image caption: ਲੇਖਕ - ਜਥੇਦਾਰ, ਮਹਿੰਦਰ ਸਿੰਘ ਖਹਿਰਾ, ਕਵੈਂਟਰੀ

ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਅਸਲੀਅਤ

  'ਧਰਮਯੁੱਧ' ਮੋਰਚੇ ਦੌਰਾਨ 'ਅਨੰਦਪੁਰ ਸਾਹਿਬ ਦੇ ਮਤੇ' ਦੇ ਨਾਂਅ ਹੇਠ ਵੱਡੀ ਪੱਧਰ ਤੇ ਵੰਡਿਆ ਤੇ ਪ੍ਰਚਾਰਿਆ ਗਿਆ ਖਰੜਾ ਅਸਲ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਨਹੀਂ, ਸਗੋਂ ਅਨੰਦਪੁਰ ਸਾਹਿਬ ਦੇ ਮਤੇ 'ਤੇ ਅਧਾਰਿਤ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਨੀਤੀ ਪ੍ਰੋਗਰਾਮ ਹੈ। ਇਹ ਪ੍ਰੋਗਰਾਮ ਘੜਨ ਲਈ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ੧੧ ਦਸੰਬਰ ੧੯੭੨ ਨੂੰ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਇੱਕ ਸਬ ਕਮੇਟੀ ਕਾਇਮ ਕੀਤੀ ਗਈ ਸੀ। ਇਸ ਸਬ ਕਮੇਟੀ ਨੇ ਆਪਣੀਆਂ ੧੧ ਮੀਟਿੰਗਾਂ ਕੀਤੀਆਂ। ਜਿਨ੍ਹਾਂ ਵਿੱਚ ਪੰਥ ਦੇ ਸੂਝਵਾਨ ਬੁਧੀਜੀਵੀਆਂ ਨੂੰ ਉਚੇਚੇ ਤੌਰ ਤੇ ਬੁਲਾਇਆ ਜਾਂਦਾ ਰਿਹਾ ਅਤੇ ਉਨ੍ਹਾਂ ਦੇ ਬਹੁਮੁੱਲੇ ਵਿਚਾਰਾਂ ਅਨੁਸਾਰ ਇਹ ਖਰੜਾ ਤਿਆਰ ਕੀਤਾ ਗਿਆ। ਅਨੰਦਪੁਰ ਸਾਹਿਬ ਦੇ ਮਤੇ ਤੇ ਅਧਾਰਿਤ ਹੋਣ ਅਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ੧੬-੧੭ ਅਕਤੂਬਰ ੧੯੭੩ ਨੂੰ ਅਨੰਦਪੁਰ ਸਾਹਿਬ ਵਿਖੇ ਪਾਸ ਕੀਤਾ ਗਿਆ ਹੋਣ ਕਰਕੇ, ਇਸ ਨੂੰ ਵੀ ਅਨੰਦਪੁਰ ਸਾਹਿਬ ਦਾ ਮਤਾ ਹੀ ਕਿਹਾ ਜਾਣ ਲਗ ਪਿਆ। ਲੰਮਾ ਸਮਾਂ ਠੰਢੇ ਬਸਤੇ ਵਿੱਚ ਪਏ ਰਹਿਣ ਤੋਂ ਬਾਅਦ ੨੮-੦੮-੧੯੭੭ ਨੂੰ ਅਕਾਲੀ ਦਲ ਦੇ ਜਨਰਲ ਇਜਲਾਸ ਦੀ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ, ਪਰ ਆਮ ਲੋਕਾਂ ਤੱਕ ਇਹ 'ਧਰਮਯੁੱਧ ਮੋਰਚੇ' ਦੌਰਾਨ ੧੯੮੨ ਵਿੱਚ ਹੀ ਪਹੁੰਚਿਆ। ਹਿੰਦੋਸਤਾਨ ਦੀਆਂ ਤਕਰੀਬਨ ਸਾਰੀਆਂ ਪਾਰਟੀਆਂ ਨੇ ਹੀ ਇਸ ਨੂੰ ਵੱਖ-ਵਾਦੀ ਅਤੇ ਖਾਲਿਸਤਾਨ ਦਾ ਮਤਾ ਕਹਿਕੇ ਭੰਡਿਆ ਅਤੇ ਵਿਰੋਧ ਕੀਤਾ।
  ਇਸ ਮਤੇ ਦਾ ਰਾਜਸੀ ਨਿਸ਼ਾਨਾ ਜਿਸ ਦਾ ਮਨੋਰਥ 'ਖਾਲਸਾ ਜੀ ਦੇ ਬੋਲਬਾਲੇ, ਲੋੜੀਂਦਾ ਦੇਸ ਕਾਲ ਅਤੇ ਰਾਜਸੀ ਵਿਧਾਨ ਦੀ ਸਿਰਜਨਾ ਪ੍ਰਾਪਤੀ ਸੀ', ਸਭ ਹਿੰਦੂਤਵੀਆਂ ਨੂੰ ਚੁੱਭਦਾ ਸੀ। ਸਿੱਖਾਂ ਦੀ ਕੱਟੜ ਵਿਰੋਧੀ ਪਾਰਟੀ ਕਾਂਗਰਸ ਨੇ ਤਾਂ ਆਪਣਾ ਹਿੰਦੂ ਵੋਟ ਬੈਂਕ ਕਾਇਮ ਰੱਖਣ ਲਈ ਇਸ ਦਾ ਵਿਰੋਧ ਕਰਨਾ ਹੀ ਸੀ, ਪਰ ਜਨਤਾ ਪਾਰਟੀ, ਭਾਜਪਾ ਅਤੇ ਲੋਕ ਦਲ ਆਦਿ ਅਕਾਲੀ ਦਲ ਦੀਆਂ ਸਮਰਥਕ ਪਾਰਟੀਆਂ ਨੇ ਵੀ ਇਸ ਦਾ ਵਿਰੋਧ ਕੀਤਾ। ਜਨਤਾ ਪਾਰਟੀ ਦੇ ਪ੍ਰਧਾਨ ਚੰਦਰ ਸ਼ੇਖਰ ਨੇ ੨੯ ਅਕਤੂਬਰ ੧੯੭੮ ਨੂੰ ਲੁਧਿਆਣਾ ਵਿਖੇ ਹੋਈ ਅਠ੍ਹਾਰਵੀਂ ਆਲ ਇੰਡੀਆ ਅਕਾਲੀ ਕਾਨਫਰੰਸ ਦੀ ਸਟੇਜ 'ਤੇ ਅਕਾਲੀ ਨੇਤਾਵਾਂ ਦੀ ਹਾਜ਼ਰੀ ਵਿੱਚ ਹੀ ਇਸ ਮਤੇ ਦਾ ਸਖਤ ਵਿਰੋਧ ਕੀਤਾ ਸੀ। ਭਾਜਪਾ ਪ੍ਰਧਾਨ ਅਟੱਲ ਬਿਹਾਰੀ ਵਾਜਪਾਈ ਅਤੇ ਚੌਧਰੀ ਚਰਨ ਸਿੰਘ ਇਸ ਮਤੇ ਦਾ ਵਿਰੋਧ ਕਰਨ ਵਿੱਚ ਸਭ ਤੋਂ ਅੱਗੇ ਸਨ ਤੇ ਇੰਦਰਾ ਗਾਂਧੀ ਨੂੰ ਇਸ ਮਸਲੇ ਤੇ ਅਕਾਲੀ ਦਲ ਨਾਲ ਕੋਈ ਸਮਝੌਤਾ ਨਾ ਕਰਨ ਦੀਆਂ ਸਲਾਹਾਂ ਵੀ ਦਿੰਦੇ ਰਹਿੰਦੇ ਸਨ (ਕਿਉਂਕਿ ਧਰਮਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਕਾਲੀ ਦਲ ਨੂੰ ਕਹਿੰਦੇ ਸਨ ਕਿ ਇੰਦਰਾ ਨਾਲ ਅਨੰਦਪੁਰ ਦੇ ਮਤੇ ਤੋਂ ਘੱਟ ਕੋਈ ਗੱਲ ਨਹੀਂ ਕਰਨੀ) ਹਵਾਲਾ ਧਰਮਯੁੱਧ ਤੇ ਜੁਝਾਰੂ ਲਹਿਰ: ਪੰਥਕ ਦਸਤਾਵੇਜ਼ ਸੰਪਾਦਕ ਕਰਮਜੀਤ ਸਿੰਘ, ਨਾਰਾਇਣ ਸਿੰਘ, ਭਾਗ ਪਹਿਲਾ ਪੰਨਾ ੪੦।
 ਪਿਛੇ ਜਿਹੇ ਕਈ ਦਹਾਕਿਆਂ ਤੋਂ ਅਕਾਲੀ ਦਲ ਦੇ ਸਲਾਹਕਾਰ ਚਲੇ ਆਉਂਦੇ ਜਸਵੀਰ ਸਿੰਘ ਨੇ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਇੱਕ ਲੇਖ ਅਖਬਾਰ ਵਿੱਚ ਛਾਪਿਆ। ਇਸ ਲੇਖ ਵਿੱਚ ਪ੍ਰਮੁਖ ਤੌਰ ਉੱਤੇ ਇਹ ਕੋਸ਼ਿਸ਼ ਕੀਤੀ ਗਈ ਕਿ ਸ਼੍ਰੋਮਣੀ ਅਕਾਲੀ ਦਲ (ਅਜੋਕੀ ਪੰਜਾਬੀ ਪਾਰਟੀ) ਨੂੰ ਅਨੰਦਪੁਰ ਦਾ ਮਤਾ ਪਾਸ ਕਰਨ ਦੇ ਇਲਜ਼ਾਮ ਤੋਂ ਬਰੀ ਕੀਤਾ ਜਾਵੇ। ਇਸ ਮਕਸਦ ਨੂੰ ਸਾਧਣ ਲਈ ਬੇਵਜ੍ਹਾ ਅਣਖੀ ਅਤੇ ਅਕਲ ਦੇ ਧਨੀ ਸਿਰਦਾਰ ਕਪੂਰ ਸਿੰਘ ਨੂੰ ਅੱਖੜ, ਸ਼ਰਾਬੀ ਅਤੇ ਚਲਾਕ ਸਾਜਸ਼ੀ ਬਣਾ ਕੇ ਪੇਸ਼ ਕੀਤਾ ਗਿਆ, ਜਿਸ ਨੇ ਧੱਕੇ ਅਤੇ ਹੇਰਾਫੇਰੀ ਨਾਲ ਅਕਾਲੀ ਦਲ ਦੇ ਕਾਰਜ ਕਾਰਨੀ ਕੋਲੋਂ ਇਸ aੱਤੇ ਸਹੀ ਪੁਆ ਲਈ ਸੀ। ਉਪਰੰਤ ਖੁਆਜੇ ਦੀ ਗਵਾਹੀ ਡੱਡੂ (ਹਰਪਾਲ ਸਿੰਘ ਪਨੂੰ) ਵੀ ਦੇ ਚੁੱਕਿਆ ਹੈ। ਹਵਾਲਾ ਪੁਸਤਕ: 'ਸਿੰਘ ਨਾਦ' {ਪੰਨਾ ੧੧੯}।
 ਸਿਰਦਾਰ ਕਪੂਰ ਸਿੰਘ ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜਮ ਨੇ ਬੜਾ ਸੋਧ ਸੁਆਰ ਕੇ ਇੱਕ ਮਤਾ ਦਲ ਦੀ ਮਨਸ਼ਾ ਅਨੁਸਾਰ ਬਣਾਇਆ। ਇਹ ਕਾਗਜ਼ਾਤ ਉਨ੍ਹਾਂ ਆਖਿਰ ਇਸ ਲੇਖ ਦੇ ਲੇਖਕ (ਸ. ਗੁਰਤੇਜ ਸਿੰਘ ਆਈ. ਸੀ. ਐਸ.) ਨੂੰ ਦੇ ਦਿੱਤੇ, ਜੋ ਉਸ ਗੁਰਮੁਖ ਦੀ ਹੱਥ ਲਿਖਤ (ਸ. ਕਪੂਰ ਸਿੰਘ ਦਾ ਅੰਗ੍ਰੇਜ਼ੀ ਵਿੱਚ ਲਿਖਿਆ ਹੋਇਆ ਅਨੰਦਪੁਰ ਦਾ ਮਤਾ) ਨੂੰ ਅਮੁੱਲ ਖਜ਼ਾਨਾ ਸਮਝ ਕੇ ਅੱੱਜ ਤੱਕ ਸਾਂਭੇ ਹੋਏ ਹਨ। ਇਸ ਅਸਲ ਨੂੰ ਅਨੰਦਪੁਰ ਸਾਹਿਬ ਵਿੱਚ ਹੋਈ ਦਲ ਦੀ ਕਾਰਜ ਕਾਰਨੀ ਦੀ ਮਿਲਣੀ ਵਿੱਚ ਪੇਸ਼ ਕੀਤਾ ਗਿਆ ਅਤੇ ਇੰਨ ਬਿੰਨ ਉਸੇ ਤਰ੍ਹਾਂ ਮੀਟਿੰਗ ਦੇ ਕਾਰਵਾਈ ਰਜਿਸਟਰ ਵਿੱਚ ਚੜ੍ਹਾਇਆ ਗਿਆ। ਆਖਿਰ ਕਾਰਜ ਕਾਰਨੀ ਦੇ ਮੈਂਬਰਾਂ ਨੇ ਰਜਿਸਟਰ ਉੱਤੇ ਇੱਕੋ ਵੇਲੇ ਦਸਤਖਤ ਕੀਤੇ। ਪੌਣੇ ਦੋ ਦਿਨ ਦੀ ਵਿਚਾਰ ਤੋਂ ਬਾਅਦ ਇਸ ਉੱਤੇ ਦਿਨ ਛਿਪੇ ਤੋਂ ਬਾਅਦ ਦਸਤਖਤ ਹੋਏ ਸਨ। ਸਮਾਂ ਪਾ ਕੇ ਇਹ ਰਜਿਸਟਰ ਤਲਵੰਡੀ ਦਲ ਦੇ ਕੋਲ ਰਹਿ ਗਿਆ। ਇਸ ਨੂੰ ਤੁਹਾਡੇ ਲੇਖਕ ਨੇ (ਸ. ਗੁਰਤੇਜ ਸਿੰਘ ਆਈ. ਸੀ. ਐਸ.) ਦੋ ਤਿੰਨ ਵਾਰ ਤਲਵੰਡੀ ਦਲ ਦੇ ਸਕੱਤਰ ਡਾ. ਭਗਤ ਸਿੰਘ ਕੋਲ ਵੇਖਿਆ ਸੀ।
'ਸੁਹਿਰਦ ਤੇ ਦੂਰ ਅੰਦੇਸ਼ ਸਿੱਖਾਂ ਦੇ ਪ੍ਰਭਾਵ ਹੇਠ ਸ਼੍ਰੋਮਣੀ ਅਕਾਲੀ ਦਲ ਨੇ ੧੯੭੨ ਵਿੱਚ ਖਾਲਸਾ ਪੰਥ ਦੇ ਪਵਿੱਤਰ ਅਸਥਾਨ ਅਨੰਦਪੁਰ ਸਾਹਿਬ ਵਿਖੇ ਇਹ ਮਤਾ ਪਾਸ ਤਾਂ ਕਰ ਲਿਆ ਪਰ ਹਿੰਦੂਆਂ ਦਾ ਪ੍ਰਭਾਵ ਕਬੂਲ ਕੇ ਨੈਸ਼ਨਲਿਸਟ ਆਗੂ ਬਣਨ ਅਤੇ ਦੇਸ਼ ਭਗਤ ਅਖਵਾਉਣ ਦੀ ਖਾਹਿਸ਼ ਪਾਲੀ ਬੈਠੇ ਕੁਝ ਅਕਾਲੀਆਂ ਨੇ ਸਿੱਖ ਪੰਥ ਦੀ ਰੂਹ ਨਾਲ ਜੁੜੇ ਇਸ ਇਤਿਹਾਸਕ ਮਤੇ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਕੋਈ ਵੀ ਠੋਸ ਤੇ ਕਾਰਗਰ ਕਦਮ ਨਾ ਚੁੱਕਿਆ ਸਗੋਂ ਉਲਟਾ ਇਸ ਦੇ ਤੱਥਾਂ ਅਤੇ ਹਕੀਕਤਾਂ ਨੂੰ ਹੀ ਬਹੁਤ ਬੁਰੀ ਤਰ੍ਹਾਂ ਤੋੜ-ਮਰੋੜ ਕੇ ਤੇ ਭੁਲੇਖੇ ਪਾ ਕੇ ਧੁੰਦਲਾ ਕਰ ਦਿੱਤਾ। ਨੀਵੇਂ ਪੱਧਰ ਦੀ ਇਸ ਅਕਾਲੀ ਵਿਰਤੀ ਕਾਰਨ ਇਹ ਮਤਾ ਸਿਰਫ ਇਤਿਹਾਸਕ ਦਸਤਾਵੇਜ ਵਜੋਂ ਅਕਾਲੀ ਦਲ ਦੀਆਂ ਗੁੰਮ ਫਾਈਲਾਂ ਵਿੱਚ ਹੀ ਗੁੰਮ ਹੋ ਕੇ ਰਹਿ ਗਿਆ ਅਤੇ ਆਮ ਸਿੱਖਾਂ ਤੱਕ ਪਹੁੰਚ ਹੀ ਨਹੀਂ ਸੱਕਿਆ।
 ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਨਵੇਂ ਪਾਲਸੀ ਪ੍ਰੋਗਰਾਮ ਦੇ ਖਰੜੇ ਨੂੰ ਹੀ ਅਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਵਿੱਚ ਪੇਸ਼ ਕਰਨ ਨਾਲ ਇਹ ਮੂਲ ਮਤਾ ਹੋਰ ਵੀ ਬੁਰੀ ਤਰ੍ਹਾਂ ਅੱਖੋਂ ਪਰੋਖੇ ਹੋ ਗਿਆ। ਤਲਵੰਡੀ ਦਲ ਨੇ ਤਾਂ ਇਸ ਮੂਲ ਮਤੇ ਵਿੱਚ ਵੀ ਅਦਲਾ ਬਦਲੀ ਕਰ ਦਿੱਤੀ ਅਤੇ ਉਸ ਨੂੰ ਹੀ ਅਨੰਦਪੁਰ ਸਾਹਿਬ ਦਾ ਅਸਲੀ ਮਤਾ ਪ੍ਰਚਾਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਹੋਰ ਵੀ ਦੁਬਿਧਾ ਪੈ ਗਈ। ਕਈ ਸਾਲ ਪਹਿਲਾਂ 'ਬਲੇਸ਼ਵਰ ਰਾਉ' ਦੇ ਨਾਂਅ ਹੇਠ ਛਪੇ ਇੱਕ ਪੈਫਲਿਟ ਵਿੱਚ ਅਨੰਦਪੁਰ ਸਾਹਿਬ ਦੇ ਤਿੰਨ ਮਤੇ ਪੇਸ਼ ਕੀਤੇ ਗਏ ਸਨ, ਜੋ ਅਕਾਲੀਆਂ ਦੀ ਲੰਗੜੀ ਸੋਚ ਦਾ ਪਰਦਾ ਫਾਸ਼ ਕਰਦੇ ਹਨ।
