉਪਕਾਰੀਆਂ ਦਾ ਦੀਵਾਨ ਸਜਿਆ ਤਾ ਉਨ੍ਹਾਂ ਮਿੱਠੇ ਮਿਹਣੇ ਦੇ ਤੌਰ ਤੇ ਗੁਰੂ ਪ੍ਰਮੇਸ਼ਰ ਅੱਗੇ ਇਉਂ ਅਰਦਾਸ ਕੀਤੀ ਕਹਿਣ ਲੱਗੇ:  ਪੰਥ ਜੋ ਰਹਾ ਤੋ ਤੇਰਾ ਗ੍ਰੰਥ ਭੀ ਰਹੇਗਾ ਨਾਥ  ਪੰਥ ਨ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੈਗੋ।
"ਅਰਥਾਤ ਨਿਰੰਤਰ ਗੁਰਬਾਣੀ ਦੇ ਪਰਵਾਹ ਰਾਹੀਂ ਤੇਰਾ ਸਰਬ ਕਲਿਆਣਕਾਰੀ ਉਪਦੇਸ਼ ਜਿਊਂਦਾ ਰੱਖਣ ਲਈ ਖਾਲਸਾ ਜਨਮ ਹੀ ਤੋਂ ਬਚਨਵੱਧ ਅਤੇ ਯਤਨਸ਼ੀਲ ਰਿਹਾ ਹੈ, ਆਪ ਦੇ ਗੁਰੂ ਗ੍ਰੰਥ ਸਾਹਿਬ ਰਾਹੀਂ ਕੀਤੇ ਫੁਰਮਾਣ ਨੂੰ ਜੁਗੋ ਜੁਗ ਅਟੱਲ ਰੱਖਣ ਹਿਤ ਖਾਲਸੇ ਨੇ ਵਰ੍ਹਿਆਂ ਤੋਂ ਸਿਰ ਤੇ ਖਫਣ ਬੰਨ੍ਹਿਆਂ ਹੋਇਆ ਹੈ। ਇਸ ਉਦੇਸ਼ ਦੀ ਪੂਰਤੀ ਲਈ ਅੱਜ ਆਪ ਦੇ ਸਾਹਮਣੇ ਸਾਰ ਦਾ ਖੰਡਾ ਖੜਕਾਇਆ। ਜੋ ਸਿਰ ਅੰਮ੍ਰਿਤਪਾਨ ਕਰਨ ਵੇਲੇ ਹਜੂਰ ਦੀ ਭੇਟਾ ਕੀਤੇ ਸਨ ਅੱਜ ਉਹਾ ਤਲੀ ਤੇ ਰੱਖ ਕੇ ਆਪ ਦੇ ਚਰਨੀ ਹਾਜਰ ਹੋਏ, ਖਾਲਸੇ ਦੀ ਭੇਟ ਪ੍ਰਵਾਣ ਕਰਨਾ ਅਤੇ ਰਹਿੰਦੀਆਂ ਸੰਗਤਾ ਨੂੰ ਇਸੇ ਲੀਹ ਤੇ ਚਲਣ ਦਾ ਬਲ ਬਖਸ਼ਣਾ। ਪਰ ਸ਼ਹਿਨਸ਼ਾਹ ਅੱਜ ਖਾਲਸੇ ਦਾ ਬਹੁਤ ਵੱਡਾ ਹਿੱਸਾ ਸ਼ਹੀਦ ਹੋਇਆ ਹੈ। ਵਾਹ! ਭਲਾ ਜਿਵੇਂ ਤੇਰੀ ਰਜ਼ਾ ਹੈ, ਪਰ ਹੇ ਨਾਥ, ਜੇ ਆਪ ਦੀ ਬਾਣੀ ਨੂੰ ਪ੍ਰਚਾਰਨ ਲਈ ਮਰ ਮਿਟਣ ਵਾਲੇ ਨਾ ਰਹੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੁੱਕ ਕੇ ਕੌਣ ਤੁਰੂ? ਹੇ ਸਰਬ ਸ਼ਕਤੀਮਾਨ ਖਾਲਸੇ ਨੂੰ ਬਲ ਬਖਸ਼ ਕਿ ਉਹ ਆਪਦੇ ਰਾਹ ਤੇ ਚਲਦਾ ਹੋਇਆ ਸਦਾ ਚੜ੍ਹਦੀਆਂ ਕਲਾਂ ਵਿੱਚ ਜਾਵੇ ਅਤੇ ਆਉਣ ਵਾਲੇ ਕਰੌੜਾਂ ਲੋਕਾਂ ਦੇ ਭਲੇ ਲਈ ਗੁਰੂ ਗ੍ਰੰਥ ਸਾਹਿਬ ਦੇ ਪਵਿਤਰ ਉਪਦੇਸ਼ਾਂ ਨੂੰ ਸਦਾ ਜੀਊਂਦਾ ਜਾਗਦਾ ਰੱਖਣ ਵਿੱਚ ਸਫਲ ਹੋਵੇ।" (ਹਵਾਲਾ ਪੁਸਤਕ ਸਿੰਘ ਨਾਦ ਪੰਨਾ ੧੪੨)।
