image caption: ਲੇਖਕ: ਕੁਲਵੰਤ ਸਿੰਘ 'ਢੇਸੀ'

ਗਿਆਨ ਵਿਗਿਆਨ ਅਤੇ ਧਰਮ ਦੇ ਵਿਸ਼ਿਆਂ ਪ੍ਰਤੀ ਸਹੀ ਪਹੁੰਚ ਦੀ ਲੋੜ

 


     
ਹੁਣੇ ਹੁਣੇ ਇੱਕ ਗੁਰਸਿੱਖ ਵੀਰ ਨੇ ਮੇਰਾ ਧਿਆਨ ਇੱਕ ਐਸੇ ਲੇਖ ਵਲ ਦਿਵਾਇਆ ਜੋ ਕਿ ਮਨੁੱਖੀ ਸ਼ਰੀਰ ਵਿਚ ਆਤਮਾ ਦੀ ਅਣਹੋਂਦ ਬਾਰੇ ਲਿਖਿਆ ਹੋਇਆ ਸੀ। ਗੁਰਸਿੱਖ ਵੀਰ ਦਾ ਇਹ ਸ਼ਿਕਵਾ ਸੀ ਕਿ ਐਸੇ ਲੇਖ ਧਰਮ ਦੀ ਰਾਹ ਤੇ ਟੁਰਨ ਵਾਲਿਆਂ ਲਈ ਦੁਬਿਧਾ ਪੈਦਾ ਕਰ ਸਕਦੇ ਹਨ। ਫਿਰ ਉਸ ਵੀਰ ਨੇ ਆਪਣੇ ਧਾਰਮਕ ਅਨੁਭਵ ਦੀ ਗੱਲ ਕਰਦਿਆਂ ਕਿਹਾ ਕਿ ਉਹਨਾ ਕੋਲ ਧਰਮ ਦਾ ਅਨੁਭਵ ਹੈ ਪਰ ਸਬੰਧਤ ਲੇਖ ਦੇ ਜਵਾਬ ਵਿਚ ਇਸ ਅਨੁਭਵ ਨੂੰ ਕਲਮਬੰਦ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਹੈ। ਫਿਰ ਉਹਨਾ ਮੇਰੇ ਕੋਲੋਂ ਉਮੀਦ ਕੀਤੀ ਕਿ ਮੈਂ ਇਸ ਲੇਖ ਦਾ ਢੁਕਵਾਂ ਜਵਾਬ ਦੇਵਾਂ।

   
ਤਰਕਸ਼ੀਲ ਲਹਿਰ ਨਾਲ ਜੁੜੇ ਲੋਕਾਂ ਦੇ ਕਾਫੀ ਪੁਰਾਣੇ ਲੇਖ ਵੀ ਮੈਂ ਸੰਭਾਲੇ ਹੋਏ ਹਨ ਅਤੇ ਇਸ ਲੇਖ ਵਿਚ ਮੈਂ ਸਿਰਫ ਇਹ ਹੀ ਕਹਿਣਾ ਚਹੁੰਦਾ ਹਾਂ ਕਿ ਜਿਸ ਵਿਸ਼ੇ ਸਬੰਧੀ ਕਿਸੇ ਵੀ ਲੇਖਕ ਨੂੰ ਲੋੜੀਂਦੀ ਜਾਣਕਾਰੀ ਜਾਂ ਅਨੁਭਵ ਨਾ ਹੋਵੇ ਤਾਂ ਉਸ ਪ੍ਰਤੀ ਕੁਝ ਕਹਿਣ ਜਾਂ ਲਿਖਣ ਤੋਂ ਪਹਿਲਾਂ ਉਸ ਨੂੰ ਸੋਚਣਾ ਚਾਹੀਦਾ ਹੈ ਵਰਨਾ ਉਹ ਆਪਣੇ ਆਪ ਨਾਲ ਅਤੇ ਆਪਣੇ ਪਾਠਕਾਂ ਨਾਲ ਇਨਸਾਫ ਨਹੀਂ ਕਰ ਰਿਹਾ ਹੋਏਗਾ।

     
ਸਬੰਧਤ ਲੇਖ ਸਾਡੇ ਸਮਕਾਲੀ ਲੇਖਕ ਸ੍ਰੀ ਮੇਘ ਰਾਜ ਮਿੱਤਰ ਦਾ ਲਿਖਿਆ ਹੋਇਆ ਹੋਇਆ ਹੈ ਜੋ ਪੰਜਾਬ ਟਾਈਮਜ਼ ਦੇ 9 ਅਗਸਤ ਅੰਕ ਵਿਚ ਛਪਿਆ ਸੀ। ਇਸ ਲੇਕ ਦਾ ਵਿਸ਼ਾ ਹੈ ਕਿ 'ਮਨੁੱਖੀ ਸ਼ਰੀਰ ਵਿਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ'। ਇਸ ਸਬੰਧੀ ਮਿੱਤਰ ਜੀ ਸਿੱਧੀਆਂ ਸਿੱਧੀਆਂ ਗੱਲਾਂ ਲਿਖਦੇ ਹਨ ਕਿ ਵਿਗਿਆਨੀਆਂ ਨੇ ਹੁਣ ਤਕ ਮਨੁੱਖੀ ਸ਼ਰੀਰ ਦੀ ਸੰਪੂਰਨ ਚੀਰ ਫਾੜ ਕੀਤੀ ਹੈ, ਬਹੁਤ ਸਾਰੇ ਅੰਗ ਟਰਾਂਸਪਲਾਂਟ ਕੀਤੇ ਜਾਂਦੇ ਹਨ ਅਤੇ ਕਈ ਮਰੀਜ਼ ਮਹੀਨਿਆਂ ਅਤੇ ਸਾਲਾਂ ਬੱਧੀ ਬੇਹੋਸ਼ (ਕੌਮਾ) ਰਹਿੰਦੇ ਹਨ ਤਾਂ ਇਸ ਪ੍ਰਕਿਰਿਆ ਵਿਚ ਹੁਣ ਤਕ ਕਿਸੇ ਡਾਕਟਰ ਨੂੰ ਆਤਮਾ ਦੇ ਦਰਸ਼ਨ ਨਸੀਬ ਨਹੀਂ ਹੋਏ। ਜਿਸ ਦਾ ਮਤਲਬ ਇਹ ਹੀ ਹੈ ਕਿ ਸ਼ਰੀਰਕ ਕਿਰਿਆ ਵਿਚ ਆਤਮਾ ਨਾਮ ਦੀ ਕੋਈ ਚੀਜ਼ ਨਹੀਂ ਹੈ।

   
ਇਸ ਸਬੰਧੀ ਪਹਿਲੀ ਗੱਲ ਇਹ ਹੈ ਕਿ ਸ਼ਰੀਰਕ ਵਿਗਿਆਨ ਜਾਂ ਸਾਇੰਸ ਦੀ ਆਪਣੀ ਇੱਕ ਖੋਜ ਹੈ ਅਤੇ ਧਰਮ ਦੀ ਆਪਣੀ ਇੱਕ ਖੋਜ ਹੈ ਅਤੇ ਗੁਰਮਤ ਮੁਤਾਬਕ ਇਹਨਾ ਦੋਹਾਂ ਦਾ ਕਿਧਰੇ ਵੀ ਟਕਰਾਓ ਨਹੀਂ ਹੈ, ਇਥੋਂ ਤਕ ਕਿ 'ਪਦਾਰਥ ਉੱਪਰ ਪ੍ਰਮਾਤਮਾ' (Mind Over Matter) ਦੇ ਵਿਸ਼ੇ 'ਤੇ ਵੀ ਨਹੀਂ ਹੈ। ਪੁਰਾਤਨ ਧਰਮਾਂ ਦੀਆਂ ਕੁਝ ਧਾਰਨਾਵਾਂ ਨੂੰ ਜਦੋਂ ਵਿਗਿਆਨ  ਨੇ ਚਣੌਤੀ ਦਿੱਤੀ ਤਾਂ ਧਰਮ ਨੂੰ ਵਿਗਿਆਨ ਦੇ ਵਿਰੁਧ ਸਮਝ ਲਿਆ ਗਿਆ। ਸੰਨ 1932 ਵਿਚ ਜਿਸ ਵੇਲੇ ਗਲੈਲੀਓ ਨੇ ਆਪਣੀ ਖੋਜ ਰਾਹੀਂ ਇਹ ਸਾਬਤ ਕਰਨਾ ਸ਼ੁਰੂ ਕੀਤਾ ਕਿ ਧਰਤੀ ਗੋਲ ਹੈ ਅਤੇ ਇਹ ਸੂਰਜ ਦੁਆਲੇ ਘੁੰਮਦੀ ਹੈ ਤਾਂ ਉਸ ਦਾ ਵਿਰੋਧ ਇਸਾਈ ਮਤ ਨੇ ਕੀਤਾ ਕਿਓਂਕਿ ਇਸਾਈ ਮੱਤ ਮੁਤਾਬਕ ਧਰਤੀ ਹੀ ਬ੍ਰਹਿਮੰਡ ਦਾ ਕੇਂਦਰ ਹੈ। ਇਸ 'ਤੇ ਗਲੈਲੀਓ ਨੂੰ ਜੇਲ ਬੰਦ ਕਰ ਦਿੱਤਾ ਗਿਆ ਤੇ ਅਖੀਰ ਉਹ ਜਿਹਲ ਵਿਚ ਹੀ ਅੰਨ੍ਹਾ ਹੋ ਗਿਆ ਅਤੇ ਉਸ ਨੂੰ ਜਿੰਦਾ ਜਲਾ ਦਿੱਤਾ ਗਿਆ ਭਾਵੇਂ ਕਿ 400 ਸੌ ਸਾਲ ਬਾਅਦ ਚਰਚ ਨੇ ਇਸ ਸਬੰਧੀ ਮੁਆਫੀ ਵੀ ਮੰਗੀ।

   
ਇਸ ਤੋਂ ਬਾਅਦ ਧਰਮ ਨੂੰ ਵਿਗਿਆਨ ਵਿਰੋਧੀ ਐਲਾਨ ਦਿੱਤਾ ਗਿਆ ਅਤੇ ਧਰਮ ਵਿਰੋਧੀ ਹੋਣ ਦਾ ਮਤਲਬ ਅਗਾਂਹ ਵਧੂ ਹੋਣਾ ਵੀ ਨਿਰਧਾਰਤ ਕਰ ਦਿੱਤਾ ਗਿਆ। ਅਸੀਂ ਆਪਣੇ ਪੰਜਾਬੀ ਤਰਕਸ਼ੀਲਾਂ ਨੂੰ ਪੁੱਛਣਾ ਚਾਹਾਂਗਾ ਕਿ ਜਦੋਂ ਉਹ ਗੁਰਮਤ ਨੂੰ ਵੀ ਬਾਕੀ ਧਰਮਾ ਵਾਲੇ ਖਾਨੇ ਵਿਚ ਰੱਖ ਕੇ ਧਰਮ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕੀ ਉਹ ਇਹ ਗੱਲ ਨਹੀਂ ਸਮਝਦੇ ਕਿ ਗਿਆਨ ਵਿਗਿਆਨ ਅਤੇ ਕੁਦਰਤ ਦੇ ਸਬੰਧ ਵਿਚ ਗੁਰਮਤ ਦੀ ਕਿਸੇ ਧਾਰਨਾ ਨੂੰ ਵੀ ਹੁਣ ਤਕ ਚਣੌਤੀ ਨਹੀਂ ਦਿੱਤੀ ਗਈ। ਮਿਸਾਲ ਦੇ ਤੌਰ 'ਤੇ ਅਸੀਂ ਹੇਠ ਲਿਖਿਆਂ ਪੰਗਤੀਆਂ ਦੇਣਾ ਚਾਹਾਂਗੇ-

ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥  612 -

ਭਾਵ ਕਿ ਬ੍ਰਹਿਮੰਡ ਦੀ ਵਿਸ਼ਾਲਤਾ ਅਸੀਮਤ ਹੈ

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ 19

-
ਭਾਵ ਕਿ ਪ੍ਰਮਾਤਮਾ ਨੇ ਪਹਿਲਾਂ ਹਵਾ ਬਣਾਈ ਅਤੇ ਫਿਰ ਪਾਣੀ ਜਿਸ ਤੋਂ ਜੀਵਨ ਸਾਜਨਾ ਹੋਈ।

ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥ 1035

  (
ਇਹ ਬਿਗ ਬੈਂਗ ਤੋਂ ਪਹਿਲਾਂ ਦੀ ਹਾਲਤ ਦਾ ਜ਼ਿਕਰ ਹੈ)

     
ਸਾਡੇ ਤਰਕਸ਼ੀਲ ਲੇਖਕ ਜਦੋਂ ਧਰਮ ਨਾਲ ਵਿਗਿਆਨ ਦੇ ਵਿਰੋਧ ਦਾ ਜ਼ਿਕਰ ਕਰਦੇ ਹਨ ਤਾਂ ਉਹ ਦੁਨੀਆਂ ਦੇ ਨਵੀਨ ਧਰਮ ਭਾਵ ਕਿ ਗੁਰਮਤ ਦੇ ਵਲ ਝਾਤੀ ਪਾਉਣ ਦੀ ਕਦੀ ਕੋਸ਼ਿਸ਼ ਨਹੀਂ ਕਰਦੇ। ਹੁਣ ਆਉਂਦੇ ਹਾਂ ਸਾਡੇ ਦੋਸਤ ਲੇਖਕ ਮਿੱਤਰ ਜੀ ਦੇ ਆਤਮਾ ਦੇ ਵਿਸ਼ੇ ਵਲ।
ਤਰਕਸ਼ੀਲ ਲੋਕ ਹਰ ਸਾਲ ਫਰਵਰੀ ਦੀ 12 ਤਾਰੀਖ ਦੇ ਦਿਨ ਨੂੰ ਧਰਮ ਉੱਤੇ ਵਿਗਿਆਨ ਦੀ ਜਿੱਤ ਵਜੋਂ ਮਨਾਉਂਦੇ ਹਨ। ਇਸ ਦਾ ਕਾਰਨ ਇਹ ਹੈ ਕਿ 12 ਫਰਵਰੀ 1809 ਨੂੰ ਬ੍ਰਤਾਨੀਆ ਦੇ ਜੀਵ ਤੇ ਕੁਦਰਤ ਸਬੰਧੀ ਵਿਗਿਆਨੀ ਚਾਰਲਸ ਡਾਰਵਿਨ ਦਾ ਜਨਮ ਹੋਇਆ ਸੀ। ਇਹ ਚਾਰਲਸ ਡਾਰਵਿਨ ਹੀ ਸੀ ਜਿਸ ਨੇ ਮਨੁੱਖ ਨੂੰ ਬਾਂਦਰ ਦੀ ਸੁਧਰੀ ਹੋਈ ਨਸਲ ਕਹਿ ਕੇ ਪ੍ਰਮਾਤਮਾ ਨੂੰ ਮਨਫੀ ਕਰਨ ਦਾ ਯਤਨ ਕੀਤਾ ਸੀ। ਡਾਰਵਿਨ ਨੇ ਇਸਾਈ ਧਰਮ ਦੀ ਇਸ ਮਨੌਤ ਨੂੰ ਵੀ ਚਣੌਤੀ ਦਿਤੀ ਸੀ ਕਿ ਰੱਬ ਨੇ ਸੰਸਾਰ ਰਚਨਾ 6 ਦਿਨਾ 'ਚ ਕੀਤੀ ਸੀ ਅਤੇ ਧਰਤੀ ਦੀ ਉਮਰ ਕੇਵਲ 6000 ਸਾਲ ਹੈ। ਚਾਰਲਸ ਦੀ ਖੋਜ ਆਪਣੇ ਆਪ ਵਿਚ ਬੜੀ ਮਹਾਨ ਸੀ ਭਾਵੇਂ ਕਿ ਇਸ ਸਬੰਧੀ ਲਗਾਤਾਰ ਸਵਾਲ ਉੱਠਦੇ ਰਹੇ ਹਨ ਜਿਵੇਂ ਕਿ ਜੇ ਪਹਿਲਾਂ ਮੱਛੀ ਦਾ ਵਿਕਾਸ ਹੋ ਕੇ ਡੱਡੂ ਬਣੇ ਸੀ ਤਾਂ ਹੁਣ ਇਹ ਪ੍ਰਕਿਰਿਆ ਕਿਓਂ ਬੰਦ ਹੈ ਜਾਂ ਹੁਣ ਬਾਂਦਰ ਬੰਦੇ ਕਿਓਂ ਨਹੀਂ ਹੁੰਦੇ ਪਰ ਇਹ ਬਹਿੰਸ ਸਾਡੇ ਆਮ ਲੋਕਾਂ ਦੇ ਪੱਧਰ ਦੀ ਨਹੀਂ ਹੈ, ਸਾਡੀ ਬਹਿੰਸ ਤਾਂ ਕੇਵਲ ਏਨੀ ਹੈ ਕਿ ਅਗਰ ਹਜ਼ਾਰਾਂ ਸਾਲ ਪੁਰਾਣੇ ਧਰਮਾਂ ਦੀਆਂ ਕੁੱਝ ਮਾਨਤਾਵਾਂ ਨੂੰ ਗਿਆਨ ਵਿਗਿਆਨ ਨੇ ਰੱਦ ਕੀਤਾ ਤਾਂ ਇਸ ਦਾ ਮਤਲਬ ਸਮੁੱਚੇ ਧਰਮ ਨੂੰ ਚਣੌਤੀ ਦੇਣ ਦਾ ਨਹੀਂ ਹੈ। ਧਰਮ ਦਾ ਵਿਸ਼ਾ ਆਪਣੇ ਥਾਂ 'ਤੇ ਖੋਜ ਦੀ ਮੰਗ ਕਰਦਾ ਹੈ ਅਤੇ ਅਸੀਂ ਆਪਣੇ ਤਰਕਸ਼ੀਲ ਲੇਖਕਾਂ ਤੋਂ ਇਹ ਵੀ ਪੁੱਛਣਾ ਚਹੁੰਦੇ ਹਾਂ ਕਿ ਜਦੋਂ ਦੁਨੀਆਂ ਦੇ ਮਹਾਨ ਵਿਗਿਆਨਕਾਂ,ਖੋਜੀਆਂ ਅਤੇ ਚਿੰਤਕਾਂ ਨੇ ਜੀਵਨ ਦਾ ਅਧਾਰ ਅੰਤਰ ਆਤਮਾ ਨੂੰ ਕਿਹਾ ਤਾਂ ਉਹਨਾ ਨੇ ਉਸ ਨੂੰ ਅੱਖੋਂ ਪਰੋਖੇ ਕਿਓਂ ਕਰ ਦਿੱਤਾ। ਇਥੇ ਅਸੀਂ ਕੁਝ ਨਾਮ ਹੀ ਦੇਵਾਂਗੇ-

The only real valuable thing is intuition[]] - Albert Einstein
Often you have to rely on intuition[]] &ndash Bill Gate
All great men are gifted with intuition[]] They know without reasoning or analysis, what they need to know[]] - Alexis Carrel

(
ਨੋਬਲ ਪ੍ਰਾਈਜ਼ ਵਿਜੈਤਾ ਫਰੈਂਚ ਜੀਵ ਵਿਗਿਆਨੀ)

