image caption: ਲੇਖਕ - ਗੁਰਤੇਜ ਸਿੰਘ ਆਈ ਏ ਐਸ ਅਤੇ ਸਿਰਦਾਰ ਕਪੂਰ ਸਿੰਘ

ਪੰਥਕ ਮਹਿਫ਼ਲ ਦਾ ਚੌਮੁਖੀਆ ਚਿਰਾਗ ਸਿਰਦਾਰ ਕਪੂਰ ਸਿੰਘ

    ਸਿਰਦਾਰ ਕਪੂਰ ਸਿੰਘ ਨਿਰਾਲੇ ਪੰਥ ਦਾ ਚੌਮੁਖੀਆ ਰੌਸ਼ਨ ਚਿਰਾਗ ਸੀ। ਉਸ ਨੇ ਸਿੱਖ ਦਰਸ਼ਨ, ਰਾਜਨੀਤੀ ਸ਼ਾਸਤਰ, ਸਾਹਿਤ ਅਤੇ ਸਿਆਸਤ ਵਿੱਚ ਲੰਮਾਂ ਸਮਾਂ ਬੌਧਿਕ ਅਗਵਾਈ ਦਿੱਤੀ। ਉਹ ਸਿੱਖੀ ਨੂੰ ਮਾਨਵਤਾ ਦਾ ਸ਼ਿੰਗਾਰ ਸਮਝਦਾ ਸੀ ਅਤੇ ਗੁਰੂ ਨੂੰ ਇੰਨ-ਬਿੰਨ ਅਕਾਲ ਰੂਪ। ਸੰਸਾਰ ਭਰ ਦੇ ਪ੍ਰਮੁੱਖ ਧਰਮਾਂ ਅਤੇ ਸੱਭਿਆਤਾਵਾਂ ਦੇ ਸੰਦਰਭ ਵਿੱਚ ਉਸ ਨੇ ਸਿੱਖੀ ਦਾ ਮੁਲਾਂਕਣ ਕੀਤਾ ਅਤੇ ਸਿੱਖ ਸਮਾਜ ਨੂੰ ਸਿੱਖੀ ਦੇ ਹਾਣ ਦੀਆਂ ਕਦਰਾਂ-ਕੀਮਤਾਂ ਅਪਨਾਉਣ ਦਾ ਰਾਹ ਦੱਸਦਾ ਉਹ ਸਾਰੀ ਉਮਰ ਨਿਸ਼ਕਾਮ ਭਾਵਨਾ ਨਾਲ ਨੰਗੇ ਧੜ ਜੂਝਦਾ ਰਿਹਾ। ਸਿੱਖੀ ਦਾ ਹਰ ਦਰਦ ਉਸ ਦੇ ਹੱਡਾਂ ਵਿੱਚ ਰਚਿਆ ਹੋਇਆ ਸੀ ਅਤੇ ਸਮਾਜ ਦੀ ਹਰ ਖੁਸ਼ੀ, ਉਮੰਗ ਅਤੇ ਪਾਕਿ ਜਜ਼ਬੇ ਨੁੰ ਉਸ ਨੇ ਆਪਣਾ ਬਣਾਇਆ ਹੋਇਆ ਸੀ। ਇਨ੍ਹਾਂ ਸਾਰੀਆਂ ਅਸਾਧਾਰਨ ਸ਼ਕਤੀਆਂ, ਜਜ਼ਬਿਆਂ ਦੀ ਛਾਵੇਂ ਬੈਠ ਕੇ ਜਦੋਂ ਉਹ ਆਪਣੀ ਨਿਵੇਕਲੀ ਬੌਧਿਕ ਸ਼ਕਤੀ ਰਾਹੀਂ ਭਵਿੱਖ ਦਾ ਨਕਸ਼ਾ ਵਾਹੁੰਦਾ ਸੀ ਤਾਂ ਪੁਰਾਤਨ ਸਿੰਘਾਂ ਵਾਲਾ ਸਿਦਕ, ਸੂਫੀਆਂ ਦੇ ਡੂੰਘੇ ਵਜਦ ਅਤੇ ਸੰਸਾਰ ਭਰ ਦੇ ਅਜੋਕੇ ਫਲਸਫਿਆਂ ਦੇ ਰਾਜ਼, ਕਲਗੀ ਵਾਲੇ ਦੇ ਬਾਜ਼ ਸਮੇਤ ਓਸ ਦੀ ਪਰਵਾਜ਼ ਦੇ ਹਮਸਫਰ ਹੁੰਦੇ ਹਨ। ਗੁਰੂ-ਪ੍ਰਮੇਸ਼ਰ ਦਾ ਨਿਰਧਾਰਤ ਕੀਤਾ ਮਾਨਵ-ਕਲਿਆਣ ਦਾ ਟੀਚਾ ਉਸ ਦਾ ਟੀਚਾ ਹੁੰਦਾ ਸੀ, ਜਿਸ ਦਾ ਹਰ ਮੋੜ ਮਨੁੱਖਤਾ ਲਈ ਸੁਖਾਵਾਂ ਬਣਾਉਣਾ ਉਸ ਦੀ ਲੋਚਾ ਹੁੰਦੀ ਸੀ। ਉਸ ਦੇ ਅਕਾਲ ਚਲਾਣੇ ਤੋਂ ਬਾਅਦ, ਅੱਜ ਵੀ ਉਸ ਦੇ ਪਾਏ ਪੂਰਨਿਆਂ ਉੱਤੇ ਚੱਲਣ ਨਾਲ ਖਾਲਸਾ ਪੰਥ ਮਨੁੱਖਤਾ ਦੇ ਸਦੀਵੀ ਭਲੇ ਦੇ ਟੀਚਿਆਂ ਵੱਲ ਅਗਰਸਰ ਹੋ ਕੇ ਸੰਸਾਰ ਦੀ ਵਾਹ-ਵਾਹ ਖੱਟ ਸਕਦਾ ਹੈ ਅਤੇ ਅਕਾਲ ਪੁਰਖ ਦੀ ਮਿਹਰ ਹਾਸਲ ਕਰ ਸਕਦਾ ਹੈ।
 ਆਪਣੇ ਸਮੁੰਦਰੋਂ ਡੂੰਘੇ ਗਿਆਨ, ਕੌਮਾਂ ਦੇ ਇਤਿਹਾਸ ਅਤੇ ਧਰਮ ਦੀ ਜਾਣਕਾਰੀ ਅਤੇ ਉਮਰ ਭਰ ਦੇ ਤਜਰਬੇ ਨਾਲ ਉਸ ਨੇ ਸਿੱਖ ਪੰਥ ਦੀ ਚੜ੍ਹਤ ਦਾ ਜ਼ਾਮਨ ਆਪਣੇ ਸਿੱਖ ਹੋਮਲੈਂਡ ਦੇ ਸੰਕਲਪ ਨੂੰ ਜਾਣਿਆ। ਉਸ ਦੀ ਲਿਖਣ ਸ਼ਕਤੀ ਦਾ ਕਮਾਲ ਸੀ ਕਿ ਉਸ ਨੇ ਏਸ ਦੀ ਮੁਕੰਮਲ ਰੂਪ-ਰੇਖਾ ਦਾ ਨਿਰੂਪਣ ਕੇਵਲ ਇਕ ਆਮ ਨਾਪ (A4) ਦੇ ਕਾਗਜ਼ ਦੇ ਇਕ ਸਫ਼ੇ ਉਤੇ ਕਰ ਦਿੱਤਾ ਸੀ। ਸਿਰਦਾਰ ਕਪੂਰ ਸਿੰਘ ਦੇ ਹੋਮਲੈਂਡ ਦੇ ਵਿਚਾਰ ਦੀ ਸਾਰਥਕਤਾ ਨੂੰ ਸਮਝਣ ਖਾਤਰ ਅਸਾਂ ਨੂੰ ਆਪਣੇ ਸਮਾਜ ਦੀਆਂ ਸਮਾਜਿਕ ਅਤੇ ਸਿਆਸੀ ਪ੍ਰਸਥਿਤੀਆਂ ਉਤੇ ਇਕ ਸਰਸਰੀ ਨਜ਼ਰ ਮਾਰ ਲੈਣੀ ਚਾਹੀਦੀ ਹੈ। ਅੱਜ ਸਾਡਾ ਸਮਾਜ ਅਤੇ ਸਾਡੀ ਕੌਮ ਪ੍ਰਮੁੱਖ ਤੌਰ ਉੱਤੇ ਪ੍ਰਵਾਸੀਆਂ ਅਤੇ ਦੇਸ਼ ਵੱਸਦੀਆਂ ਦੋ ਇਕਾਈਆਂ ਵਿੱਚ ਤਕਰੀਬਨ ਬਰਾਬਰ ਵੰਡਿਆ ਹੋਇਆ ਹੈ-ਜੋ ਗਿਣਤੀ ਪੱਖੋਂ ਨਹੀਂ ਤਾਂ ਘੱਟੋ ਘੱਟ ਅਹਿਮੀਅਤ ਪੱਖੋਂ ਜਰੂਰ। ਦੋਨੋਂ ਇਕਾਈਆਂ ਵਿੱਚੋਂ ਕਿਸੇ ਵਿੱਚ ਵੀ ਸਿਰਦਾਰ ਦੀ ਹੋਮਲੈਂਡ ਦਾ ਮੁਕੰਮਲ ਸੁਪਨਾ ਸਾਕਾਰ ਨਹੀਂ ਹੁੰਦਾ। ਪਰ ਸਮਦ੍ਰਿਸ਼ਟੀ ਨਾਲ ਵੇਖਿਆ ਪਰਦੇਸੀ ਖਾਲਸਾ ਜਰੂਰ ਉਸ ਦੇ ਵਧੇਰੇ ਨੇੜੇ ਪਹੁੰਚਣ ਵਿੱਚ ਸੁਤੇ ਸਿਧ ਹੀ ਕਾਮਯਾਬ ਹੋਇਆ ਹੈ। ਮੁਕੰਮਲ ਆਜ਼ਾਦੀ ਦੀ ਅਣਹੋਂਦ ਦੀ ਰੜਕ ਅਤੇ ਚੀਸ ਦੋਵੇਂ ਪਾਸੇ ਹੈ, ਪਰ ਪਰਵਾਸ ਵਿੱਚ ਏਸ ਦਾ ਅਹਿਸਾਸ ਵਧੇਰੇ ਕਰਕੇ ਮਾਨਸਿਕ ਅਸੰਤੁਸ਼ਟੀ ਪੱਖੋਂ ਹੈ। ਦੇਸ਼ ਵਿੱਚ ਏਹੀ ਅਹਿਸਾਸ ਹਰ ਵਕਤ ਕਠੋਰ ਹਥੌੜੇ ਵਾਂਗ ਹਰ ਪਲ ਦੁੱਖਦਾਈ ਵਾਰ ਕਰਦਾ ਰਹਿੰਦਾ ਹੈ। ਇਹ ਸਮਾਜ ਨੂੰ ਕਦੇ ਮਨੁੱਖੀ ਜੀਵਨ ਦੇ ਸਹਿਜ ਅਨੰਦ ਮਾਨਣ ਦੇ ਨੇੜੇ-ਤੇੜੇ ਢੁੱਕਣ ਨਹੀਂ ਦਿੰਦਾ।
  ਸਿੱਖ ਹੋਮਲੈਂਡ ਦੇ ਸੰਕਲਪ ਦਾ ਸਭ ਤੋਂ ਅਹਿਮ ਪਹਿਲੂ ਹੈ ਸ਼ਖਸੀ, ਸਮਾਜਿਕ ਅਤੇ ਧਾਰਮਿਕ ਅਕੀਦੇ ਦੀ ਖੁਦਮੁਖਤਿਆਰੀ। ਪ੍ਰਦੇਸ ਦੇ ਤਕਰੀਬਨ ਹਰ ਸੱਭਿਅਕ ਮੁਲਕ ਵਿੱਚ ਸਦੀਆਂ ਦੀਆਂ ਦੁਸ਼ਵਾਰੀਆਂ ਝੇਲਦੇ ਸਮਾਜ ਉਸ ਪੜਾਅ ਉੱਤੇ ਪਹੁੰਚ ਚੁੱਕੇ ਹਨ, ਜਿਥੇ ਇਹ ਨਾਯਾਬ ਹਕੂਕ, ਬਿਨਾਂ ਘੋਰ ਸੰਘਰਸ਼ ਦੇ, ਉਥੋਂ ਦੇ ਕਾਨੂੰਨਾਂ ਮੁਤਾਬਕ ਪ੍ਰਾਪਤ ਕਰਨ ਦਾ ਰਾਹ ਮੋਕਲਾ ਹੈ। ਆਪਣੀਆਂ ਧਾਰਮਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਵੱਧਣ-ਫੁੱਲਣ ਵਾਸਤੇ ਜਿਨ੍ਹਾਂ ਅਦਾਰਿਆਂ ਦੀ ਲੋੜ ਹੁੰਦੀ ਹੈ-ਮਸਲਨ ਗੁਰਦੁਆਰੇ, ਸਭਾਵਾਂ, ਤਨਜ਼ੀਮਾਂ ਨੂੰ ਤਾਮੀਰ ਕਰਨ ਅਤੇ ਕਾਇਮ ਰੱਖਣ ਦੀ ਆਜ਼ਾਦੀ ਵੀ ਪ੍ਰਦੇਸ ਵਿੱਚ ਤਕਰੀਬਨ ਉਥੋਂ ਦੇ ਰਾਜ-ਪ੍ਰਬੰਧ ਅਧੀਨ ਕਾਨੂੰਨ ਰਾਹੀਂ ਹੀ ਮਿਲ ਜਾਂਦੀ ਹੈ। ਨੌਕਰੀਆਂ ਇਤਿਆਦਿ ਵਿੱਚ ਕੁਝ ਵਿਤਕਰੇ ਹਨ, ਜਿਨ੍ਹਾਂ ਨੂੰ ਵੀ ਬਹੁਤੇ ਮੁਲਕਾਂ ਵਿੱਚ ਗੈਰ-ਕਾਨੂੰਨੀ ਕਰਾਰ ਦਿੱਤਾ ਹੋਇਆ ਹੈ। ਜਦੋਂ ਕਦੇ ਵਿਤਕਰਾ, ਬੇਇਨਸਾਫੀ ਹੁੰਦੀ ਹੈ ਤਾਂ ਨਿਆਂ-ਵਿਵਸਥਾ ਪੀੜਤ ਦੇ ਨਾਲ ਖੜ੍ਹ ਕੇ ਹੱਲ ਲੱਭਣ ਲਈ ਵਚਨਬੱਧ ਪਾਈ ਜਾਂਦੀ ਹੈ। ਰੰਗ-ਭੇਦ, ਨਸਲਵਾਦ ਕਈ ਮੁਲਕਾਂ ਵਿੱਚ ਕਦੇ-ਕਦੇ ਸਿਰ ਚੁੱਕਦਾ ਹੈ, ਪਰ ਏਸ ਪ੍ਰਵਿਰਤੀ ਨੂੰ ਹਰ ਸੱਭਿਅਕ ਮੁਲਕ ਦੇ ਸਾਂਝੇ ਸਮਾਜ ਨਾਲ ਮੁਕਾਬਲਾ ਕਰਨਾ ਪੈਂਦਾ ਹੈ। ਤਕਰੀਬਨ ਹਰ ਸੰਬੰਧਿਤ ਵਿਦੇਸ਼ੀ ਸਮਾਜ ਏਸ ਵਰਤਾਰੇ ਤੋਂ ਮੁਕਤੀ ਹਾਸਲ ਕਰਨ ਦੇ ਰਾਹ ਅਮਲਨ ਤੁਰਿਆ ਹੋਇਆ ਹੈ। ਇਨ੍ਹਾਂ ਪ੍ਰਾਵਧਾਨਾਂ ਦੇ ਹੁੰਦਿਆਂ ਸਿੱਖ ਸਮਾਜ ਨੂੰ ਕਨੇਡਾ, ਅਮਰੀਕਾ, ਬਰਤਾਨੀਆ, ਆਸਟ੍ਰੇਲੀਆ, ਸਿੰਘਾਪੁਰ, ਨਿਊਜ਼ੀਲੈਂਡ, ਥਾਈਲੈਂਡ, ਮਲੇਸ਼ੀਆ ਆਦਿ ਵਿੱਚ, ਜਿਥੇ ਬਹੁਤੇ ਸਿੱਖ ਵੱਸਦੇ ਹਨ, ਇੱਜ਼ਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਸਿੱਖ ਸਮਾਜ ਨੂੰ ਆਪਣੇ ਅਕੀਦਿਆਂ ਉਤੇ ਪ੍ਰਪੱਕ ਰਹਿਣ, ਆਪਣੀ ਸੱਭਿਅਤਾ ਦੀ ਰਾਖੀ ਲਈ ਸਮਰਥਨ ਆਦਿ ਵੀ ਦਿੱਤਾ ਜਾਂਦਾ ਹੈ ਅਤੇ ਢੁੱਕਵੇਂ ਸਮੇਂ ਏਸ ਦੀ ਯੋਗ ਪ੍ਰਸ਼ੰਸਾ ਵੀ ਦਿਲ ਖੋਲ੍ਹ ਕੇ ਕੀਤੀ ਜਾਂਦੀ ਹੈ। ਤਾਂਹੀਉਂ ਸਾਰਾ ਪੰਜਾਬ ਵਹੀਰਾਂ ਘੱਤ ਕੇ ਪਰਦੇਸ ਜਾਣ ਲਈ ਤਿਆਰ ਬਰ ਤਿਆਰ ਰਹਿੰਦਾ ਹੈ।
