image caption: ਗੁਰਤੇਜ ਸਿੰਘ

ਕੀ ਪੰਜਾਬ ਦੇ ਹਿੰਦੂ ਆਟੇ ਦੇ ਦੀਵੇ ਹਨ ?

    ਕਦੇ-ਕਦਾਈਂ ਲੋੜ ਪੈਣ ਉਤੇ, ਰੌਸ਼ਨੀ ਦੀ ਥੋੜ੍ਹਚਿਰੀ ਲੋੜ ਪੂਰੀ ਕਰਨ ਲਈ, ਸੁਆਣੀਆਂ ਆਟੇ ਦੇ ਦੀਵੇ ਬਣਾ ਲੈਂਦੀਆਂ ਹਨ। ਲੋਗੜ ਦੀ ਬੱਤੀ ਰੱਖ ਕੇ, ਸਰੋਂ੍ਹ ਦਾ ਤੇਲ ਪਾ ਕੇ ਇਹ ਤੁਰੰਤ ਵਰਤਣ ਲਈ ਤਿਆਰ ਹੁੰਦੇ ਹਨ। ਆਟੇ ਦੇ ਦੀਵਿਆਂ ਬਾਰੇ ਕਈ ਅਖਾਣ ਵੀ ਬਣੇ। ਇਹ ਨਾ ਤਾਂ ਬਾਹਰ ਮਹਿਫੂਜ਼ ਸਨ, ਨਾ ਹੀ ਕਮਰੇ ਦੇ ਅੰਦਰ। ਅੰਦਰ ਤੇਲ ਅਤੇ ਆਟਾ ਇਕੱਠਾ ਹੋਣ ਕਾਰਨ ਚੂਹਿਆਂ ਦਾ ਮਨਭਾਉਂਦਾ ਖਾਜਾ ਸਨ, ਬਾਹਰ ਕਾਂ ਇਨ੍ਹਾਂ ਨੂੰ ਸਮੋਸੇ ਸਮਝ ਕੇ ਝੱਟ ਖਾ ਜਾਂਦੇ ਹਨ।
ਮੁਲਕ ਦੀ ਸਿਆਸਤ ਨੇ ਕੁਝ ਅਜਿਹਾ ਹਾਲ ਪੰਜਾਬ ਦੇ ਅਤੇ ਦੇਸ਼ ਦੇ ਹਿੰਦੂਆਂ ਦਾ ਕਰ ਛੱਡਿਆ ਹੈ। ਅਦੁੱਤੀ ਵਿਅੰਗਕਾਰ ਲਕਸ਼ਮਣ ਨੇ ਇਕ ਵਾਰ ਦੋ ਵੱਡੀ-ਵੱਡੀ ਬੋਦੀ ਵਾਲੇ ਪੰਡਤਾਂ ਨੂੰ ਆਪਸ ਵਿੱਚ ਬੜੇ ਫ਼ਿਕਰਮੰਦ ਲਹਿਜੇ ਵਿੱਚ ਗੱਲਬਾਤ ਕਰਦਿਆਂ ਵਿਖਾਇਆ ਸੀ। ਇਕ ਦੂਜੇ ਨੂੰ ਆਖ ਰਿਹਾ ਸੀ, 'ਸਿਰਫ 80 ਪ੍ਰਤੀ ਸੌ ਦੀ ਆਬਾਦੀ ਹੁੰਦਿਆਂ, ਵਿਚਾਰੇ ਹਿੰਦੂ ਕਿਵੇਂ ਬੱਚ ਸਕਦੇ ਹਨ' ਸਤੰਬਰ 2018 ਵਿੱਚ ਸ਼ਿਕਾਗੋ ਵਿਖੇ ਆਰ।ਐੱਸ।ਐੱਸ। ਦੀ ਆਲਮੀ ਹਿੰਦੂ ਮਿਲਣੀ' ਵਿੱਚ ਵੀ ਇਕ ਫ਼ਿਕਰਮੰਦ ਸੱਜਣ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਤਜਵੀਜ਼ ਰੱਖੀ ਹੈ ਕਿ ਹਿੰਦੂਆਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਹਨ-ਨਹੀਂ ਤਾਂ ਇਨ੍ਹਾਂਦੀ ਆਬਾਦੀ ਘੱਟਦੀ-ਘੱਟਦੀ ਇਕ ਦਿਨ ਖਤਮ ਹੋ ਜਾਵੇਗੀ।' ਇਹ ਫ਼ਿਕਰ ਅਤੇ ਫ਼ਿਕਰਾ ਮੁਸਲਮਾਨ ਵਿਰੋਧੀ ਹੈ ਅਤੇ ਤਕਰੀਬਨ ਹਰ ਹਿੰਦੂ ਮਹਿਫਲ ਵਿੱਚ ਸੁਣਾਈ ਦਿੰਦਾ ਹੈ।
ਏਸੇ ਨਾਅਰੇ ਹੇਠ ਗਰਮ ਸਿਆਸਤਦਾਨ ਹਿੰਦੂਆਂ ਦੀ (ਜਾਂ ਜਾਤੀ) ਸਰਦਾਰੀ ਕਾਇਮ ਰੱਖਣ ਲਈ ਨਿੱਤ ਨਵੀਆਂ ਤਰਕੀਬਾਂ ਘੜਦੇ ਰਹਿੰਦੇ ਹਨ। ਨਿਰੰਤਰ ਹੋ ਰਹੇ ਮੁਸਲਮਾਨਾਂ ਦੇ ਘਾਣ ਦੇ ਅਮਲ ਬਾਰੇ ਖੁੱਲ੍ਹ ਕੇ ਤਾਂ ਘੱਟ ਹੀ ਗੱਲ ਹੁੰਦੀ ਹੈ, ਪ੍ਰੰਤੂ ਏਸ ਦੀ ਗੂੰਜ ਕਈ ਸਿਆਸੀ ਪ੍ਰਵਚਨਾਂ ਵਿੱਚੋਂ ਸੁਣਾਈ ਦਿੰਦੀ ਹੈ। ਬੋਧੀਆਂ, ਜੈਨੀਆਂ ਨੂੰ ਘਰ ਦੀ ਮੁਰਗੀ ਸਮਝ ਕੇ ਹਿੰਦੂ ਧਰਮ ਨਾਲ ਰਲਗੱਡ ਕਰਨ ਨਾਲ ਇਹ ਮਸਲਾ ਹੱਲ ਹੋ ਗਿਆ ਤਸੱਵਰ ਕੀਤਾ ਜਾਂਦਾ ਹੈ। ਕਾਨੂੰਨੀ ਤੌਰ ਉੱਤੇ ਤਾਂ ਸਿੱਖਾਂ ਨੂੰ ਵੀ ਬੋਧੀਆਂ, ਜੈਨੀਆਂ ਵਾਂਗ ਹੀ ਧਾਰਾ 25 ਵਿੱਚ ਨਰੜ ਕੇ ਨਿਗਲਿਆ ਜਾ ਚੁੱਕਾ ਹੈ, ਪਰ ਅਜੇ ਤੱਕ ਇਨ੍ਹਾਂ ਨੂੰ ਵੀ ਬੋਧੀਆਂ, ਜੈਨੀਆਂ ਵਾਂਗ ਬਿਲਕੁੱਲ ਨਿੱਸਲ ਨਹੀਂ ਕੀਤਾ ਜਾ ਸਕਿਆ। ਏਸ ਲਈ ਸਿੱਖਾਂ ਤੋਂ 'ਨਿਰੰਤਰ ਕਾਇਮ ਖਤਰੇ' ਦੇ ਮਿੱਥ ਦਾ ਭਰਪੂਰ ਫਾਇਦਾ ਉਠਾਇਆ ਜਾਂਦਾ ਹੈ ਤੇ ਸਿੱਖ ਨੂੰ ਨਿਰੰਤਰ ਬਲੀ ਦੇ ਬੱਕਰੇ ਬਣਾਉਣ 'ਚ ਅਮਲ ਕਦੇ ਵੀ ਮੱਠਾ ਨਹੀਂ ਹੋਇਆ।
    ਸਿਰਦਾਰ ਕਪੂਰ ਸਿੰਘ ਵੱਲੋਂ ਨਸ਼ਰ ਕੀਤੇ 8 ਅਕਤੂਬਰ 1947 ਦੇ ਗੁਪਤ ਗਸ਼ਤੀ-ਪੱਤਰ ਤੋਂ ਹੀ ਏਸ ਕਹਾਣੀ ਦਾ ਆਧੁਨਿਕ ਦੌਰ ਆਰੰਭ ਹੋ ਜਾਂਦਾ ਹੈ। ਗਸ਼ਤੀ-ਪੱਤਰ ਦੀ ਸ਼ਬਦਾਵਲੀ ਦਾ ਇਕ ਹਿੱਸਾ (ਜਰਾਇਮ ਪੇਸ਼ਾ ਹਨ) ਤਾਂ ਬਹੁਤ ਪ੍ਰਚੱਲਤ ਹੋ ਚੁੱਕਾ ਹੈ, ਲੇਕਿਨ ਦੂਸਰੇ ਵੱਲ ਅਜੇ ਤਵੱਜੋ ਨਹੀਂ ਦਿਵਾਈ ਜਾ ਸਕੀ। ਉਹ ਹੈ ਕਿ ਸਿੱਖ 'ਅਮਨ ਪਸੰਦ ਹਿੰਦੂਆਂ' ਲਈ ਵੱਡਾ ਖਤਰਾ ਹਨ। ਸਰਕਾਰ ਹਿੰਦ ਨੇ ਸਾਡੇ ਵੱਲੋਂ ਅੰਗ੍ਰੇਜ਼ੀ ਰਾਜ ਨੂੰ ਸਮੇਟਣ ਲਈ ਨਿਭਾਈ ਪ੍ਰਮੁੱਖ ਭੂਮਿਕਾ ਦਾ ਇਹ ਪਹਿਲਾ ਸਿਲਾ ਸਾਨੂੰ ਦਿੱਤਾ ਸੀ। ਏਸ ਵਿੱਚ ਸਿੱਖਾਂ ਨੂੰ ਖੂੰਖਾਰ ਅਤੇ ਹਿੰਦੂਆਂ ਨੂੰ ਨਿਰਬਲ, ਨਿਤਾਣੇ ਬਣਾ ਕੇ ਪੇਸ਼ ਕੀਤਾ ਗਿਆ ਸੀ। ਇਹ ਧਾਰਨਾ ਸੱਚਾਈ ਤੋਂ ਕੋਹਾਂ ਦੂਰ ਸੀ। ਹਿੰਦ ਦੀ ਰਾਜਸੀ ਸੱਤਾ ਹਿੰਦੂਆਂ ਕੋਲ ਸੀ ਅਤੇ ਉਸ ਵੇਲੇ ਦੇ ਪੰਜਾਬ ਵਿੱਚ ਵੀ ਹਿੰਦੂ ਬਹੁਗਿਣਤੀ ਵਿੱਚ ਸਨ। ਹਿੰਦੂਆਂ, ਸਿੱਖਾਂ ਦੇ ਆਪਸੀ ਸਬੰਧ ਉਸ ਵੇਲੇ ਸਭ ਤੋਂ ਸੁਖਾਵੇਂ ਸਨ। ਪਰ ਪੰਜਾਬ ਦੇ ਆਰੀਆ ਸਮਾਜੀਆਂ ਨੂੰ ਇਹ ਧਾਰਨਾ ਬਹੁਤ ਰਾਸ ਆਈ। ਪਾਕਿਸਤਾਨੋਂ ਮਾਰ ਖਾ ਕੇ ਆਏ ਹਿੰਦੂਆਂ ਨੇ ਵੀ ਏਸ ਵਿਚਾਰ ਨੂੰ ਹੁੰਗਾਰਾ ਦਿੱਤਾ।
ਪੰਜਾਬ ਦੇ ਅਜੋਕੇ ਇਤਿਹਾਸ ਵਿੱਚ ਏਸ ਵਿਚਾਰਧਾਰਾ ਨੂੰ ਬਾਰ-ਬਾਰ ਵਰਤਿਆ ਗਿਆ ਅਤੇ ਵਰਤਿਆ ਜਾ ਰਿਹਾ ਹੈ। ਅਕਾਲੀ-ਭਾਜਪਾ ਦਾ ਗੱਠਜੋੜ ਵੀ ਏਸੇ ਨੀਂਹ ਉੱਤੇ ਹੋਇਆ। ਹਿੰਦੂਆਂ ਨੂੰ ਜਾਪਿਆ ਕਿ ਉਹ ਸਿੱਖਾਂ ਨੂੰ ਕਾਬੂ ਰੱਖ ਸਕਣ ਵਾਲੀ ਜਮਾਤ ਨਾਲ ਗੱਠਜੋੜ ਕਰਕੇ ਹੀ ਸੁਰੱਖਿਅਤ ਹਨ-ਵਰਨਾ ਤਾਂ ਕਦੋਂ ਦਾ ਆਟੇ ਦੇ ਦੀਵੇ ਨੇ ਨਿਗਲਿਆ ਜਾਣਾ ਸੀ। ਸਿੱਖ ਤਾਂ ਏਸ ਰਹੱਸ ਨੂੰ ਹੁਣ ਤੱਕ ਸਮਝ ਨਹੀਂ ਸਕੇ, ਪਰ ਹਿੰਦੂਆਂ ਨੇ ਝੱਟ ਭਾਂਪ ਲਿਆ। ਉਹ ਸਮਝ ਗਏ ਕਿ ਨਵੇਂ ਪੰਜਾਬ ਵਿੱਚ ਨਿਗੂਣੀ ਗਿਣਤੀ ਹੁੰਦਿਆਂ ਉਹ ਕੇਵਲ ਉਨ੍ਹਾਂ ਗੱਦਾਰ ਅਕਾਲੀ ਆਗੂਆਂ ਰਾਹੀਂ ਹੀ ਰਾਜ ਕਰ ਸਕਦੇ ਹਨ, ਜੋ ਆਪਣੇ ਲੋਕਾਂ ਨੂੰ ਦਬਾ ਕੇ ਰੱਖਣ, ਗਾਹੇ-ਬਗਾਹੇ ਘੱਲੂਘਾਰਿਆਂ ਵਿੱਚ ਝੋਕਦੇ ਰਹਿਣ ਅਤੇ ਆਪਣੇ ਰਾਜ ਦੌਰਾਨ ਰੱਜ ਕੇ ਕੁੱਟ-ਮਾਰ ਕਰਨ, ਜਿਵੇਂ ਕਿ ਅਕਾਲੀ-ਭਾਜਪਾ ਦੇ ਪਿਛਲੇ ਦੱਸ ਸਾਲਾ ਰਾਜ ਵਿੱਚ ਹੋਇਆ। 24 ਸਤੰਬਰ 2018 ਦੇ ਅੰਗ੍ਰੇਜ਼ੀ ਟ੍ਰਿਬਿਊਨ ਵਿੱਚ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਦਾ ਲੇਖ ਏਸੇ ਧਾਰਨਾ ਨੂੰ ਪ੍ਰਚਾਰ ਰਿਹਾ ਹੈ। ਅਕਾਲੀ ਦਲ ਦੀ ਬਾਰ-ਬਾਰ ਆਪਣੇ-ਆਪ ਨੂੰ ਹਿੰਦੂਆਂ ਦਾ ਮਸੀਹਾ, ਹਿੰਦੂ-ਸਿੱਖ ਏਕਤਾ ਦਾ ਜਾਮਨ ਅਤੇ ਬਰਗਾੜੀ 'ਚ ਬੈਠੇ ਅਮਨ-ਸ਼ਾਂਤੀ ਨਾਲ ਨਿਆਂ ਮੰਗਦੇ ਮਜ਼ਲੂਮਾਂ ਨੂੰ 'ਖਾੜਕੂ, ਮਿਲੀਟੈਂਟ, ਅਤਿਵਾਦੀ' ਪ੍ਰਚਾਰ ਰਿਹਾ ਹੈ। ਕਾਂਗਰਸ ਵੀ ਮੁੱਖ ਮੰਤਰੀ ਦੇ ਬਿਆਨ ਅਨੁਸਾਰ ਅਕਾਲੀਆਂ ਦਾ ਪੱਖ ਪੂਰ ਰਹੀ ਹੈ। 25 ਸਤੰਬਰ 2018 ਦਾ ਪੰਜਾਬੀ ਟ੍ਰਿਬਿਊਨ ਵੀ ਸ਼ਹਿਰੀਆਂ (ਹਿੰਦੂਆਂ) ਨੂੰ ਬਰਗਾੜੀ ਮੋਰਚੇ ਤੋਂ ਭੈ-ਭੀਤ ਦੱਸ ਰਿਹਾ ਹੈ।
ਪਿੱਛੇ ਜਾਈਏ ਤਾਂ ਇੰਦਰਾ ਗਾਂਧੀ ਨੇ ਆਪਣਾ ਸਿਆਸੀ ਜੀਵਨ ਏਸੇ ਮਰਹਲੇ ਤੋਂ ਸ਼ੁਰੂ ਕੀਤਾ ਸੀ। ਆਪਣੀ ਸਵੈ-ਜੀਵਨੀ ਵਿੱਚ ਉਹ ਲਿਖਦੀ ਹੈ ਕਿ ਹੁਕਮ ਸਿੰਘ ਕਮੇਟੀ ਪੰਜਾਬੀ ਸੂਬੇ ਦੇ ਹੱਕ ਵਿੱਚ ਫੈਸਲਾ ਦੇਣ ਜਾ ਰਹੀ ਸੀ। 