   
ਇਹਨਾ ਤਿੰਨਾ ਕਥਨਾ ਵਿਚ ਇੱਕ ਹੀ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਜੀਵਨ ਦਾ ਅਧਾਰ ਅੰਤਰ ਆਤਮਾ ਹੈ ਜਿਸ ਨੂੰ ਤਰਕ ਨਾਲ ਸਿੱਧ ਨਹੀਂ ਕੀਤਾ ਜਾ ਸਕਦਾ।

   
ਇਸ ਸਬੰਧੀ ਇੱਕ ਕੌੜਾ ਸੱਚ ਇਹ ਹੈ ਕਿ ਜਿਸ ਵੇਲੇ ਅਲਬਰਟ ਆਈਨਸਟਾਈਨ ਦੀ ਖੋਜ ਨੇ ਅਟੌਮਿਕ ਬੰਬ ਲਈ ਅਧਾਰ ਪੈਦਾ ਕਰ ਦਿੱਤਾ ਅਤੇ ਉਸ ਦਾ ਕਹਿਣਾ ਇਹ ਸੀ ਕਿ ਵਿਗਿਆਨਕ ਹੋਣ ਨਾਲੋਂ ਕਾਸ਼ ਉਹ ਇੱਕ ਮੋਚੀ ਹੀ ਹੁੰਦਾ। ਹੁਣ ਜੇਕਰ ਐਟਮ ਦੀ ਖੋਜ ਤਕ ਪਹੁੰਚ ਕੇ ਬੰਦੇ ਨੇ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਭਾਣੇ ਵਰਤਾ ਦਿੱਤੇ ਤਾਂ ਕੀ ਇਹ ਸਮਝ ਲਿਆ ਜਾਵੇ ਕਿ ਸਾਂਇੰਸ ਮਨੁੱਖ ਲਈ ਵਰਦਾਨ ਹੋਣ ਦੀ ਬਜਾਏ ਸ਼ਰਾਪ ਹੈ। ਇਸੇ ਤਰਾਂ ਅਗਰ ਧਰਮਾ ਦੇ ਰਾਜਸੀਕਰਨ ਜਾਂ ਖੁਦਗਰਜੀਕਰਨ ਨੇ ਮਨੁੱਖਾਂ ਨੂੰ ਲੜਾਇਆ ਹੈ ਜਾਂ ਧਰਮਾਂ ਦੀਆਂ ਗਲਤ ਮਨੌਤਾਂ ਨੇ ਮਨੁੱਖ ਨੂੰ ਵਿਗਿਆਨ ਦੇ ਖਿਲਾਫ ਜਾ ਕੇ ਗੁਮਰਾਹ ਕੀਤਾ ਹੈ ਤਾਂ ਕੀ ਧਰਮ ਦੇ ਨਾਮ 'ਤੇ ਬੋ ਕਾਟਾ ਮਾਰ ਦਿੱਤਾ ਜਾਵੇ।


   
ਗੁਰਮਤ ਦਾ ਇਹ ਅਟੱਲ ਫੈਸਲਾ ਹੈ ਕਿ ਮਨੁੱਖੀ ਜੀਵਨ ਦੁਰਲੱਭ ਹੈ (ਮਾਣਸ ਜਨਮੁ ਦੁਲੰਭੁ ਹੈ) ਪਰ ਨਾਮ ਦੀ ਦਾਤ ਬਿਨਾ ਜੀਵਨ ਧਿਰਕਾਰ (ਨਾਮ ਬਿਨਾ ਧ੍ਰਿਗ ਧ੍ਰਿਗ ਜੀਵਾਇਆ) ਹੈ । ਹੁਣ ਆਤਮਾ ਦੇ ਵਿਸ਼ੇ ਵਾਂਗ ਹੀ ਤਰਕਸ਼ੀਲ ਵਿਅਕਤੀ ਕਹੇਗਾ ਕਿ ਮਨੁੱਖੀ ਸ਼ਰੀਰ ਨੂੰ ਚੀਰ ਫਾੜ ਕਰਕੇ 'ਨਾਮ' ਨਾਂ ਦੀ ਸਤਾ ਨੂੰ ਜ਼ਾਹਿਰ ਕੀਤਾ ਜਾਵੇ ਜਦ ਕਿ ਨਾਮ ਅਨੁਭਵ ਹੈ ਜਿਵੇਂ ਕਿ ਪ੍ਰੇਮ ਪਿਆਰ, ਹਮਦਰਦੀ ਆਦਿ ਮਨੁੱਖੀ ਅਨੁਭਵ ਹਨ ਜਿਹਨਾ ਨੂੰ ਕਿਸੇ ਵਿਗਿਆਨਕ ਪ੍ਰਯੋਗਸ਼ਾਲਾ ਵਿਚ ਸਿੱਧ ਨਹੀਂ ਕੀਤਾ ਜਾ ਸਕਦਾ ਜਦ ਕਿ ਪ੍ਰੇਮ ਹੀ ਧਰਮ ਦਾ ਅਧਾਰ ਹੈ (ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ)। ਆਤਮਾ ਦੇ ਸਬੰਧ ਵਿਚ ਗੁਰਬਾਣੀ ਦਾ ਇਹ ਨਿਸਚਾ ਹੈ ਕਿ ਜਿਸ ਇਨਸਾਨ ਨੇ ਵੀ ਆਪਣੀ ਆਤਮਾ ਦਾ ਅੁਨੁਭਵ ਕਰ ਲਿਆ ਉਹ ਪਰਮ ਆਤਮਾ (ਪ੍ਰਮਾਤਮਾ) ਦੇ ਅਨੁਭਵ ਵਾਲੇ ਬਣ ਜਾਣਗੇ-

ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥

Those who understand their own soul, are themselves Supreme[]]

   
ਇਹ ਐਸਾ ਕੁਝ ਵੀ ਨਹੀਂ ਜਿਸ ਨੂੰ ਤਰਕ ਵਿਤਰਕ ਨਾਲ ਸਿੱਧ ਕੀਤਾ ਜਾ ਸਕੇ ਇਹ ਇੱਕ ਅਨੁਭਵ ਹੈ ਅਤੇ ਇਸ ਅਨੁਭਵ ਦੀ ਪ੍ਰਾਪਤੀ ਲਈ ਗੁਰਮਤ ਦੇ ਅਮਲ ਨੂੰ ਅਪਨਾਉਣਾ ਪਏਗਾ।

ਦਿਨੋ ਦਿਨ ਧਰਮ ਤੋਂ ਮੁਨਕਰ ਹੋ ਰਹੇ ਸਮਾਜਾਂ ਦਾ ਪਤਨ

   
ਅੱਜ ਵਿਕਸਤ ਸਮਾਜਾਂ ਦੇ ਅੰਦਰਲੀ ਤਸਵੀਰ ਬੜੀ ਡਰਾਉਣੀ ਹੁੰਦੀ ਜਾ ਰਹੀ ਹੈ ਅਤੇ ਜੇਕਰ ਇਨਸਾਨ ਆਪਣੀ ਅੰਤਰ ਆਤਮਾ ਵਲ ਨਾ ਪਰਤਿਆ ਤਾਂ ਸਮੁੱਚੀ ਮਾਨਵਤਾ ਦਾਨਵਤਾ ਦਾ ਰੂਪ ਧਾਰਨ ਕਰ ਜਾਏਗੀ। ਇਥੇ ਅਸੀਂ ਇੰਗਲੈਂਡ ਵਿਚ ਇਖਲਾਕੀ ਪਤਨ ਦੇ ਮੁੱਦੇ 'ਤੇ ਇੱਕ ਮਿਸਾਲ ਦੇਵਾਂਗੇ ਜੋ ਕਿ ਇਹਨੀ ਦਿਨੀ ਅਖਬਾਰਾਂ ਦੀਆਂ ਸੁਰਖੀਆਂ ਬਣੀ ਹੋਈ ਹੈ। ਡੇਲੀ ਮੇਲ ਦੀ ਖਬਰ ਹੈ-

UK arrests 131 suspected paedophiles in single week
Online child abuse arrests are on the rise as UK law enforcement asks technology firms to increase efforts to tackle offences[]] According to the National Crime Agency (NCA) on average around 400 people are arrested in the UK every month for offences connected to child sexual abuse and exploitation-Home Secretary Sajid Javid is warning that 80,000 paedophiles are using websites including social media, and he is calling on technology giants to do more to remove vile photos and videos[]]

     
ਇਹ ਸੁਰਖੀ ਇਹ ਕਹਿ ਰਹੀ ਹੈ ਕਿ ਯੂ ਕੇ ਵਿਚ ਇੱਕ ਹਫਤੇ ਵਿਚ 131 ਪੀਡੋਫਾਈਲ ਭਾਵ ਕਿ ਉਹ ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ ਜੋ ਕਿ ਬੱਚਿਆਂ ਨਾਲ ਬਦਫੈਹਿਲੀਆਂ ਕਰਦੇ ਹਨ। ਹਰ ਮਹੀਨੇ ਇਸ ਤਰਾਂ ਦੇ 400 ਵਿਅਕਤੀ ਗ੍ਰਿਫਤਾਰ ਹੋ ਰਹੇ ਹਨ। ਮਨੁੱਖ ਦੇ ਡਿੱਗ ਰਹੇ ਇਖਲਾਕ ਦੀ ਦਾਲ ਵਿਚੋਂ ਇਹ ਮਿਸਾਲ ਇੱਕ ਦਾਣਾ ਟੋਹਣ ਬਰਾਬਰ ਹੈ।