ਜਿੰਦਾ ਸ਼ਹੀਦਾਂ ਦੀ ਦਿੱਲ ਨੂੰ ਹਿਲਾ ਦੇਣ ਵਾਲੀ ਉਕਤ ਅਰਦਾਸ ਗੁਰੂ ਦੇ ਦਰ ਪਰਵਾਣ ਹੋਈ ਅਤੇ ਵੱਡਾ ਘੱਲੂਘਾਰਾ ਵਰਤਾਉਣ ਵਾਲੇ ਅਹਿਮਦਸ਼ਾਹ ਅਬਦਾਲੀ ਨੂੰ ਉਸੇ ਹੀ ਸਾਲ ਅੱਠ ਮਹੀਨਿਆਂ ਬਾਅਦ ੬੦ ਹਜਾਰ ਪ੍ਰਗਟ ਹੋਏ ਖਾਲਸੇ ਨੇ ਅਬਦਾਲੀ ਨੂੰ ਮੈਦਾਨੇ ਜੰਗ ਵਿੱਚੋਂ ਭਜਾ ਦਿੱਤਾ ਸੀ। ਜਦੋਂ ਅਹਿਮਦਸ਼ਾਹ ਅਬਦਾਲੀ ਨੇ ਆਪਣੇ ਸਾਥੀਆਂ ਨੂੰ ਪੁੱਛਿਆ ਕਿ ਤੁਸੀਂ ਤਾਂ ਕਹਿੰਦੇ ਸੀ ਵੱਡੇ ਘੱਲੂਘਾਰੇ ਵਿੱਚ ਜੰਗਜੂ ਖਾਲਸਾ ਮਾਰਿਆ ਗਿਆ ਸੀ! ਫਿਰ ਅੱਠ ਮਹੀਨਿਆਂ ਵਿੱਚ ੬੦ ਹਜ਼ਾਰ ਖਾਲਸਾ ਜੰਮ ਕੇ ਜਵਾਨ ਕਿਵੇਂ ਹੋ ਗਿਆ? ਤਾਂ ਅਹਿਮਦਸ਼ਾਹ ਅਬਦਾਲੀ ਨੂੰ ਜਵਾਬ ਮਿਲਿਆ ਕਿ ਇਨ੍ਹਾਂ ਦੇ ਮੁਰਸ਼ਦ ਨੇ ਖਾਲਸਾ ਪ੍ਰਗਟ ਕੀਤਾ ਹੈ, ਇਸ ਕਰਕੇ ਖਾਲਸਾ ਨਾ ਜੰਮਦਾ ਹੈ ਤੇ ਨਾ ਮਰਦਾ ਹੈ ਕੇਵਲ ਪ੍ਰਗਟ ਹੀ ਹੁੰਦਾ ਹੈ। ਖਾਲਸਾ ਅਕਾਲ ਪੁਰਖ ਕੀ ਫੌਜ॥ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ॥ ਅਤੇ ਇਸ ਪ੍ਰਗਟ ਹੋਏ ਖਾਲਸੇ ਨੇ ਏਸ਼ੀਆ ਦੇ ਜੇਤੂ ਜਰਨੈਲ ਅਹਿਮਦਸ਼ਾਹ ਅਬਦਾਲੀ ਦੇ ਹਰ ਹਮਲੇ ਨੂੰ ਪਛਾੜ ਕੇ ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਕਮਾਂਡ ਹੇਠ ਸਰਕਾਰ-ਏ-ਖਾਲਸਾ ਦੇ ਵਿਧਾਨ ਤਹਿਤ ਸਿੱਖ ਰਾਜ ਸਥਾਪਿਤ ਕਰ ਲਿਆ। ੧੬੯੯ ਦੀ ਵੈਸਾਖੀ ਨੂੰ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਨੇ ਨਾਨਕ ਪੰਥ ਵਿੱਚੋਂ ਖਾਲਸਾ ਪ੍ਰਗਟ ਕੀਤਾ ਤੇ ੧੭੯੯ ਨੂੰ ਖਾਲਸਾ ਪੰਥ ਨੇ ਮੁਗਲਾਂ ਤੇ ਅਫਗਾਨਾਂ ਦੀਆਂ ਗੋਡਨੀਆਂ ਲੁਆ ਕੇ ਖਾਲਸਾ ਰਾਜ ਸਥਾਪਿਤ ਕਰ ਲਿਆ। ਅਪ੍ਰੈਲ ੨੦੧੪ ਵਿੱਚ ਚੱਪੜ ਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦੇ ਉਦਘਾਟਨੀ ਸਮਾਰੋਹ ਵਿੱਚ ਉਸ ਵੇਲੇ ਦੇ ਭਾਜਪਾ ਦੇ ਪ੍ਰਧਾਨ ਅਤੇ ਹੁਣ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਖੁਲ੍ਹੇ ਮਨ ਨਾਲ ਇਹ ਸਵੀਕਾਰ ਕੀਤਾ ਸੀ ਕਿ ਜੇ ਅੱਜ ਅਸੀਂ ਅਜ਼ਾਦ ਹਾਂ ਤਾਂ ਖਾਲਸਾ ਪੰਥ ਦੇ ਕਾਰਣ ਹੀ ਅਜ਼ਾਦ ਹਾਂ।
ਹੁਣ ਅਸੀਂ  ਪੰਥ ਜੋ ਰਹਾ ਤੋ ਤੇਰਾ ਗ੍ਰੰਥ ਭੀ ਰਹੇਗਾ ਨਾਥ ਪੰਥ ਨ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੈਗੋ। ਦੇ ਇਤਿਹਾਸਕ ਹਵਾਲੇ ਦੀ ਸਿਧਾਂਤਕ ਪੱਖੋਂ ਵਿਚਾਰ ਕਰਾਂਗੇ: "ਸਿੱਖੀ ਵਿੱਚ ਗੁਰੂ ਗ੍ਰੰਥ ਅਤੇ ਗਰੂ ਪੰਥ ਦਾ ਅਨੌਖਾ ਸੁਮੇਲ ਹੈ, ਇੱਕ ਦਾ ਸਬੰਧ ਗੁਰੂ ਪ੍ਰੰਪਰਾ ਦੇ ਸਿਧਾਂਤਕ ਪੱਖ ਨਾਲ ਹੈ, ਜਦਕਿ ਦੂਜੇ ਦਾ ਵਿਵਹਾਰਕ ਪੱਖ ਨਾਲ ਹੈ। ਸਿਧਾਂਤਕ ਪੱਖੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਸੰਸਾਰ ਤੱਕ ਕੀਰਤੀਪਾਨ ਕਰਨ ਪੱਖੋਂ ਪੰਥ ਗੁਰੂ ਹੈ ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਅਸਲ ਵਿੱਚ ਗੁਰੂ ਪੰਥ, ਗੁਰੂ ਗ੍ਰੰਥ ਦੇ ਸਿਧਾਂਤ ਨੂੰ ਸਮਾਜ ਵਿੱਚ ਵਿਵਹਾਰਕ ਤੌਰ ਤੇ ਸਥਾਪਿਤ ਕਰਨ ਦਾ ਕਾਰਜ ਕਰਦਾ ਹੈ"।

ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ
-੦-੦-੦-੦-੦-