 ਸਿਰਦਾਰ ਕਪੂਰ ਸਿੰਘ ਦੇ ਲਿਖੇ ਮਤੇ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ੧੯੭੨ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਵਿੱਚ ਪ੍ਰਵਾਣ ਕੀਤਾ ਸੀ। ਅਨੰਦਪੁਰ ਦੇ ਮਤੇ ਦਾ ਮੂਲ ਤਰਕ ਇਹ ਹੈ ਕਿ 'ਸਿੱਖ ੧੬੯੯ ਵਿੱਚ ਖਾਲਸਾ ਸਾਜਣ ਦੇ ਸਮੇਂ ਤੋਂ ਹੀ ਸੰਪੂਰਣ ਪ੍ਰਭੂ ਸੱਤਾ ਧਾਰਨ ਦੇ ਅਧਿਕਾਰੀ ਹਨ। ਇਹਨਾਂ ਅਠ੍ਹਾਰਵੀਂ ਸਦੀ ਵਿੱਚ ਸ਼ਾਹੀ ਹਾਸਲ ਕੀਤੀ ਅਤੇ ਇਨ੍ਹਾਂ ਦੇ ਇਸ ਰੁੱਤਬੇ ਨੂੰ ਯੂਰਪ ਅਤੇ ਏਸ਼ੀਆ ਦੀਆਂ ਵੱਡੀਆਂ ਤਾਕਤਾਂ ਫਰਾਂਸ, ਚੀਨ ਆਦਿ ਨੇ ਪ੍ਰਵਾਣ ਕੀਤਾ। ਸੰਸਾਰ ਪ੍ਰਵਾਣਿਤ ਸਿਆਸੀ ਰੀਤ ਅਨੁਸਾਰ, ਸਿੱਖ ਅੱਜ ਵੀ ਪੂਰਨ ਸ਼ਾਹੀ (ਰਾਜ) ਹੰਢਾਉਣ ਦੇ ਮੁਕੰਮਲ ਅਧਿਕਾਰੀ ਹਨ। ਇਨ੍ਹਾਂ ਨੂੰ ਝਾਂਸਾ ਦੇ ਕੇ ਵੱਡਾ ਦਗਾ ਕਰਕੇ ਅਥਾਹ ਸਭਿਆਚਾਰਕ ਬਹੁ ਗਿਣਤੀ ਸ਼ਾਹੀ ਮਾਨਣ ਦੇ ਜਨਮ ਸਿੱਧ ਅਧਿਕਾਰਾਂ ਤੋਂ ਵਾਂਞਾ ਕਰ ਚੁੱਕੀ ਹੈ।
 'ਹੁਣ ਇਸ ਬਹੁ ਗਿਣਤੀ ਦੀ ਸਿੱਖ ਧਰਮ ਨੂੰ ਖੋਰਾ ਲਾ ਕੇ ਸਿੱਖਾਂ ਨੂੰ ਹਿੰਦੂਤਵ ਦੇ ਗਹਿਰੇ ਸਾਗਰ ਵਿੱਚ ਸਮਾ ਲੈਣ ਦੀ ਬਦਨੀਤੀ ਜਾਹਰ ਹੋ ਚੁੱਕੀ ਹੈ ਅਤੇ ਸਿੱਖ ਇਸ ਦਾ ਭਰਪੂਰ ਵਿਰੋਧ ਕਰਦੇ ਹੋਏ ਜੀਊਣਾ ਚਾਹੁੰਦੇ ਹਨ। ਇਸ ਲਈ ਹਿੰਦੋਸਤਾਨ ਵਿੱਚ ਇਨ੍ਹਾਂ ਦੇ ਸ਼ਾਹੀ ਮਾਨਣ ਦੇ ਹੱਕਾਂ ਨੂੰ ਮਾਣਤਾ ਦੇ ਕੇ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਕੇ। ਇਸ ਸੂਬੇ ਨੂੰ ਜਗਤ ਦੀ ਲੋਕ ਰਾਜੀ ਰੀਤ ਅਨੁਸਾਰ ਆਪਣਾ ਸੰਵਿਧਾਨ ਆਪ ਘੜਨ ਦਾ ਮੁੱਢਲਾ ਹੱਕ ਕਾਨੂੰਨੀ ਤੌਰ ਤੇ ਤਸਲੀਮ ਕੀਤਾ ਜਾਵੇ।
"ਕਿਉਂਕਿ ਸਿੱਖ ਭਾਰਤ ਦੀ ਏਕਤਾ, ਅਖੰਡਤਾ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ, ਇਸ ਲਈ ਸੁਰੱਖਿਆ, ਆਵਾਜਾਈ, ਬਹਿਰੂਨੀ ਮਾਮਲੇ ਅਤੇ ਕਰੰਸੀ ਦੇ ਮਹਿਕਮੇ ਕੇਂਦਰ ਸਰਕਾਰ ਕੋਲ ਰਹਿਣ ਦਿੱਤੇ ਜਾਣ ਨੂੰ ਪ੍ਰਵਾਣ ਕਰਦੇ ਹਨ। ਬਾਕੀ ਸਾਰੇ ਅਧਿਕਾਰ, ਜੋ ਪੰਜਾਬ ਕੋਲੋਂ ਧੋਖੇ ਨਾਲ, ਧੱਕੇ ਨਾਲ, ਬਦਨੀਅਤ ਨਾਲ ਖੋਹੇ ਗਏ ਹਨ, ਸੂਬੇ ਨੂੰ ਵਾਪਿਸ ਕੀਤੇ ਜਾਣ। ਸਾਹਿਬ ਦਸਵੇਂ ਪਾਤਿਸ਼ਾਹ, ਨੀਲੇ ਸ਼ਾਹ ਅਸਵਾਰ ਦੇ ਓਟ ਆਸਰੇ ਸਿੱਖ ਇਹ ਉਪਰੋਕਤ ਹੱਕ ਪ੍ਰਾਪਤ ਕਰਨ ਲਈ ਯਤਨਸ਼ੀਲ ਅਤੇ ਨੇਮਬੱਧ ਹਨ (ਸਿਰਦਾਰ ਕਪੂਰ ਸਿੰਘ ਦੀ ਅੰਗ੍ਰੇਜ਼ੀ ਵਿੱਚ ਲਿਖੀ ਹੱਥ ਲਿਖਤ ਅਨੰਦਪੁਰ ਸਾਹਿਬ ਦੇ ਮਤੇ ਦੀ ਕਾਪੀ ਵੀ ਨਾਲ ਭੇਜ ਰਹੇ ਹਾਂ, ਹਵਾਲਾ ਪੁਸਤਕ: ਸਿੰਘ ਨਾਦ ਪੰਨਾ ੧੨੦)।
 ਅੰਤ ਵਿੱਚ ਅਸੀਂ ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜਮ ਸਿਰਦਾਰ ਕਪੂਰ ਸਿੰਘ ਆਈ. ਸੀ. ਐਸ. ਦੇ ਇਨ੍ਹਾਂ ਸ਼ਬਦਾਂ ਨਾਲ ਸਮਾਪਤੀ ਕਰਦੇ ਹਾਂ ਕਿ ਅਸਾਂ ਹਿੰਦੂ ਸਿੱਖ ਏਕਤਾ ਦਾ ਝੰਡਾ ਹਿੰਦੂ ਫਿਰਕੂਆਂ ਤੋਂ ਭੈਭੀਤ ਹੋ ਕੇ ਕਾਇਰਾਂ ਵਾਂਗ ਪੰਥ ਦੇ ਝੰਡੇ ਨੂੰ ਤਿਆਗ ਕੇ ਫੜਿਆ ਅਤੇ ਨਤੀਜਾ ਇਹ ਹੈ ਕਿ ਅੱਜ ਇੱਕ ਹਿੰਦੂ ਕਿਸੇ ਪੰਥਕ ਸਿੱਖ ਨੂੰ ਵੋਟ ਪਾਉਣ ਲਈ ਤਿਆਰ ਨਹੀਂ, ਕਾਲੇ ਚੋਰ ਨੂੰ ਭਾਵੇਂ ਪਾ ਦੇਵੇ, ਸਿੱਖਾਂ ਨੂੰ ਏਨੀ ਸਿਆਸੀ ਸੂਝ-ਬੂਝ ਤਾਂ ਹੋਣੀ ਹੀ ਚਾਹੀਦੀ ਹੈ ਕਿ ਜਿੰਨਾ ਚਿਰ ਉਹ ਕੋਈ ਪ੍ਰਾਪਤੀ ਖਾਲਸਾਈ ਪੰਥਕ ਝੰਡੇ ਹੇਠਾਂ ਅਤੇ ਸਿੱਖਾਂ ਦੇ ਯੁਧ-ਮਨੋਰਥਾਂ ਦਾ ਐਲਾਨ ਕਰ ਕੇ ਨਹੀਂ ਕਰਦੇ, ਉਨਾ ਚਿਰ ਭਾਵੇਂ ਉਹ ਸਾਰੀ ਤ੍ਰਿਲੋਕੀ ਨੂੰ ਵੀ ਫਤਹਿ ਕਿਉਂ ਨਾ ਕਰ ਲੈਣ, ਉਹ ਸਿੱਖਾਂ ਲਈ ਅਤੇ ਪੰਥ ਲਈ ਕੋਈ ਫਤਹਿ ਨਹੀਂ ਕਹਾਏਗੀ ਅਤੇ ਨਾ ਹੀ ਇਸ ਮਤਲਬ ਲਈ ਵਰਤੀ ਜਾ ਸਕੇਗੀ। ਪੰਥ ਦਾ ਝੰਡਾ ਛੱਡ ਕੇ ਜਿਹਾ ਕਿ 'ਪੰਜਾਬੀਅਤ' ਆਦਿ ਦੇ ਝੰਡੇ ਹੇਠਾਂ ਜੇ ਅਸੀਂ ਕੁਝ ਝੂਠੀਆਂ ਹੱਡੀਆਂ, ਸੱਤਾ-ਆਰੂਢ ਜਾਤੀ ਕੋਲੋਂ ਪ੍ਰਾਪਤ ਕਰ ਵੀ ਲਈਆਂ ਤਾਂ ਉਹ ਲਾਭ ਦੀ ਬਜਾਇ ਹਾਨੀਕਾਰਕ ਹੀ ਸਿੱਧ ਹੋਣਗੀਆਂ। ਉਸ ਦਾ ਸਿੱਖੀ ਤੇ ਪੰਥ ਨੂੰ ਕੋਈ ਲਾਭ ਨਹੀਂ ਹੋਵੇਗਾ। ਜਦੋਂ ਅਸਾਂ ਸਿੱਖੀ ਤੇ ਪੰਥ ਦਾ ਅਬਚਲ ਝੰਡਾ ਆਪ ਹੀ ਛੱਡ ਦਿੱਤਾ ਤਾਂ ਜੋ ਪੰਜਾਬੀਅਤ ਦੇ ਝੰਡੇ ਹੇਠਾਂ ਪ੍ਰਾਪਤੀ ਵੀ ਕੀਤੀ ਉਹ ਸਿੱਖ ਪੰਥ ਲਈ ਨਾ ਗੌਰਵ ਦਾ ਕਾਰਨ ਹੀ ਹੋ ਸਕੇਗੀ ਅਤੇ ਨਾ ਹੀ ਸਿੱਖੀ ਦੀ ਸਿਹਤ ਲਈ ਗੁਣਕਾਰੀ। (ਸਿਰਦਾਰ ਕਪੂਰ ਸਿੰਘ)।

ਜਥੇਦਾਰ, ਮਹਿੰਦਰ ਸਿੰਘ ਖਹਿਰਾ, ਕਵੈਂਟਰੀ
ਮੋਬਾਈਲ ਫੋਨ: ੦੭੯੮੯ ੯੨੭੪੭੭