   
ਗੱਲ ਬੜੀ ਹੀ ਸਪੱਸ਼ਟ ਹੈ ਕਿ ਅਗਰ ਕੋਈ ਆਤਮਾ ਨਹੀਂ ਹੈ ਪ੍ਰਮਾਤਮਾ ਨਹੀਂ ਹੈ ਲੇਖਾ ਹਿਸਾਬ ਨਹੀਂ ਹੈ ਤਾਂ ਕਿਓਂ ਨਾ ਮਨ ਮਰਜ਼ੀਆਂ ਕੀਤੀਆਂ ਜਾਣ ਅਤੇ ਇਹਨਾਂ ਮਰਜ਼ੀਆਂ ਕਰਕੇ ਮਨੁੱਖ ਦਿਨੋ ਦਿਨ ਆਪਣੇ ਵਾਸਤੇ ਖਾਈਆਂ ਪੁੱਟ ਰਿਹਾ ਹੈ। ਅੱਜ ਪੰਜਾਬ ਵਿਚ ਸਿੰਥੇਟਿਕ ਨਸ਼ਿਆਂ ਦਾ ਹੜ ਹੈ ਪਰ ਇਸ ਕਰਕੇ ਅਸੀਂ ਸਾਂਇੰਸ ਨੂੰ ਦੋਸ਼ ਨਹੀਂ ਦੇ ਸਕਦੇ ਕਿ ਸਾਂਇੰਸ ਦੀਆਂ ਖੋਜਾਂ ਨੇ ਮਨੁੱਖ ਨੂੰ ਇਥੋਂ ਤਕ ਪਹੁੰਚਾਇਆ ਹੈ ਜਾਂ ਸਾਨੂੰ ਮਨੁੱਖ ਨੂੰ ਪ੍ਰਚਾਰ ਦੇ ਐਸੇ ਸਾਧਨ ਦਿੱਤੇ ਹਨ ਕਿ ਹੁਣ ਮਨੁੱਖ ਤੋਂ ਉਸ ਦੇ ਆਪਣੇ ਹੀ ਬੱਚੇ ਸੁਰੱਖਿਅਤ ਨਹੀਂ ਹਨ। ਇਸ ਸਭ ਕੁਝ ਦੀ ਜ਼ਿੰਮੇਵਾਰ ਉਹ ਸੋਚ ਹੈ ਜੋ ਇਹ ਕਹਿੰਦੀ ਹੈ ਕਿ ਆਤਮਾ ਪ੍ਰਮਾਤਮਾ ਦਾ ਕੋਈ ਵੀ ਚੱਕਰ ਨਹੀਂ ਹੈ ਅਤੇ ਮਨੁਖ ਜੋ ਠੀਕ ਸਮਝੇ ਉਹ ਕਰ ਸਕਦਾ ਹੈ।

   
ਅਸਲ ਗੱਲ ਇਹ ਹੈ ਕਿ ਅੱਜ ਵਿਗਿਆਨ ਨੇ ਭਾਵੇਂ ਮਨੁੱਖ ਦੇ ਬਾਹਰੀ ਜੀਵਨ ਨੂੰ ਬਹੁਤ ਸੁੱਖ ਸਹੂਲਤਾਂ ਦਿੱਤੀਆਂ ਹਨ ਪਰ ਆਪਣੇ ਕੇਂਦਰ (ਆਤਮਾ/ਪ੍ਰਮਾਤਮਾ) ਤੋਂ ਟੁੱਟ ਕੇ ਮਨੁੱਖ ਅੰਦਰੂਨੀ ਤੌਰ 'ਤੇ ਏਨਾ ਦੀਨ ਹੋ ਗਿਆ ਹੈ ਕਿ ਦੋਜ਼ਖ (ਨਰਕ) ਵਰਗੇ ਹਾਲਾਤ ਹੋ ਗਏ ਹਨ। ਜੇਕਰ ਮਨੁੱਖ ਆਪਣੇ ਨਿੱਜ ਵਲ ਨਾ ਪਰਤਿਆ ਤਾਂ ਉਸ ਦਾ ਗੁਜ਼ਾਰਾ ਅਸੰਭਵ ਹੈ। ਧਰਮ ਅਤੇ ਵਿਗਿਆਨ ਮਨੁੱਖ ਲਈ ਵਰਦਾਨ ਸਾਬਤ ਹੋਣ ਇਹ ਇਸ ਗੱਲ ਤੇ ਮੁਨੱਸਰ ਕਰਦਾ ਹੈ ਕਿ ਮਨੁੱਖ ਉਹਨਾਂ ਦੀ ਵਰਤੋਂ ਕਿਵੇਂ ਕਰਦਾ ਹੈ। ਗੁਰਮਤਿ ਨੇ ਵੱਖ ਵੱਖ ਧਰਮਾਂ ਅਤੇ ਜਾਤਾਂ ਜਮਾਤਾਂ ਵਿਚ ਵੰਡੇ ਹੋਏ ਰੱਬ ਨੂੰ ਸਾਰੀ ਸ੍ਰਿਸ਼ਟੀ ਲਈ ਸਾਂਝਿਆਂ ਕਰਕੇ ਮਨੁੱਖ ਮਾਤਰ ਨੂੰ ਇਹ ਗੱਲ ਸਮਝਾਈ ਹੈ ਕਿ ਅੰਮ੍ਰਿਤ ਦਾ ਸਰੋਤ ਮਨੁੱਖ ਦੇ ਅੰਦਰ ਹੈ ਪਰ ਉਸ ਦੀ ਆਪਣੀ ਭਟਕੀ ਹੋਈ ਬਿਰਤੀ (ਕਾਮ,ਕ੍ਰੋਧ,ਲੋਭ, ਮੋਹ ਅਤੇ ਹੰਕਾਰ) ਕਰਕੇ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਰਿਹਾ ਅਤੇ ਮਨੁੱਖ ਨਾਮ ਦੇ ਅੰਮ੍ਰਿਤ ਦੀ ਥਾਂ ਮਾਇਆ ਦਾ ਜ਼ਹਿਰ ਪੀ ਕੇ ਦਿਨੋ ਦਿਨ ਜ਼ਹਿਰੀ ਹੁੰਦਾ ਜਾ ਰਿਹਾ ਹੈ।

