image caption: ਜਥੇਦਾਰ ਮਹਿੰਦਰ ਸਿੰਘ ਖਹਿਰਾ

ਪੰਜਾਬ, ਸਿੱਖ ਕੌਮ ਦੀ ਜਨਮ ਭੂਮੀ ਹੈ ਅਠ੍ਹਾਰਵੀਂ ਅਤੇ ਉਨ੍ਹੀਵੀਂ ਸਦੀ ਦੇ ਅੱਧ ਤੱਕ ਪੰਜਾਬ ਉੱਤੇ ਰਾਜ ਕੇਵਲ ਸਿੱਖ ਕੌਮ ਨੇ ਹੀ ਕੀਤਾ ਹੈ

       'ਤੁਸੀਂ ਦੁਨੀਆਂ ਦੀ ਸਾਰੀ ਤਵਾਰੀਖ ਫਰੋਲ ਲਵੋ, ਰਾਜ ਕੇਵਲ ਸਿੱਖ ਕੌਮ ਨੇ ਹੀ ਕੀਤਾ ਹੈ। ਸਿਕੰਦਰ ਦਾ ਰਾਜ, ਅਕਬਰ ਦਾ ਰਾਜ, ਟੋਰੀਆਂ ਦਾ ਰਾਜ, ਇੰਦਰਾ ਗਾਂਧੀ ਦਾ ਰਾਜ ਤਾਂ ਹੋ ਸਕਦਾ ਹੈ ਪਰ ਖਾਲਸੇ ਦਾ ਰਾਜ ਦੁਨੀਆਂ ਦੀ ਤਵਾਰੀਖ ਵਿੱਚ ਕਿਧਰੇ ਨਹੀਂ। ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਕੋਈ ਨਹੀਂ ਆਖਦਾ, ਸਿੱਖ ਰਾਜ ਕਿਹਾ ਜਾਂਦਾ ਹੈ ਜਿਸ ਦਾ ਵਿਧਾਨ ਹੈ ਸਰਕਾਰ ਖਾਲਸਾ ਜੀਓ। ਸਿਰਦਾਰ ਕਪੂਰ ਸਿੰਘ ਸਰਕਾਰ ਖਾਲਸਾ ਜੀਓ ਦਾ ਅੰਗ੍ਰੇਜ਼ੀ ਤਰਜਮਾ ਇਉਂ ਕਰਦੇ ਹਨ: Peoples Republic led by the KHALSA ਅਰਥਾਤ ਖਾਲਸੇ ਦੀ ਅਗਵਾਈ ਹੇਠ ਲੋਕਾਂ ਦਾ ਗਣਰਾਜ। ਇਥੇ ਇਹ ਵੀ ਦੱਸਣ ਯੋਗ ਹੈ ਕਿ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਦਾ ਅਸਲ ਨਾਂ 'ਸਰਕਾਰ ਖਾਲਸਾ ਜੀਓ' ਹੀ ਸੀ ਜਿਵੇਂ ਕਿ ਚੀਨ ਦੇ ਰਾਜੇ ਅਤੇ ਤਿੱਬਤ ਦੇ ਦਲਾਈ ਲਾਮਾ ਨਾਲ ਹੋਈ ਸੰਧੀ ਵਿੱਚ ਦਰਜ ਹੈ'। ਪੂਰਬ ਮੁਗਲ ਕਾਲ ਵਿੱਚ 'ਹਿੰਦੋਸਤਾਨ' ਵਿੰਧਿਆਚਲ ਤੋਂ ਉਪਰਲੇ ਭੂੰ-ਖੰਡ ਦਾ ਲਿਖਾਇਕ ਹੁੰਦਾ ਸੀ, ਜਿਸ ਤੋਂ ਥਲਵੇਂ ਭਾਗ ਨੂੰ 'ਦੱਕਨ' (ਦੱਖਣ) ਕਿਹਾ ਜਾਂਦਾ ਸੀ, ਸਿੱਖ ਰਾਜ ਦੇ ਸਮੇਂ 'ਪੰਜਾਬ ਤੇ ਹਿੰਦ' ਦੋ ਵੱਖ ਵੱਖ ਇਕਾਈਆਂ ਬਣ ਗਈਆਂ ਸਨ। ਸ਼ਾਹ ਮੁਹੰਮਦ ਵਲੋਂ ਵਰਨਣ ਕੀਤੇ ਹਿੰਦੋਸਤਾਨ ਵਿੱਚ ਪੱਛਮ ਤੇ ਦੱਖਣ ਦੇ ਹਿੱਸੇ ਦਾ ਕਿਤੇ ਜਿਕਰ ਨਹੀਂ। ਇਥੇ ਸਾਫ ਤੋਰ ਤੇ ਪੰਜਾਬ ਨੂੰ ਹਿੰਦੋਸਤਾਨ ਨਾਲੋਂ ਵੱਖਰੀ ਹਸਤੀ (entity) ਮੰਨਿਆ ਗਿਆ ਹੈ। ਸ਼ਾਹ ਮੁਹੰਮਦ ਨੇ ਸਿੱਖਾਂ ਤੇ ਅੰਗ੍ਰੇਜ਼ਾਂ ਦੀ ਲੜ੍ਹਾਈ ਦਾ 'ਜੰਗ ਹਿੰਦ ਪੰਜਾਬ ਦਾ ਹੋਣ ਲੱਗਾ' ਵਜੋਂ ਵਰਨਣ ਕੀਤਾ ਹੈ, ਅਰਥਾਤ: ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗ਼ਾਂ ਮਾਰੀਆਂ ਨੇ।  
      ਇਸਲਾਮ ਦੇ ਪੈਰੋਕਾਰਾਂ ਨੇ ਭਾਵੇਂ ਭਾਰਤ ਉਪਰ ਅੱਠਵੀਂ ਸੱਦੀ ਵਿੱਚ ਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ, ਪਰ ਮਹਿਮੂਦ ਗਜ਼ਨਵੀ ਨੇ ਪਹਿਲੀ ਵਾਰ ਗਿਆਰ੍ਹਵੀਂ ਸਦੀ ਦੇ ਸ਼ੁਰੂ ਵਿੱਚ ਹਿੰਦੋਸਤਾਨ ਨੂੰ ਲੁੱਟਣਾ ਤੇ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਇਹ ਇਸਲਾਮੀ ਹਮਲਿਆਂ ਦੀ ਐਸੀ ਸ਼ੁਰੂਆਤ ਸੀ ਕਿ ਭਾਰਤ ਗਿਆਰਵੀਂ ਬਾਰ੍ਹਵੀਂ ਸਦੀ ਦੋਰਾਨ ਲਗਾਤਾਰ ਲੁੱਟਿਆ ਅਤੇ ਕੁੱਟਿਆ ਜਾਂਦਾ ਰਿਹਾ। ਇਸ ਸਮੇਂ ਦੋਰਾਨ ਭਾਰਤ ਦਾ ਹਰ ਇੱਕ ਮੰਦਰ ਲੁੱਟ ਲਿਆ ਗਿਆ ਸੀ ਅਤੇ ਭਾਰਤ ਦਾ ਹਰ ਇੱਕ ਹਾਕਮ ਹਰਾ ਕੇ ਗੁਲਾਮ ਕਰ ਲਿਆ ਗਿਆ ਸੀ। ਸਮੁੱਚੇ ਪੰਜਾਬ ਨੂੰ ਭਾਰਤ ਨਾਲੋਂ ਤੋੜ ਕੇ ਅਫਗਾਨੀ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਧੁਗਾਂ-ਯੁਗੰਤਰਾਂ ਤੋਂ ਹਿੰਦ ਦਾ ਅਤੁੱਟ ਅੰਗ ਬਣੇ ਆ ਰਹੇ ਪੰਜਾਬ ਨੂੰ ਇਸਲਾਮੀ ਹਾਕਮਾਂ ਨੇ ਹਿੰਦੋਸਤਾਨ ਨਾਲੋਂ ਤੋੜ ਕੇ ਅਫਗਾਨੀ ਸਾਮਰਾਜ ਦਾ ਹਿੱਸਾ ਬਣਾ ਲਿਆ ਸੀ।
ਗੁਰੂ ਗੋਬਿੰਦ ਸਿੰਘ ਵਲੋਂ ਥਾਪਿਆ ਖਾਲਸਾ ਪੰਥ ਦਾ ਜਰਨੈਲ ਇੱਕ ਉਚ ਕੋਟੀ ਦਾ ਯੁਧ ਨੀਤਕ ਤੇ ਬਹਾਦਰ ਜਰਨੈਲ ਸੀ। ਬੰਦਾ ਸਿੰਘ ਬਹਾਦਰ, ਉਸ ਦੇ ਸੰਘਰਸ਼ ਨਾਲ ਜਮੁਨਾ ਤੋਂ ਲੈ ਕੇ ਸਤਲੁਜ ਤੱਕ ਦਾ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਰਿਹਾ। ਜਲੰਧਰ ਦੁਆਬ ਦਾ ਖੇਤਰ ਪਹਾੜੀ ਰਿਆਸਤਾਂ ਅਤੇ ਮਾਝੇ ਦੀ ਪਹਾੜਾਂ ਨਾਲ ਲੱਗਦੀ ਪੱਟੀ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ ਸੀ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਮੁਗਲ ਸਾਮਰਾਜ ਵੀ ਖੁਰਨਾ ਸ਼ੁਰੂ ਹੋ ਗਿਆ ਸੀ ਅਤੇ ਮੁੜ ਖੈਬਰ ਦੇ ਪਰਿਓਂ ਬਿਦੇਸੀ ਹਮਲੇ ਹੋਣ ਲੱਗ ਪਏ ਸਨ। ੧੭੩੯ ਵਿੱਚ ਨਾਦਰਸ਼ਾਹ ਝੱਖੜ ਵਾਂਗ ਪੰਜਾਬ, ਸਰਹਿੰਦ ਤੇ ਦਿੱਲੀ ਦੇ ਪਰਾਂਤਾਂ ਉੱਤੇ ਝੁਲ ਗਿਆ ਸੀ ਅਤੇ ਜਦ ਉਸ ਨੇ ਪੰਜਾਬ ਨੂੰ ਹਿੰਦੋਸਤਾਨ ਨਾਲੋਂ ਕੱਟ ਕੇ ਆਪਣੇ ਮੱਧ ਏਸ਼ੀਆਈ ਸਾਮਰਾਜ ਨਾਲ ਗੰਢਣ ਦਾ ਫੈਸਲਾ ਕੀਤਾ ਸਿੱਖਾਂ ਨੇ ਝੱਟ ਹੀ ਨਾਦਰਸ਼ਾਹ ਦੇ ਹੱਲੇ ਦੀ ਮਹੱਤਤਾ ਨੂੰ ਭਾਂਪ ਲਿਆ ਅਤੇ ਖਾਲਸੇ ਨੂੰ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਵੰਗਾਰਿਆ ਤਾਂ ਜੋ ਜਰਬਾਣੇ ਦੇ ਦਿੱਲੀ ਵਿੱਚ ਪੈਰ ਨਾ ਲੱਗ ਸਕਣ।
ਇਹ ਮਿਥ ਕੇ ਸਿੱਖਾਂ ਨੇ ਅਟਕ ਦਰਿਆ ਦੇ ਕੰਢੇ ਤੱਕ ਨਾਦਰਸ਼ਾਹ ਦੀਆਂ ਪਰਤ ਰਹੀਆਂ ਫੋਜਾਂ ਦਾ ਪਿੱਛਾ ਕੀਤਾ ਅਤੇ ਹਿੰਦੋਸਤਾਨ ਦੇ ਹਜ਼ਾਰਾ ਮਸੂਮ ਮੁੰਡਿਆਂ ਤੇ ਕੁੜੀਆਂ ਨੂੰ ਜ਼ਰਵਾਣਿਆਂ ਦੇ ਪੰਜੇ ਵਿੱਚੋਂ ਅਜ਼ਾਦ ਕਰਾਇਆ, ਜਿਨ੍ਹਾਂ ਨੂੰ ਉਹ ਕਾਬਲ ਤੇ ਕੰਧਾਰ ਦੇ ਬਜ਼ਾਰਾਂ ਵਿੱਚ ਗੁਲਾਮ ਬਣਾ ਕੇ ਵੇਚਣ ਦੇ ਖਿਆਲ ਨਾਲ ਲਿਜਾ ਰਹੇ ਸਨ। ਨਾਦਰਸ਼ਾਹ ਦੇ ਇਰਾਨ ਪਰਤਣ ਮਗਰੋਂ ਲਾਹੌਰ ਦੇ ਗਵਰਨਰ ਖਾਸ ਕਰ ਕੇ ਜਕਰੀਆ ਖਾਨ ਤੇ ਉਸ ਦੇ ਜਾਨਸ਼ੀਨਾਂ ਨੇ ਸਿੱਖਾਂ ਨੂੰ ਚੁਣ ਚੁਣ ਕੇ ਮਾਰਨਾ ਸ਼ੁਰੂ ਕੀਤਾ ਇਸੇ ਅਰਸੇ ਦੋਰਾਨ ੯ ਜੂਨ ੧੭੪੭ ਵਾਲੇ ਦਿਨ ਨਾਦਰਸ਼ਾਹ ਮਾਰਿਆ ਗਿਆ ਅਤੇ ਉਸ ਦੇ ਸਭ ਤੋਂ ਸਿਆਣੇ ਜਰਨੈਲ ਅਹਿਮਦਸ਼ਾਹ ਅਬਦਾਲੀ ਨੇ ਤਾਕਤ ਸੰਭਾਲੀ ਤੇ ਪੂਰੇ ਪੰਜਾਬ ਉੱਤੇ ਆਪਣਾ ਕਬਜਾ ਜਮਾ ਲਿਆ।
ਅਠ੍ਹਾਰਵੀਂ ਸਦੀ ਦੋਰਾਨ ਪੰਜਾਬ ਦੀ ਸਮੁੱਚੀ ਅਬਾਦੀ ਵਿੱਚ ਸਿੱਖ ਬੜੀ ਹੀ ਮੁਸ਼ਕਲ ਨਾਲ ੧੫-੨੦ ਪ੍ਰਤੀ ਸ਼ਤ ਦੀ ਦਰ ਪੂਰੀ ਕਰਦੇ ਹੋਣਗੇ। ਪੰਜਾਬ ਦੇ ਇਹ ਮੁੱਠੀਭਰ ਸੂਰਮੇ, ਕਲਗੀਧਰ ਦੇ ਲਾਡਲੇ, ਸਮੇਂ ਦੀ ਹਕੂਮਤ ਦੇ ਬਾਗੀ ਜਿਨ੍ਹਾਂ ਦੇ ਸਿਰਾਂ ਦੇ ਇਨਾਮ ਮੁਕੱਰਰ ਸਨ ਉਦੋਂ ਸੂਰਜ ਤੇ ਚੰਦ ਨਾਲ ਰਿਸ਼ਤੇ ਗੰਢ ਗੰਢ ਕੇ ਸੂਰਜ ਵੰਸ਼ੀ ਤੇ ਚੰਦਰਵੰਸ਼ੀ ਕਹਾਉਣ ਵਾਲੇ ਹਿੰਦੂ ਰਾਜਪੂਤ, ਮਰਹੱਟੇ, ਡੋਗਰੇ ਆਦਿ ਉੱਚੀਆਂ ਸ਼੍ਰੇਣੀਆਂ ਵਾਲੇ ਹਿੰਦੂ ਮੁਰਦਿਆਂ ਵਾਂਗ ਮੂਧੇ ਮੂੰਹ ਪਏ ਸਨ ਤੇ ਅਹਿਮਦਸਾਹ ਅਬਦਾਲੀ ਤੋਂ ਡਰਦੇ ਹਿੱਲਦੇ ਤੱਕ ਨਹੀਂ ਸਨ। ਇਹਨਾਂ ਦੀ ਸੋਚ ਸੀ ਕਿ ਕੁੜੀਆਂ ਜਾਂਦੀਆਂ ਤਾਂ ਜਾਣ। ਇਹ ਤਾਂ ਪਰਾਇਆ ਧਨ ਹੈ, ਇਹਨਾਂ ਤਾ ਜਾਣਾ ਹੀ ਹੈ ਅੇਵੇਂ ਖਾਹਮਖਾਹ ਸ਼ਾਹਿਨਸ਼ਾਹ ਸਲਾਮਤ ਅਹਿਮਦਸ਼ਾਹ ਦਾ ਕਹਿਰ ਕਿਉਂ ਮੁੱਲ ਲਿਆ ਜਾਵੇ ਤਾਂ ਉਦੋਂ ਸਿੱਖ ਸੀਸ ਤੱਲੀ ਤੇ ਧਰ ਕੇ ਅਹਿਮਦਸ਼ਾਹ ਅਬਦਾਲੀ ਨਾਲ ਟੱਕਰ ਲੈਂਦੇ ਰਹੇ ਤੇ ਅੰਤ ਵਿੱਚ ਅਹਿਮਦਸ਼ਾਹ ਅਬਦਾਲੀ ਨੂੰ ਹਰਾ ਕੇ ਸਿੱਖ ਰਾਜ ਸਥਾਪਿਤ ਕਰਨ ਵਿੱਚ ਕਾਮਯਾਬ ਹੋ ਗਏ ਸਨ। ਪਰ ਸਿੱਖ ਸੰਘਰਸ਼ ਵਿੱਚ ਕਿਉਂਕਿ ਸਰਬੱਤ ਦੇ ਭਲੇ ਦਾ ਮਨੋਰਥ ਸੀ, ਦਸਾਂ ਨਹੁੰਆਂ ਦੀ ਕਿਰਤ ਕਰਨ ਦਾ ਅਸੂਲ ਸੀ ਅਤੇ ਆਪਣੀ ਮਾਤ ਭੁਮੀ ਨੂੰ (ਸਿੱਖ ਹੋਮਲੈਂਡ) ਨੂੰ ਬਿਦੇਸੀ ਇਸਲਾਮੀ ਹਾਕਮਾਂ ਦੀ ਗੁਲਾਮੀ ਵਿੱਚੋਂ ਕੱਢ ਕੇ ਸੁਤੰਤਰ ਕਰਾਉਣ ਲਈ ਦ੍ਰਿੜ ਸੀ। ੨੯ ਮਾਰਚ, ੧੭੪੮ ਵਾਲੀ ਵੈਸਾਖੀ ਵਾਲੇ ਦਿਨ ਸਿੱਖ ਕੌਮ (ਖਾਲਸਾ ਪੰਥ) ਨੇ ਗੁਰਮਤਾ ਕਰ ਕੇ ਦ੍ਰਿੜ ਫੈਸਲਾ ਕੀਤਾ ਕਿ ਉਹ ਅਹਿਮਦਸ਼ਾਹ ਅਬਦਾਲੀ ਨਾਲ ਉਦੋਂ ਤੱਕ ਲੜਦੇ ਰਹਿਣਗੇ ਜਦੋਂ ਤੱਕ ਉਹ ਸਮੁੱਚੇ ਪੰਜਾਬ ਨੂੰ ਅਫਗਾਨਾਂ ਕੋਲੋਂ ਅਜ਼ਾਦ ਨਹੀਂ ਕਰਵਾ ਲੈਂਦੇ।ਵੱਡੇ ਘਲੂਘਾਰੇ ਤੋਂ ਬਅਦ ੧੭੬੫ ਈ. ਤੱਕ ਪੰਜਾਬ ਉੱਤੇ ਖਾਲਸੇ ਦਾ ਝੰਡਾ ਝੁੱਲਣ ਲੱਗ ਪਿਆ ਤੇ ੧੭੯੯ ਈ. ਦੀ ਵੈਸਾਖੀ ਨੂੰ ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਕਮਾਂਡ ਹੇਠ ਪੂਰੇ ਪੰਜਾਬ ਉੱਤੇ ਸਿੱਖ ਕੌਮ ਨੇ ਖਾਲਸਾ ਰਾਜ ਸਥਾਪਿਤ ਕਰ ਲਿਆ ਸੀ।
ਭਾਵੇਂ ਹਿੰਦੂ ਇਤਿਹਾਸਕਾਰ ਮੁਗਲਾਂ ਜਾਂ ਆਮ ਰੂਪ ਵਿੱਚ ਹੀ ਮੁਸਲਮਾਨ ਹਾਕਮਾਂ ਉੱਤੇ ਥੋਕ ਰੂਪ ਵਿੱਚ 'ਬਿਦੇਸੀਪੁਣੇ' ਦਾ ਲਕਬ ਲਾਉਂਦੇ ਹਨ ਅਤੇ ਮੁਗਲਸ਼ਾਹੀ ਵਿਰੁਧ ਲੜੀ ਗਈ ਸਿੱਖ ਜਦੋਜਹਿਦ ਨੂੰ 'ਬਿਦੇਸੀ ਤਾਕਤਾਂ' ਦੇ ਵਿਰੁਧ ਸੰਘਰਸ਼ ਦਾ ਨਾਉ ਦੇ ਕੇ ਇਸ ਨੂੰ ਭਾਰਤੀ ਦੇਸ ਭਗਤੀ ਦੀ ਧਾਰਾ ਦੇ ਅੰਗ ਵਜੋਂ ਪੇਸ਼ ਕਰਦੇ ਹਨ ਪਰ ਹਰੀ ਰਾਮ ਗੁਪਤਾ ਦੀ ਇਹ ਟਿੱਪਣੀ ਵੀ ਮਹੱਤਵ ਪੂਰਣ ਹੈ ਕਿ 'ਸਿੱਖਾਂ ਨੇ ਪੰਜਾਬ ਲਈ ਯੋਧਿਆਂ ਦਾ ਦੇਸ ਦਾ ਕਾਬਲੇ ਰਸ਼ਕ ਨਾਂ ਜਿੱਤਿਆ ਹੈ ਅਤੇ ਸਿੱਖ ਕੌਮ ਨੂੰ ਹੀ ਇਸ ਗੱਲ ਦਾ ਮਾਣ ਹੋ ਸਕਦਾ ਹੈ ਕਿ ਉਨ੍ਹਾਂ ਨੇ 'ਸਿੱਖਾਂ ਨੇ' ਬਿਦੇਸੀ ਹਮਲਾਵਰਾਂ ਅੱਗੇ ਛਾਤੀ ਡਾਹ ਕੇ ਉਨ੍ਹਾਂ ਨੂੰ ਠੱਲ੍ਹ ਪਾਈ ਹੈ, ਉਹ ਹਮਲਾਵਰ ਜੋ ਪਿਛਲੇ ਹਜ਼ਾਰਾਂ ਸਾਲਾਂ ਤੋਂ ਹੜ੍ਹ ਵਾਂਗ ਉਤਰ-ਪੱਛਮੀ ਦਰਿਆ ਵਿੱਚੋਂ ਦਾਖਲ ਹੁੰਦੇ ਰਹੇ ਹਨ। ਇਸ ਲਈ ਉੱਤਰੀ ਹਿੰਦੋਸਤਾਨ ਦੇ ਲੋਕਾਂ ਖਾਸ ਕਰ ਕੇ ਪੰਜਾਬੀਆਂ ਨੂੰ ਸਿੱਖਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਮੌਜੂਦਾ ਪੰਜਾਬੀ ਸੂਬੇ ਵਿੱਚ ਉਕਤ ਇਤਿਹਾਸਕ ਤੱਥ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਲਹਿਦੇ ਚੜ੍ਹਦੇ ਪੰਜਾਬ ਨੂੰ ਅਫਗਾਨਾਂ ਕੋਲੋਂ ਸਿੱਖ ਕੌਮ ਨੇ ਅਜ਼ਾਦ ਕਰਵਾਇਆ ਹੈ ੧੯੪੭ ਦੀ ਵੰਡ ਤੋਂ ਬਾਅਦ ਚੜ੍ਹਦੇ ਪੰਜਾਬ 'ਚ ਬਣੇ ਪੰਜਾਬੀ ਸੂਬੇ ਉੱਤੇ ਰਾਜ ਕਰਨ ਦਾ ਹੱਕ ਸਿੱਖ ਕੌਮ ਦਾ ਹੀ ਬਣਦਾ ਹੈ। ਪੰਜਾਬ ਵਿੱਚ ਸਿੱਖ, ਹਿੰਦੂ, ਮੁਸਲਮਾਨ ਤੇ ਇਸਾਈ ਵੱਖ ਵੱਖ ਕੌਮਾਂ ਦੇ ਲੋਕ ਵਸਦੇ ਹਨ ਇਹ ਪੰਜਾਬੀ ਸੂਬਾ ਹੈ, ਪੰਜਾਬੀ ਕੌਮ ਨਹੀਂ, ਅਤੇ ਇਸ ਵਿੱਚ ਦੋ ਰਾਵਾਂ ਨਹੀਂ ਹਨ ਕਿ ਮੌਜੂਦਾ ਪੰਜਾਬ ਸਿੱਖ ਕੌਮ ਦੀ ਮਾਤ ਭੂਮੀ ਹੈ (ਹਵਾਲਾ ਪੁਸਤਕਾਂ-ਸਾਂਝੇ ਪੰਜਾਬ ਦਾ ਦਰਦ, ਸ਼ਰੋਮਣੀ ਸਿੱਖ ਇਤਿਹਾਸ ੧੭੦੮-੧੭੯੯, ਬਹੁ ਵਿਸਥਾਰ, ਕਿਸ ਬਿਧ ਰੁਲੀ ਪਾਤਿਸ਼ਾਹੀ ਅਤੇ ਅਬਦਾਲੀ, ਸਿੱਖ ਤੇ ਵੱਡਾ ਘਲੂਘਾਰਾ)   

 ਜਥੇਦਾਰ ਮਹਿੰਦਰ ਸਿੰਘ ਖਹਿਰਾ
ਤਾਰੀਖ:- ੩੦/੦9/੨੦੧੮