  ਸੱਭਿਅਕ ਸਮਾਜ ਦੀਆਂ ਉਪਰੋਕਤ ਅਲਾਮਤਾਂ ਨੂੰ ਯਕੀਨੀ ਬਣਾਉਣ ਲਈ 1947 ਤੋਂ ਪਹਿਲਾਂ ਹਿੰਦ ਦੇ ਆਗੂਆਂ ਨੇ ਧਰਮ-ਨਿਰਪੱਖਤਾ ਦੇ ਮਖੌਟੇ ਪਾ ਕੇ, "ਵਾਸੂਧੈਵ ਕਟੁੰਭਕਮ" ਅਤੇ "ਸਤਿਆਮੇਵ ਜਯਤੇ" ਦੇ ਫੋਕੇ ਨਾਅਰੇ ਲਾ ਕੇ ਯਕੀਨ ਦਵਾਇਆ ਸੀ ਕਿ ਇਹ ਮੁਲਕ ਵੀ ਉੱਤਮ ਮੁਲਕਾਂ ਦੇ ਹਾਣ ਦਾ ਹੋ ਕੇ ਵਿਚਰਨਾ ਲੋਚਦਾ ਹੈ। ਕੁਝ ਕੁ ਊਣਤਾਈਆਂ ਨੂੰ ਛੱਡ ਕੇ 1950 ਦਾ ਸੰਵਿਧਾਨ ਵੀ ਏਸ ਦੀ ਪ੍ਰਾਪਤੀ ਨੂੰ ਮੁੱਖ ਰੱਖ ਕੇ ਘੜਿਆ ਗਿਆ ਸੀ। ਲਫ਼ਜ਼ੀ ਤੌਰ ਉੱਤੇ ਵੀ ਇਹ ਅਹਿਮ ਮੁਲਕਾਂ ਦੇ ਨਕਲ ਕੀਤੇ ਸੰਕਲਪਾਂ, ਧਾਰਨਾਵਾਂ ਵਿੱਚ ਪਰੋਇਆ ਗਿਆ ਸੀ। ਪਰ ਸੰਵਿਧਾਨ ਮੁਕੰਮਲ ਹੋਣ ਤੋਂ ਪਹਿਲਾਂ ਹੀ ਏਸ ਦੀ ਨਵੀਂ ਨਵੇਲੀ ਇਮਾਰਤ ਵਿੱਚ ਵੱਡੀਆਂ ਤਰੇੜਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਸਨ। ਘੱਟ-ਗਿਣਤੀਆਂ ਅਤੇ ਦੂਜੀਆਂ ਕੌਮਾਂ ਨੂੰ ਵਾਅਦੇ ਅਨੁਸਾਰ ਅਤੇ ਸੰਵਿਧਾਨ ਦੇ 'ਮੁੱਢਲੇ ਸੰਕਲਪ ਮਤੇ' ਅਨੁਸਾਰ ਬਰਾਬਰ ਅਧਿਕਾਰ ਨਾਂ ਦੇ ਕੇ ਵਿਤਕਰਿਆਂ ਦੇ ਬੰਨ੍ਹ ਖੋਲ੍ਹ ਦਿੱਤੇ ਗਏ ਸਨ। ਧਰਮ-ਨਿਰਪੱਖਤਾ ਦਾ ਦਿਵਾਲਾ ਸੋਮਨਾਥ ਮੰਦਿਰ ਦੀ ਨਵ-ਉਸਾਰੀ ਆਦਿ ਰਾਹੀਂ ਅਤੇ ਧਾਰਾ 25 ਅਨੁਸਾਰ ਸਿੱਖਾਂ, ਬੋਧੀਆਂ, ਜੈਨੀਆਂ ਨੂੰ ਹਿੰਦੂ ਗਰਦਾਨ ਕੇ ਕੱਢਿਆ ਜਾ ਚੁੱਕਾ ਸੀ। ਅਸ਼ੋਕ ਦੀ ਸ਼ੇਰ-ਮੂਰਤੀ ਨੂੰ ਬਿਨਾਂ ਮਹਾਤਮਾ ਜੀ ਦੇ ਧਰਮ-ਚੱਕਰ ਦੇ ਅੰਕੁਸ਼ ਦੇ ਕੌਮੀ ਚਿੰਨ੍ਹ ਗਰਦਾਨ ਕੇ ਇਸ਼ਾਰਾ ਕੀਤਾ ਜਾ ਚੁੱਕਾ ਸੀ ਕਿ ਖੂੰਖਾਰ, ਆਦਮਖੋਰ ਨੀਤੀ ਏਸ ਸੰਵਿਧਾਨ ਹੇਠ ਅਪਣਾਈ ਜਾਵੇਗੀ। ਸਿਆਸੀ ਗੁਲਾਮ ਬਣਾਉਣ ਦੀ ਮਨਸ਼ਾ ਨਵੇਂ ਸੰਵਿਧਾਨ ਤਹਿਤ ਟ੍ਰੈਵਨਕੋਰ, ਕੋਚੀਨ ਅਤੇ ਪੈਪਸੂ (ਪੰਜਾਬ) ਦੀਆਂ ਵਜ਼ਾਰਤਾਂ ਨੂੰ ਬਰਖਾਸਤ ਕਰਕੇ ਐਲਾਨੀ ਗਈ ਸੀ।
     ਪਿੱਛੇ ਝਾਤ ਮਾਰਦਿਆਂ ਜਾਤ-ਪਾਤ, ਰੰਗ-ਭੇਦ, ਛੂਤ-ਛਾਤ, ਸੁੱਚ-ਭਿੱਟ ਆਦਿ ਦੇ ਕਲੰਕ ਨੂੰ ਦੱਸ ਸਦੀਆਂ ਤੋਂ ਗੱਲ ਨਾਲ ਲਾ ਰੱਖਣ ਵਾਲੀ ਸਥਾਈ ਸੱਭਿਆਚਾਰਕ ਬਹੁਗਿਣਤੀ (permanent cultural majority) ਤੋਂ ਵੱਡੀਆਂ ਆਸ਼ਾਵਾਂ ਰੱਖਣਾ ਵੀ ਮੂਰਖਤਾ ਦੀ ਇੰਤਹਾ ਸੀ। ਇਨ੍ਹਾਂ ਨਖਿੱਧ ਰੁਝਾਨਾਂ ਨੇ ਦੂਜੀਆਂ ਕੌਮਾਂ ਅਤੇ ਘੱਟ-ਗਿਣਤੀਆਂ ਪ੍ਰਤੀ ਏਨੀ ਮਾਰੂ ਨਫ਼ਰਤ ਦਾ ਜਜ਼ਬਾ ਸਥਾਈ ਬਹੁਗਿਣਤੀ ਵਿੱਚ ਵਸਾਇਆ ਹੋਇਆ ਹੈ, ਜੋ ਦੱਸ ਸਦੀਆਂ ਤੋਂ ਪੂਰੇ ਜ਼ੋਬਨ ਉੱਤੇ ਕਾਇਮ ਹੈ ਅਤੇ ਕਈ ਸਦੀਆਂ ਹੋਰ ਖਤਮ ਹੁੰਦਾ ਦਿਖਾਈ ਨਹੀਂ ਦੇ ਰਿਹਾ। ਸਿਰਦਾਰ ਨੇ ਝੱਟ ਨਿਸ਼ਾਨਦੇਹੀ ਕਰ ਲਈ ਸੀ ਕਿ ਦੂਜੀਆਂ ਕੌਮਾਂ ਲਈ ਸਵੈ-ਇੱਛਾ ਅਨੁਸਾਰ ਨਿਰਭੈ ਸ੍ਵਛੰਦ ਵਿਚਰਨਾ, ਮੌਜੂਦਾ ਹਾਲਤਾਂ ਵਿੱਚ ਅਸੰਭਵ ਹੈ। ਸ਼ਾਇਦ ਸਿਰਦਾਰ ਨੂੰ ਧਰਮ-ਨਿਰਪੱਖ ਮਖੌਟਿਆਂ ਨੇ, ਖੋਖਲੇ ਐਲਾਨਾਂ ਨੇ, ਝੂਠੀਆਂ ਕਸਮਾਂ ਆਦਿ ਨੇ ਅਤੇ ਜ਼ਮਾਨੇ ਦੀ ਕੁੱਲ ਆਲਮ ਵਿੱਚ ਬਦਲਦੀ ਨੁਹਾਰ ਨੇ ਏਨਾਂ ਕੁ ਯਕੀਨ ਦਿਵਾਇਆ ਸੀ ਕਿ ਕਿਸੇ ਨਿੱਗਰ ਬਹਾਨੇ ਦੀ ਮੌਜੂਦਗੀ ਵਿੱਚ ਨਫ਼ਰਤ ਦਾ ਡੰਗ ਜ਼ਰਾ ਖੁੰਢਾ ਹੋ ਜਾਵੇਗਾ।
    ਇਹ ਵੀ ਵਿਸਾਰਿਆ ਨਹੀਂ ਸੀ ਜਾ ਸਕਦਾ ਕਿ ਹਿੰਦੀ ਔਰਤਾਂ ਅਤੇ ਦੱਬੇ-ਕੁਚਲੇ ਲੋਕਾਂ ਕੋਲ ਆਪਣਾ ਸਮਾਜਿਕ ਅਤੇ ਅਧਿਆਤਮਕ ਰੁਤਬਾ ਉੱਚਾ ਕਰਕੇ ਬਰਾਬਰ ਦੇ ਹੱਕ ਹਾਸਲ ਕਰਨ ਦਾ, ਏਥੋਂ ਦੀਆਂ ਪ੍ਰਸਥਿਤੀਆਂ ਵਿੱਚ ਇਕੋ-ਇਕ ਜ਼ਰੀਆ ਸਿੱਖੀ ਹੀ ਸੀ। ਹਰ ਪਰਉਪਕਾਰੀ ਗੁਰਸਿੱਖ ਦਾ ਪੰਜ ਸਦੀਆਂ ਤੋਂ ਏਹੀ ਨਜ਼ਰੀਆ ਰਿਹਾ ਸੀ। ਨਾ ਕਾਨੂੰਨ, ਨਾ ਧਾਰਮਿਕ ਸੁਧਾਰ, ਬਰਾਬਰੀ ਦੇ ਤਖ਼ਤ ਉੱਤੇ ਏਥੋਂ ਦੇ ਪਛੜੇ ਲੋਕਾਂ ਨੂੰ ਬਿਠਾ ਸਕਦੇ ਸਨ। ਅੱਜ 70 ਸਾਲ ਦਾ ਸੰਵਿਧਾਨ ਦਾ ਤਜਰਬਾ ਅਤੇ ਕਈ ਦੱਸ ਸਦੀਆਂ ਦਾ ਇਤਿਹਾਸ ਵੀ ਏਹੋ ਕਹਾਣੀ ਕਹਿੰਦਾ ਹੈ। ਇਸ ਲਈ ਸਿਰਦਾਰ ਹਿੰਦ ਨਾਲ ਗੂੜ੍ਹਾ ਰਿਸ਼ਤਾ ਬਣਾਈ ਰੱਖਣ ਦੇ ਹੱਕ ਵਿੱਚ ਸੀ।
 ਗੁਰੂ ਗ੍ਰੰਥ ਦੇ ਉਪਦੇਸ਼ ਦਾ ਨਿਸ਼ਾਨਾ ਹਰ ਮਨੁੱਖ ਨੂੰ ਅਧਿਆਤਮਕ ਤਰੱਕੀ ਦੀ ਪੌੜੀ ਉੱਤੇ ਨਿਰੰਤਰ ਚੜ੍ਹਦੇ ਰਹਿਣ ਦੇ ਸਮਰੱਥ ਬਣਾ ਕੇ ਅਕਾਲ ਪੁਰਖ ਨਾਲ ਪੱਕਾ-ਪੀਢਾ ਰਿਸ਼ਤਾ ਜੋੜਨਾ ਹੈ। ਪ੍ਰੇਮ ਨੂੰ ਏਸ ਦਾ ਸਾਧਨ ਦੱਸਦਿਆਂ ਗੁਰੂ ਮਨੁੱਖ ਮਾਤਰ ਦੇ ਆਪਸੀ ਰਿਸ਼ਤਿਆਂ ਨੂੰ ਭਰਾਤਰੀ ਭਾਵ ਵਾਲੇ ਅਤੇ ਸੁਹਾਵਣੇ ਬਣਾਉਣਾ ਲੋਚਦਾ ਹੈ। ਸਿੱਖੀ ਦੀ ਸਮਾਜਿਕ, ਸਿਆਸੀ ਫੈਸਲੇ ਕਰਨ ਦੀ ਗੁਰਮਤੇ ਦੀ ਵਿਧੀ ਆਪਣੇ ਪਾਰਦਰਸ਼ੀ ਚੋਗੇ ਵਿੱਚ ਰਵਾਇਤੀ ਲੋਕਰਾਜ ਅਤੇ ਵੋਟ-ਗਿਣਤੀ ਤੋਂ ਉੱਤੇ ਦੇ ਰਾਜ ਨੂੰ ਪ੍ਰਗਟ ਕਰਦੀ ਹੈ-ਜਿਸ ਟੀਚੇ ਨੂੰ ਪ੍ਰਾਪਤ ਕਰਨ ਲਈ ਮਨੁੱਖਤਾ ਨੂੰ ਕੁਝ ਸਮਾਂ ਲੱਗੇਗਾ, ਪ੍ਰੰਤੂ ਸਦੀਵੀ ਸ਼ਾਂਤੀ ਅਤੇ ਭਾਈਚਾਰਾ ਏਸੇ ਸੰਕਲਪ ਅਧੀਨ ਹੀ ਯਕੀਨੀ ਬਣਾਇਆ ਜਾ ਸਕਦਾ ਹੈ। ਗੁਰੂ ਗ੍ਰੰਥ ਦੇ ਅਨੇਕਾਂ ਹੋਰ ਸੂਖਮ ਰਾਜ਼ ਸਮਝਣ ਵਾਲੇ ਸਿਰਦਾਰ ਵੱਲੋਂ ਸਿੱਖ ਹੋਮਲੈਂਡ ਦਾ ਰਾਜਸੀ ਨਿਸ਼ਾਨਾ ਤੈਅ ਕਰਨਾ ਦੱਸਦਾ ਹੈ ਕਿ ਏਸ ਸੰਕਲਪ ਨੂੰ ਉਸਾਰਨ ਲਈ ਉਸ ਨੇ ਮਨੁੱਖੀ ਜੀਵਨ ਅਤੇ ਇਤਿਹਾਸ ਦੇ ਹਰ ਪਹਿਲੂ ਨੂੰ ਗੁਰਮਤਿ ਦੀ ਰੌਸ਼ਨੀ ਵਿੱਚ ਗੰਭੀਰਤਾ ਨਾਲ ਵਿਚਾਰ ਲਿਆ ਸੀ।
 ਸਰਹੱਦਾਂ, ਮੁਲਕਾਂ, ਜਾਤੀਆਂ, ਕਬੀਲਿਆਂ ਰਾਹੀਂ ਵੰਡੀ ਮਨੁੱਖਤਾ ਨੇ ਪਿਛਲੇ ਸਮਿਆਂ ਵਿੱਚ ਬਰਾਬਰੀ ਦੀ ਭਾਲ ਵਿੱਚ 'ਨੇਸ਼ਨ ਸਟੇਟ' ਦਾ ਸੰਕਲਪ ਉਸਾਰਿਆ ਸੀ। ਇਹ ਸੰਕਲਪ ਵੈਸਟਫੇਲੀਆ ਦੀ ਸੰਧੀ ਤੋਂ ਬਾਅਦ ਕਈ ਸਦੀਆਂ ਸੰਸਾਰ ਦੇ ਸਿਆਸੀ ਪ੍ਰਬੰਧ ਦਾ ਆਧਾਰ ਰਿਹਾ। ਆਖਰ, ਜਿਵੇਂ ਕਿ ਅਕਸਰ ਹੁੰਦਾ ਹੈ, ਦਵਾਈ ਹੀ ਰੋਗ ਬਣ ਗਈ ਕਿਉਂਕਿ ਕੋਈ ਵੀ ਐਸਾ ਮੁਲਕ ਨਹੀਂ ਜਿਸ ਵਿੱਚ ਇਕੋ ਨਸਲ ਨੂੰਟ ਦੇ ਲੋਕ ਵੱਸਦੇ ਹੋਣ। ਸਮਾਂ ਪਾ ਕੇ ਵੱਖ-ਵੱਖ ਭਾਈਚਾਰਿਆਂ ਵਿੱਚ ਸਹਿਹੋਂਦ ਦੇ ਰਾਹ ਵਿੱਚ 'ਨੇਸ਼ਨ ਸਟੇਟ' ਵੱਡਾ ਅੜਿੱਕਾ ਹੀ ਨਹੀਂ, ਬਲਕਿ ਆਪਸੀ ਕਲਹ ਦਾ ਕਾਰਨ ਬਣ ਕੇ ਉੱਭਰ ਆਇਆ। ਵਿਸ਼ਵ-ਵਿਆਪੀ ਸਹਿਹੋਂਦ ਦੇ ਵਿਚਾਰ ਨੂੰ ਧਰਾਤਲ ਉੱਤੇ ਉਤਾਰਨ ਲਈ ਜਰੂਰੀ ਸੀ ਕਿ ਹਰ ਕਬੀਲੇ, ਜਾਤੀ ਲਈ ਰਾਜ ਪ੍ਰਬੰਧ ਨੂੰ ਅਜਿਹਾ ਬਣਾਇਆ ਜਾਵੇ ਕਿ ਕਿਸੇ ਨੂੰ ਬੇਗਾਨਾ ਨਾ ਜਾਪੇ ਅਤੇ ਹਰ ਸਮਾਜਿਕ ਇਕਾਈ ਨੂੰ ਆਪਣਾ-ਆਪਣਾ ਨਜ਼ਰ ਆਵੇ। ਇਹ ਤਾਂਹੀਉਂ ਸੰਭਵ ਹੈ ਜੇ "ਏਕੁ ਪਿਤਾ ਏਕਸ ਕੇ ਹਮ ਬਾਰਿਕ", "ਨਾ ਕੋ ਬੈਰੀ ਨਹੀਂ ਬਿਗਾਨਾ" ਦੀਆਂ ਧਾਰਨਾਵਾਂ ਨੂੰ ਬਲਵਾਨ ਕਰਨ ਦੇ ਧਾਰਮਿਕ ਅਕੀਦੇ ਪ੍ਰਪੱਕ ਹੋਣ। ਇਹ ਅਕੀਦੇ ਸਿੱਖੀ ਨੇ ਪਹਿਲੀ ਵਾਰ ਸੰਸਾਰ ਉੱਤੇ ਪ੍ਰਗਟ ਕੀਤੇ। ਐਸਾ ਸੰਸਾਰ ਹੀ ਸਰਬੱਤ ਦੇ ਭਲੇ ਦਾ ਜਾਮਨ ਹੋ ਸਕਦਾ ਹੈ ਕਿਉਂਕਿ ਇਹ ਅਕੀਦੇ ਅਕਾਲ ਪੁਰਖ ਦੀ ਆਪਣੀ ਦਾਤ ਹਨ। ਏਸ ਯਕੀਨ ਸਦਕਾ ਹੀ ਸਿੱਖ ਆਦਿ ਬਿਰਤੀ ਪੱਖੋਂ ਧਾਰਮਿਕ ਤੌਰ ਉੱਤੇ ਪ੍ਰਪੱਕ, ਮਿਹਨਤਕਸ਼, ਉੱਦਮੀ ਸੁਭਾਅ ਅਤੇ ਸਾਊ ਆਚਰਣ ਵਾਲੇ ਹਨ। ਇਹ ਸਬੱਬ ਪੰਥ ਦੇ ਵਾਧੇ ਅਤੇ ਗੁਰੂ ਗ੍ਰੰਥ ਦੇ ਉਪਦੇਸ਼ ਨੂੰ ਦੂਰ-ਦੂਰ ਤੱਕ ਫੈਲਾਉਣ ਦਾ ਤਕੜਾ ਸਾਧਨ ਬਣ ਸਕਦਾ ਹੈ। ਇਉਂ ਸਿੱਖ ਸਮਾਜ ਅਤੇ ਸਥਾਈ ਬਹੁਗਿਣਤੀ ਸਮੇਤ ਸਮੁੱਚੇ ਸਮਾਜ ਦੀ ਸਦੀਵੀ ਭਲਾਈ ਦਾ ਬਾਨ੍ਹਣੂੰ ਬੰਨ੍ਹਿਆ ਜਾ ਸਕਦਾ ਹੈ।
 1947 ਦੇ ਗੁਲਾਮੀ ਵਟਾਉਣ ਦੇ ਕਰਮ ਨੂੰ ਸਿਰਦਾਰ ਕਪੂਰ ਸਿੰਘ ਖੂਬ ਸਮਝ ਚੁੱਕਿਆ ਸੀ ਅਤੇ ਉਸ ਮਾਨਸਿਕਤਾ ਨੂੰ ਵੀ ਜੋ ਲਿਖਤੀ ਕਾਨੂੰਨ ਮੁਤਾਬਕ ਲਫਜ਼-ਜਾਲ ਦੀ ਸਮਾਨਤਾ ਬਖਸ਼ਣ ਨੂੰ ਹੀ ਸਥਾਈ ਸੱਭਿਆਚਾਰਕ ਬਹੁਗਿਣਤੀ ਦਾ ਗੌਰਵ ਸਮਝ ਰਹੀ ਸੀ। ਏਸ ਪ੍ਰਵਿਰਤੀ ਦਾ ਅਹਿਸਾਸ ਸਿਰਦਾਰ ਨੂੰ ਬਹੁਗਿਣਤੀ ਦੇ ਧਾਰਮਿਕ ਅਕੀਦਿਆਂ, ਮਸਲਨ ਜਾਤ-ਪਾਤ ਪ੍ਰਬੰਧ, ਰਾਹੀਂ ਗੁਲਾਮ ਬਣਾ ਕੇ ਰੱਖਣ ਦੀ ਮਨਸ਼ਾ ਤੋਂ ਅਤੇ ਇਤਿਹਾਸ ਤੋਂ ਚਿਰੋਕਣਾ ਹੋ ਚੁੱਕਾ ਸੀ। '47 ਤੋਂ ਬਾਅਦ ਜੋ ਤਾਂਡਵ ਸਿੱਖ ਕੌਮ ਨੂੰ ਗੁਲਾਮ ਰੱਖਣ ਲਈ ਹਿੰਦ ਦੀ ਧਰਤੀ ਉੱਤੇ ਨੱਚਿਆ ਗਿਆ ਸੀ, ਸਿਰਦਾਰ ਕਪੂਰ ਸਿੰਘ ਉਸ ਦਾ ਚਸ਼ਮਦੀਦ ਗਵਾਹ ਸੀ। ਉਸ ਬੇਕਿਰਕ ਵਰਤਾਰੇ ਦੀਆਂ ਛਿੱਟਾਂ ਖੁਦ ਸਿਰਦਾਰ ਦੇ ਜਾਮੇ ਉੱਤੇ ਵੀ ਵੱਡੀ ਗਿਣਤੀ ਵਿੱਚ ਪਈਆਂ ਸਨ। ਹਿੰਦੂਤਵੀ ਸ਼ਕਤੀਆਂ ਉਸ ਨੂੰ ਬੇਪੱਤ ਕਰਕੇ ਕਾਨੂੰਨਨ ਸਭ ਤੋਂ ਮਹਿਫੂਜ਼ ਨੌਕਰੀ ਵਿੱਚੋਂ ਕੱਢਣ ਤੱਕ ਗਈਆਂ ਸਨ।
   ਉਸ ਨੇ ਉਹ ਸਰਕਾਰੀ ਅਹਕਾਮ ਵੀ ਵੇਖੇ ਸਨ, ਜਿਨ੍ਹਾਂ ਵਿੱਚ ਸਿੱਖ ਕੌਮ ਨੂੰ ਜ਼ਲੀਲ ਕਰਨ ਲਈ ਏਸ ਨੂੰ ਜਰਾਇਮ-ਪੇਸ਼ਾ ਗਰਦਾਨ ਕੇ ਸਖਤੀ ਨਾਲ ਦਬਾਉਣ ਦੀਆਂ ਹਦਾਇਤਾਂ ਸਨ। ਆਪਣੇ ਉੱਤੇ ਪਏ ਮੁਕੱਦਮੇ ਵਿੱਚ ਸਿਰਦਾਰ ਨੇ ਏਸ ਹੁਕਮ ਨੂੰ ਆਪਣੇ ਪੱਖ ਵੱਲੋਂ ਪੇਸ਼ ਕੀਤਾ, ਜਿਸ ਉੱਤੇ ਬਾਕਾਇਦਾ ਬਚਾਅ ਪੱਖ ਦੇ ਦਸਤਾਵੇਜ਼ (Defence exhibit) ਦੀ ਮੋਹਰ ਲੱਗੀ ਅਤੇ ਜੋ ਅਜੇ ਵੀ ਮਿਸਲ-ਮੁਕੱਦਮੇ ਨਾਲ ਨੱਥੀ ਹੈ। ਪਰ ਸਾਡੇ ਕਈ 'ਸਿਆਣੇ ਬੁੱਧੀਜੀਵੀ' ਆਖਦੇ ਸੁਣੀਂਦੇ ਹਨ ਕਿ ਇਹ ਦਸਤਾਵੇਜ਼ ਹੋਂਦ ਵਿੱਚ ਹੀ ਨਹੀਂ। ਨਾ ਯਥਾਰਥ, ਨਾ ਇਤਿਹਾਸ ਇਨ੍ਹਾਂ ਦੇ ਚਾਪਲੂਸ ਵਤੀਰੇ ਲਈ ਕੋਈ ਅਰਥ ਰੱਖਦਾ ਹੈ ਅਤੇ ਨਾ ਸੱਚ ਜਾਂ ਕਾਨੂੰਨੀ ਪ੍ਰਕਿਰਿਆ ਦੇ ਇਹ ਕਾਇਲ ਹਨ। ਪਰ ਆਪਣੀਆਂ ਬੇਥ੍ਹਵੀਆਂ ਨੂੰ ਅੰਤਿਮ ਸੱਚ ਦਰਸਾ ਕੇ ਪ੍ਰਚਾਰਨ ਦੇ ਹੱਠ ਨੂੰ ਹੀ ਵਿਦਵਤਾ ਸਮਝਦੇ ਹਨ।