     
ਪੰਜਾਬੀ ਭਾਈਚਾਰੇ ਵਿਚ ਪੜ੍ਹਨ ਲਿਖਣ ਦੀ ਰੁਚੀ ਨਾ ਹੋਣ ਕਾਰਨ ਵੀ ਅੱਜ ਸਾਡੇ ਸਮਾਜ ਵਿਚ ਬਾਬਾ ਵਾਦ, ਡੇਰਾ ਵਾਦ ਜਾਂ ਅੰਧ ਵਿਸ਼ਵਾਸ ਵਧਦਾ ਜਾ ਰਿਹਾ ਹੈ। ਸਾਡੇ ਸਮਾਜ ਦੇ ਸ਼ਰੀਰ ਦੀ ਇਸ ਬਿਮਾਰੀ ਦਾ ਇਲਾਜ ਤਰਕਸ਼ੀਲ ਲੋਕ ਇਹ ਸਮਝ ਕੇ ਕਰਦੇ ਹਨ ਕਿ ਸ਼ਰੀਰ ਨੂੰ ਹੀ ਨਕਾਰ ਦਿੱਤਾ ਜਾਵੇ, ਜੋ ਕਿ ਅਗੋਂ ਹੋਰ ਗੁੰਝਲਦਾਰ ਸਮੱਸਿਆਵਾਂ ਪੈਦਾ ਕਰੇਗਾ। ਗੁਰਮਤ ਨੇ ਇੱਕ ਚੜ੍ਹਦੀ ਕਲਾ ਵਾਲਾ ਇਤਹਾਸ ਸਿਰਜ ਕੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਅਸੀਂ ਆਪਣੇ ਅੰਦਰ ਅਤੇ ਬਾਹਰੀ ਤੌਰ 'ਤੇ ਵਿਆਪਕ ਮੁਸ਼ਕਲਾਂ ਅਤੇ ਵੈਰੀਆਂ ਨਾਲ ਕਿਵੇਂ ਨਜਿੱਠ ਸਕਦੇ ਹਾਂ। ਅੱਜ ਭਾਰਤ ਵਿਚ ਇੱਕ ਪਾਸੇ ਹਿੰਦੁਤਵ ਦਾ ਦੈਂਤ ਘੱਟ ਗਿਣਤੀਆਂ, ਦਲਿਤਾਂ ਅਤੇ ਦੂਜੇ ਧਰਮਾਂ ਲਈ ਬਹੁਤ ਵੱਡੀ ਚਣੌਤੀ ਬਣਿਆ ਹੋਇਆ ਹੈ ਅਤੇ ਦੂਜੇ ਪਾਸੇ ਸਾਡਾ ਪੜ੍ਹਿਆ ਲਿਖਿਆ ਉਹ ਵਰਗ ਜੋ ਕਿ ਸਾਡੀ ਆਤਮਾ ਭਾਵ ਕਿ ਧਰਮ ਕਰਮ ਤੋਂ ਇਨਕਾਰੀ ਹੋ ਕੇ ਸਾਡੇ ਅੰਦਰੋਂ ਉਹ ਸਪਿਰਟ ਖਤਮ ਕਰਨ ਦੀ ਕੋਸ਼ਿਸ਼ ਵਿਚ ਹੈ ਜਿਹਨਾ ਨਾਲ ਅਸੀਂ ਅੰਦਰੂਨੀ ਅਤੇ ਬਹਿਰੂਨੀ ਬੁਰਾਈਆਂ ਨਾਲ ਜੂਝਦੇ ਰਹੇ ਹਾਂ। ਸਾਨੂੰ ਘੱਟੋ ਘੱਟ ਏਨਾ ਵਿਚਾਰ ਕਰਨਾ ਜਰੂਰ ਬਣਦਾ ਹੈ ਕਿ ਬਰਟਰੈਂਡ ਰਸਲ (Bertrand Russel) ਵਰਗੇ ਚਿੰਤਕਾਂ ਨੇ ਗੁਰਮਤ ਨੂੰ ਭਵਿੱਖ ਵਿਚ ਕੁਲ ਲੋਕਾਈ ਦਾ ਸਰਬ ਸਾਂਝਾ ਧਰਮ ਕਿਓਂ ਕਿਹਾ ਸੀ !

-*-*-*-