 1947 ਤੋਂ ਪਹਿਲਾਂ ਦਾ ਘਟਨਾਕ੍ਰਮ ਸਿਰਦਾਰ ਕਪੂਰ ਸਿੰਘ ਦੇ ਆਸ-ਪਾਸ ਹੀ ਵਾਪਰਿਆ ਸੀ। ਸਤਰਕ ਦਰਸ਼ਕ ਅਤੇ ਸਜਗ ਪਾਤਰ ਵਜੋਂ ਉਹ ਸਭ ਕਾਸੇ ਤੋਂ ਬਾਖਬਰ ਸੀ। ਉਸ ਨੇ ਇਹ ਸਾਰੀ ਜਾਣਕਾਰੀ ਆਪਣੀ 'ਸਾਚੀ ਸਾਖੀ' ਵਿੱਚ ਦਰਜ ਕੀਤੀ। ਸਿੱਖ ਪੰਥ ਸਬੰਧੀ ਘਟਨਾਵਾਂ ਦੇ ਵਿਸਥਾਰ ਨੂੰ ਉਸ ਨੇ ਪੰਜਾਬੀ ਸੂਬਾ ਬਣਨ ਦੇ ਮੌਕੇ ਆਪਣੀ ਲੋਕ ਸਭਾ ਵਿੱਚ ਕੀਤੀ ਸਪੀਚ ਵਿੱਚ ਵਿਸਥਾਰ ਨਾਲ ਦੱਸਿਆ। ਉਸ ਵੇਲੇ ਉਥੇ ਆਜ਼ਾਦੀ ਦੀ ਲੜਾਈ ਲੜਨ ਵਾਲੇ ਬਹੁਤੇ ਅਹਿਮ ਕਿਰਦਾਰ ਜਿਊਂਦੇ ਸਨ, ਕਈ ਲੋਕ ਸਭਾ ਵਿੱਚ ਵੀ ਮੌਜੂਦ ਸਨ। ਸਿਰਦਾਰ ਕਪੂਰ ਸਿੰਘ ਜੀ ਨੇ ਸਥਾਈ ਬਹੁਗਿਣਤੀ ਵੱਲੋਂ ਸਿੱਖਾਂ ਨਾਲ ਕੀਤੇ ਘਿਨਾਉਣੇ ਵਿਸਾਹਘਾਤ ਦੀ ਕਹਾਣੀ ਖੋਲ੍ਹ ਕੇ ਦੱਸੀ। ਸਭ ਸੁੰਨ-ਮੁੰਨ ਹੋ ਕੇ ਸੁਣਦੇ ਰਹੇ। ਗੁਰੂ ਨਾਨਕ ਵੱਲੋਂ ਮੱਕੇ ਵਿੱਚ ਦਿੱਤੀ ਹੱਕ-ਸੱਚ ਦੀ ਬਾਂਗ ਬਾਰੇ ਭਾਈ ਗੁਰਦਾਸ ਆਖਦੇ ਹਨ, "ਸੁਨ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨ"। ਅਜੋਕੀ 'ਬਾਂਗ' ਗੁਰੂ ਦੇ ਅਦਨੇ ਸਿੱਖ ਦੀ ਸੀ। ਇਕ ਅੱਧ ਮਸਖ਼ਰੇ ਨੇ ਸਿਰਦਾਰ ਨੂੰ ਮਸ਼ਕਰੀ ਰਾਹੀਂ ਵਿਚਲਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਵੀ ਉਸੇ ਬੋਲੀ ਵਿੱਚ ਸਿਰਦਾਰ ਕਪੂਰ ਸਿੰਘ ਨੇ ਮੂੰਹ-ਤੋੜਵਾਂ ਜਵਾਬ ਦਿੱਤਾ। ਦਸਮੇਸ਼ ਦਾ ਇਹ ਅਦੁੱਤੀ ਲਾਲ ਉਸ ਯਾਦਗਾਰੀ ਦਿਨ ਪ੍ਰਤੱਖ ਸਵਾ ਲੱਖ ਨਾਲ ਨਹੀਂ ਬਲਕਿ 80 ਕਰੋੜ ਨਾਲ ਜੂਝਿਆ ਅਤੇ ਉਸ ਨੇ ਕੇਵਲ ਸੱਚ ਦੇ ਆਸਰੇ ਵੱਡੀ ਫ਼ਤਹਿ ਹਾਸਲ ਕੀਤੀ। ਉਸ ਦੇ ਵਿਚਾਰਾਂ ਜਾਂ ਪ੍ਰਗਟ ਕੀਤੇ ਤੱਥਾਂ ਨੂੰ ਝੁਠਲਾਉਣ ਲਈ ਨਾ ਕੋਈ ਉਦੋਂ ਨਿੱਤਰਿਆ ਨਾ ਉਸ ਤੋਂ ਬਾਅਦ ਅੱਜ ਤੱਕ। ਪਰ ਅਸ਼ਕੇ ਜਾਈਏ ਚੰਦ 'ਸਿੱਖ ਇਤਿਹਾਸਕਾਰਾਂ' ਦੇ ਜਿਹੜੇ ਗੁਲਾਮੀ ਦਾ ਜੂਲਾ ਏਸ ਕਦਰ ਹੰਢਾ ਰਹੇ ਹਨ ਕਿ ਅੱਜ ਵੀ ਸੱਚ ਨੂੰ ਮੰਨਣ ਲਈ ਤਿਆਰ ਨਹੀਂ। ਉਹ, ਜਿਹੜੇ ਨੇੜੇ ਨਾ ਤੇੜੇ ਸਨ, ਆਖਦੇ ਹਨ ਕਿ 1947 ਵਿੱਚ ਅੰਗ੍ਰੇਜ਼ ਸਿੱਖਾਂ ਦੀ ਕੋਈ ਵੀ ਸਿਆਸੀ ਮੰਗ ਨਹੀਂ ਸੀ ਮੰਨ ਰਿਹਾ। ਅਸਲ ਵਿੱਚ ਅੱਜ ਦੇ 'ਅੰਗ੍ਰੇਜ਼ਾਂ' ਨੂੰ ਆਪਣੀ ਅਡਿੱਗ ਵਫ਼ਾਦਾਰੀ ਦੇ ਸਬੂਤ ਦੇਣ ਦੀ ਮਨਸ਼ਾ ਨਾਲ ਇਹ ਚਤੁਰ ਪੁਰਸ਼ ਸਿਰਦਾਰ ਨੂੰ ਅਨਜਾਣ ਦਰਸਾ ਕੇ ਚਾਪਲੂਸੀ ਦੇ ਟੀਚੇ ਸਰ ਕਰਨ ਦੇ ਯਤਨ ਵਿੱਚ ਹਨ।
 ਉੱਤੇ ਕਈ ਕਾਰਨ ਦੱਸੇ ਗਏ ਹਨ ਜਿਨ੍ਹਾਂ ਕਾਰਨ ਸਿਰਦਾਰ ਕਪੂਰ ਸਿੰਘ ਨੇ 'ਸਿੱਖ ਰਾਜ', 'ਸਿੱਖ ਸਟੇਟ' ਜਾਂ 'ਖਾਲਿਸਤਾਨ' ਦੇ ਲਫਜ਼ ਅਤੇ ਸੰਕਲਪ ਨੂੰ ਨਾ ਵਰਤ ਕੇ ਹੋਮਲੈਂਡ ਦਾ ਨਾਅਰਾ ਬੁਲੰਦ ਕੀਤਾ ਸੀ। ਸਭ ਜਾਣਦੇ ਸਨ ਕਿ ਖਾਲਿਸਤਾਨ ਦੇ ਸੰਕਲਪ ਨੂੰ ਤੇਜ ਬਹਾਦਰ ਸਪਰੂ ਕਮੇਟੀ ਨੇ ਬਲ ਦਿੱਤਾ ਸੀ। ਉਸ ਵੇਲੇ ਸਿੱਖੀ ਦੇ ਕੱਟੜ ਵਿਰੋਧੀ ਕਮਿਊਨਿਸਟ ਵੀ 'ਸਿਖ ਸਟੇਟ' ਦੇ ਹਾਮੀ ਸਨ ਅਤੇ ਸਿੱਖ-ਵੈਰੀ ਮਹਾਸ਼ਾ ਪ੍ਰੈੱਸ ਨੇ ਏਸ ਨੂੰ ਖੂਬ ਪ੍ਰਚਾਰਿਆ ਸੀ। 1947 ਤੋਂ ਬਾਅਦ ਉਨ੍ਹਾਂ ਹੀ ਲੋਕਾਂ ਨੇ ਏਸੇ ਸ਼ਬਦ ਨੂੰ ਲੈ ਕੇ ਸਿੱਖਾਂ ਨੂੰ ਵਿਧਾਨ ਘਾੜਨੀ ਸਭਾ ਦੇ ਅੰਦਰ ਅਤੇ ਬਾਹਰ ਪੂਰੇ ਤਾਣ ਨਾਲ ਭੰਡਿਆ ਸੀ। ਜਵਾਹਰ ਲਾਲ ਨਹਿਰੂ ਤਾਂ ਸਿੱਖਾਂ ਦੀ ਪੰਜਾਬੀ ਸੂਬੇ ਦੀ ਸੱਭਿਆਚਾਰਕ ਮੰਗ ਨੂੰ ਵੀ ਖਾਲਿਸਤਾਨ ਦੀ ਸੰਗਿਆ ਦੇ ਕੇ ਪੰਥ ਉੱਤੇ ਤਾਬੜਤੋੜ ਹਮਲੇ ਕਰਦਾ ਰਿਹਾ। ਇਨ੍ਹਾਂ ਹਮਲਿਆਂ ਦਾ ਪੈਂਤੜਾ ਸੰਵਿਧਾਨ ਘੜਦੇ ਸਮੇਂ ਹੀ 25 ਧਾਰਾ ਆਦਿ ਸ਼ਾਮਿਲ ਕਰਕੇ ਲੈ ਲਿਆ ਗਿਆ ਸੀ। ਜੂਨ 1984 ਦੀ ਅਤੇ ਅੱਜ ਦੀ ਹਾਲਤ ਨੂੰ ਜਨਮ ਦੇਣ ਵਾਲੇ ਬੀਜ ਉਦੋਂ ਹੀ ਬੀਜੇ ਜਾ ਚੁੱਕੇ ਸਨ। ਸਿਰਦਾਰ ਕਪੂਰ ਸਿੰਘ ਦੇ ਤਸੱਵਰ ਵਿੱਚ ਉਹ ਸਮਾਂ ਆ ਗਿਆ ਸੀ, ਜਦੋਂ ਏਸ ਸ਼ਬਦ ਦੇ ਚੱਕਰਵਿਊ ਵਿੱਚ ਫਸਾ ਕੇ ਤਖ਼ਤ ਢਾਏ ਜਾਣੇ ਸਨ ਅਤੇ ਅਨੇਕਾਂ ਨਿਰਦੋਸ਼ ਸਿੱਖਾਂ ਦੇ ਸਾਲਾਂ ਬੱਧੀ ਮੁਤਵਾਤਰ ਕਤਲ ਹੋਣੇ ਸਨ। ਅੱਜ ਵੀ ਸਾਲ ਵਿੱਚ ਘੱਟੋ ਘੱਟ ਦੋ ਵਾਰੀ ਦੇਸ਼ ਦੀ ਏਕਤਾ-ਅਖੰਡਤਾ ਨੂੰ ਬਰਕਰਾਰ ਰੱਖਣ ਦੇ ਬਹਾਨੇ ਸੈਂਕੜੇ ਨਿਰਦੋਸ਼ ਸ਼ਰਧਾਵਾਨ ਗੁਰਸਿੱਖ ਗ੍ਰਿਫਤਾਰ ਕੀਤੇ ਜਾਂਦੇ ਹਨ ਅਤੇ ਕਈ ਸਾਲ ਜੇਲ੍ਹਾਂ ਆਦਿ ਵਿੱਚ ਖੱਜਲ-ਖੁਆਰ ਕਰਕੇ, ਕਈ ਵਾਰ ਨਕਾਰਾ ਕਰਕੇ ਅਤੇ ਹਰ ਵਾਰ ਸਾਧਾਰਨ ਸਮਾਜਿਕ ਜੀਵਨ ਬਿਤਾਉਣ ਦੇ ਅਯੋਗ ਬਣਾ ਕੇ ਸੱਤ/ਅੱਠ ਸਾਲ ਬਾਅਦ ਬਰੀ ਕਰ ਦਿੱਤੇ ਜਾਂਦੇ ਹਨ। ਹਰ ਵਾਰ ਖਾਲਿਸਤਾਨ ਦੇ ਹਾਮੀ ਦੱਸ ਕੇ ਉਨ੍ਹਾਂ ਉੱਤੇ ਤਸ਼ੱਦਦ ਕੀਤਾ ਜਾਂਦਾ ਹੈ। ਕਈ ਹਾਲਤਾਂ ਵਿੱਚ ਤਾਂ ਜਸਪਾਲ ਸਿੰਘ ਵਰਗੇ ਪੜ੍ਹਨ ਵਾਲੇ ਬੱਚਿਆਂ ਨੂੰ ਕਤਲ ਵੀ ਕੀਤਾ ਜਾਂਦਾ ਹੈ। ਨਿਆਂਪਾਲਿਕਾ ਨੂੰ 7-7 ਸਾਲ ਇਹ ਤੈਅ ਕਰਨ ਉੱਤੇ ਲੱਗ ਜਾਂਦੇ ਹਨ ਕਿ ਘਾਤਕ ਗੋਲੀ ਪੁਲਸ ਦੀ ਬੰਦੂਕ ਵਿੱਚੋਂ ਹੀ ਚੱਲੀ ਸੀ। ਉਸ ਤਰ੍ਹਾਂ ਹਾਥੀ ਦੇ ਦਿਖਾਉਣ ਵਾਲੇ ਦੰਦਾਂ ਦੀ ਤਰਜ਼ ਉੱਤੇ ਅਦਾਲਤਾਂ ਨੇ ਖਾਲਿਸਤਾਨ ਦੇ ਹੱਕ ਵਿੱਚ ਪ੍ਰਚਾਰ ਕਰਨਾ ਕਾਨੂੰਨ ਅਨੁਸਾਰ ਦੋਸ਼-ਰਹਿਤ ਠਹਿਰਾਇਆ ਹੋਇਆ ਹੈ। ਏਸੇ ਭ੍ਰਾਂਤੀ ਨੂੰ ਸਿੱਖ ਨਸਲਕੁਸ਼ੀ ਦਾ ਧੁਰਾ ਬਣਾਇਆ ਜਾਂਦਾ ਹੈ। ਸਿਰਦਾਰ ਏਸ ਚੱਕਰਵਿਊ ਦੀ ਸ਼ੁਰੂਆਤ ਤੋਂ ਹੀ ਇਸ ਦਾ ਭੇਤ ਪਾ ਚੁੱਕਿਆ ਸੀ।
 ਉਸ ਤੋਂ ਬਾਅਦ ਬੜਾ ਕੁਝ ਵਾਪਰਿਆ। ਦਰਿਆਈ ਪਾਣੀ ਖੋਹ ਕੇ ਪੰਜਾਬ ਨੂੰ ਬੰਜਰ ਬਣਾਉਣ ਦੀ ਕਮੀਨੀ ਸਾਜ਼ਿਸ਼ ਰਚੀ ਗਈ। ਧਰਮ-ਨਿਰਪੱਖਤਾ ਦਾ ਮਖੌਟਾ ਉਤਾਰ ਕੇ ਹਿੰਦੂਤਵ ਦਾ ਲਬਾਦਾ ਐਲਾਨੀਆ ਉਢਿਆ ਗਿਆ। ਪ੍ਰਭੂ ਬਨਾਮ ਕੁੰਤੇ ਦੇ ਮੁਕੱਦਮੇ ਵਿੱਚ 11 ਦਸੰਬਰ 1995 ਨੂੰ ਸੁਪਰੀਮ ਕੋਰਟ ਦੇ ਫੈਸਲੇ ਰਾਹੀਂ ਹਿੰਦੂਤਵ ਨੂੰ ਕਾਨੂੰਨੀ ਪ੍ਰਚਾਰਨ, ਗਲੇ ਲਾਉਣ ਦੀ ਆਗਿਆ ਦਿੱਤੀ ਗਈ। ਇਹ ਫੈਸਲਾ ਅੱਜ ਦੂਜੀਆਂ ਕੌਮਾਂ ਅਤੇ ਘੱਟਗਿਣਤੀਆਂ ਦੇ ਘਾਣ ਦਾ ਨੀਂਹ-ਪੱਥਰ ਬਣਿਆ ਹੋਇਆ ਹੈ। ਸੰਵਿਧਾਨਕ ਧਰਮ-ਨਿਰਪੱਖਤਾ, ਜਮਹੂਰੀਅਤ ਦੇ ਜੜ੍ਹੀਂ ਤੇਲ ਦੇਣ ਵਾਲਾ ਇਹ ਫੈਸਲਾ ਚਾਣੱਕਯ ਅਖਵਾਉਂਦੇ ਕਾਂਗਰਸੀ ਨਰਸਿਮ੍ਹਾ ਰਾਉ ਦੇ ਪ੍ਰਧਾਨ ਮੰਤਰੀ ਹੁੰਦਿਆਂ ਆਇਆ। ਅਜਿਹਾ ਇਕ ਅਦਾਲਤੀ ਫੈਸਲਾ ਸਜ਼ਾਏ ਮੌਤ ਸਬੰਧੀ ਹੈ, ਜਿਸ ਰਾਹੀਂ ਕਾਨੂੰਨ ਘੜਿਆ ਗਿਆ ਕਿ ਬਹੁਗਿਣਤੀ ਦੀ ਮਾਨਸਿਕਤਾ ਨੂੰ ਠੇਸ ਪਹੁੰਚਾਉਣ ਵਾਲੇ ਅਪਰਾਧ ਲਈ ਸਜ਼ਾਏ ਮੌਤ ਲਾਜ਼ਮੀ ਹੈ। ਸਿਆਸੀ ਹਾਲਤ ਦੇ ਪਲਟਣ ਨਾਲ ਹਿੰਦ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੇ ਰਾਹੋਂ ਸਭ ਕਾਨੂੰਨੀ ਅੜਚਨਾਂ ਦੂਰ ਹੋ ਚੁੱਕੀਆਂ ਹਨ। ਜੋ ਕੁਝ ਵੀ ਹਿੰਦ ਦੀ ਸੱਭਿਅਤਾ ਵਿੱਚ ਮਾਣ ਕਰਨ ਯੋਗ ਸੀ, ਤੇਜ਼ੀ ਨਾਲ ਤਬਾਹੀ ਵੱਲ ਵੱਧ ਰਿਹਾ ਹੈ। ਅਫ਼ਸੋਸ! ਕਿ ਸਾਡੇ ਚਿੰਤਕਾਂ ਨੇ ਏਸ ਹਾਲਤ ਦਾ ਅਜੇ ਮੁਲਾਂਕਣ ਤੱਕ ਨਹੀਂ ਕੀਤਾ, ਬੇੜਾ ਬੰਨ੍ਹਣ ਦੀ ਗੱਲ ਤਾਂ ਦੂਰ ਦੀ ਹੈ।
 ਅੱਜ ਵਰਗੀਆਂ ਹਾਲਤਾਂ ਨੂੰ ਨਜਿੱਠਣ ਦੀ ਵਿਧੀ ਸਿਰਦਾਰ ਕਪੂਰ ਸਿੰਘ ਨੂੰ ਪੁੱਛੀ ਤਾਂ ਉਸ ਦੀ ਸਲਾਹ ਸੀ: 'ਹਰ ਹੀਲਾ-ਵਸੀਲਾ ਅਪਣਾ ਕੇ ਸਿੱਖੀ ਦੇ ਸਦੀਆਂ ਤੋਂ ਸੋਧੇ ਬੀਜ ਨੂੰ ਸੰਭਾਲਣ ਵੱਲ ਸਾਰਾ ਸਮਾਂ ਲਾਉਣਾ। ਕਲਗੀਧਰ ਦੇ ਬਹੁੜਨ ਤੱਕ, ਜ਼ਮਾਨੇ ਦੀ ਰੌਅ ਬਦਲਣ ਤੱਕ ਹੌਸਲਾ ਕਰਕੇ ਸਿੱਖੀ ਨਾਲ ਡੱਟ ਕੇ ਖੜ੍ਹੇ ਰਹਿਣਾ।' ਏਹੋ ਗੁਰੂ ਗ੍ਰੰਥ ਦਾ ਉਪਦੇਸ਼ ਵੀ ਹੈ: "ਰੇ ਮਨ ਡੀਗਿ ਨ ਡੋਲੀਐ ਸੀਧੈ ਮਾਰਗਿ ਧਾਉ"। ਸਿੱਖੀ ਨਾਲ ਖੜ੍ਹਨ ਦਾ ਪ੍ਰਣ ਸਿਰਦਾਰ ਕਪੂਰ ਸਿੰਘ ਨੇ ਖਾਲਸੇ ਦਾ ਸਰਵੋਤਮ ਕਰਮ ਜਾਣ ਕੇ ਨਿਭਾਇਆ।
 ਅੰਤਲੇ ਦਿਨਾਂ ਵਿੱਚ, ਅਨੇਕ ਬੌਧਿਕ ਜੰਗਾਂ ਦੇ ਅਜਿੱਤ ਜਰਨੈਲ ਸ। ਕਪੂਰ ਸਿੰਘ ਨੂੰ ਕਈ ਨਾਮੁਰਾਦ ਰੋਗਾਂ ਨੇ ਆ ਘੇਰਿਆ। ਭਾਰਤੀ ਫੌਜਾਂ ਨੇ ਗੁਰੂ-ਦਰਬਾਰ ਉੱਤੇ ਹਮਲਾ ਕਰਕੇ, ਹਜ਼ਾਰਾਂ ਬੇਗੁਨਾਹਾਂ ਦਾ ਕਤਲੇਆਮ ਕਰਕੇ, ਦਰਬਾਰ ਵਿੱਚ ਅਨੇਕਾਂ ਹੋਰ ਕੁਕਰਮ ਕਰਕੇ ਨਿਢਾਲ ਸਿਰਦਾਰ ਨੂੰ ਸਭ ਤੋਂ ਵੱਡੀ ਸੱਟ ਮਾਰੀ। ਨਿਰਦੋਸ਼ ਸੰਤ ਜਰਨੈਲ ਸਿੰਘ ਖਾਲਸਾ ਦੇ ਕਤਲ ਨੇ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅਗਨ-ਭੇਟ ਕਰਨ ਦੇ ਹਿੰਦੂਤਵੀ ਹੈਂਕੜ ਭਰੇ ਰਵੱਈਏ ਨੇ ਵੀ ਉਸ ਨੂੰ ਜੀਵਨ ਤੋਂ ਉਪਰਾਮ ਕਰਨ ਵਿੱਚ ਵੱਡਾ ਹਿੱਸਾ ਪਾਇਆ। ਅੰਤ 13 ਅਗਸਤ 1986 ਦੇ ਦਿਨ ਉਸ ਦੀ ਥੱਕੀ ਕਾਇਆ ਨੇ ਸਾਰਾ ਸਫ਼ਰ ਮੁਕਾ ਕੇ ਆਖਰੀ ਸਾਹ ਲਿਆ। ਸਾਰੇ ਗਵਨ ਮਿੱਟ ਗਏ ਦਸਮੇਸ਼ ਦੀ ਗੋਦੀ ਵਿੱਚ ਮਹਾਂ ਸਿੰਘ ਵਾਂਗ ਸਿਰ ਰੱਖ ਕੇ ਉਹ ਸਦਾ ਦੀ ਨੀਂਦ ਸੌਂ ਗਿਆ। 'ਜਲ, ਜਲ ਵਿੱਚ ਵਿਲੀਨ ਹੋ ਗਿਆ ਜੋਤ, ਜੋਤੀ ਵਿੱਚ ਸਮਾਂ ਗਈ।' ਜੋ ਬੌਧਕ ਵਿਰਸਾ ਇਹ ਮਹਾਂ-ਮਾਨਵ ਛੱਡ ਗਿਆ ਉਹ ਕਿਸੇ ਚੰਗੀ, ਤਕੜੀ ਯੂਨੀਵਰਸਿਟੀ ਦੇ ਕੰਮ ਦੇ ਹਾਣ ਦਾ ਹੈ।
 ਅੱਜ ਦੇ ਦਿਨ ਸੋਚਣਾ ਬਣਦਾ ਹੈ ਕਿ ਅਸੀਂ ਤਿੰਨ ਦਹਾਕੇ ਬੀਤਣ ਤੋਂ ਬਾਅਦ ਵੀ ਸਿਰਦਾਰ ਕਪੂਰ ਸਿੰਘ ਦੀ ਢੁੱਕਵੀਂ ਯਾਦਗਾਰ ਕਿਉਂ ਨਹੀਂ ਬਣਾ ਸਕੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ।

ਲੇਖਕ - ਗੁਰਤੇਜ ਸਿੰਘ ਆਈ ਏ ਐਸ