'ਮੈਨੂੰ ਬੜਾ ਫਿਕਰ ਹੋਇਆ ਕਿ ਪੰਜਾਬ ਦੇ ਹਿੰਦੂਆਂ ਦਾ ਕੀ ਬਣੇਗਾ' ਹਿੰਦੂ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਤੋਂ ਮੁਨਕਰ ਹੋਣ ਲਈ ਵੀ ਆਰੀਆ ਸਮਾਜੀ ਪ੍ਰੈੱਸ ਨੇ ਸੰਭਾਵੀ ਪੰਜਾਬੀ ਸੂਬੇ ਵਿੱਚੋਂ ਉਜਾੜੇ ਜਾਣ ਦਾ ਡਰਾਵਾ ਦੇ ਕੇ ਹੀ ਤਿਆਰ ਕੀਤਾ ਸੀ। ਆਰੀਆ ਸਮਾਜੀ ਗੁਲਜ਼ਾਰੀ ਲਾਲ ਨੰਦਾ ਨੇ ਇਹ ਯਕੀਨੀ ਬਣਾਇਆ ਕਿ ਮੰਗੇ ਗਏ ਹਿੰਦੂ ਬਹੁਗਿਣਤੀ ਵਾਲੇ ਪੰਜਾਬੀ ਸੂਬੇ ਦੀ ਥਾਂਵੇਂ 'ਸਿੱਖ ਸੂਬੀ' ਬਣੇ ਜਿਸ ਦਾ ਖੇਤਰਫਲ ਘੱਟ ਹੋਵੇ ਅਤੇ ਸਿੱਖ ਆਬਾਦੀ ਪੱਖੋਂ ਬਹੁਗਿਣਤੀ ਵਿੱਚ ਹੋਣ।
    1984 ਦੇ ਦਰਬਾਰ ਸਾਹਿਬ ਉੱਤੇ ਕੀਤੇ ਫੌਜੀ ਹਮਲੇ ਦੀ ਪਿੱਠ-ਭੂਮੀ ਵਿੱਚ ਵੀ ਪੰਜਾਬੀ ਹਿੰਦੂਆਂ ਨੂੰ ਮਜ਼ਲੂਮ ਬਣਾ ਕੇ ਪੇਸ਼ ਕਰਨ ਦਾ ਪੈਂਤੜਾ ਕਾਫੀ ਕਾਮਯਾਬ ਰਿਹਾ। ਕਾਤਲ ਕਦੇ ਵੀ ਗ੍ਰਿਫਤਾਰ ਨਾ ਕੀਤੇ ਗਏ-ਸਰਕਾਰ ਕਹਿੰਦੀ ਰਹੀ ਕਿ ਦਰਬਾਰ ਸਾਹਿਬ ਤੋਂ ਆਉਂਦੇ ਹਨ। ਸੰਤ ਲੌਂਗੋਵਾਲ ਆਖਦਾ ਰਿਹਾ ਕਿ ਪੁਲਸ ਠਾਣਿਆਂ ਵਿੱਚੋਂ ਕਾਤਲ ਵਾਰਦਾਤ ਕਰਨ ਲਈ ਨਿਕਲਦੇ ਹਨ ਅਤੇ ਕਤਲੋਗਾਰਤ ਤੋਂ ਬਾਅਦ ਠਾਣਿਆਂ ਵਿੱਚ ਹੀ ਜਜ਼ਬ ਹੋ ਜਾਂਦੇ ਹਨ। ਆਲਮ ਸੈਨਾ, ਵਿਰਕ ਸੈਨਾ, ਸੰਤੋਖਾ ਕਾਲਾ, ਦਲਬੀਰ ਗੈਂਗ ਆਦਿ ਦਾ ਵੇਰਵਾ ਤਾਂ ਜੂਲੀਓ ਰਿਬੈਰੋ ਵੇਲੇ ਪਤਾ ਲੱਗਿਆ ਸੀ। ਬੀਬੀ ਇੰਦਰਾ ਨੇ ਪੰਜਾਬ ਦੇ ਹਿੰਦੂਆਂ ਦੀ ਸੁਰੱਖਿਆ ਬਾਰੇ ਚਿੰਤਤ ਕਰਕੇ ਸਮੁੱਚੇ ਹਿੰਦੋਸਤਾਨ ਦੇ ਹਿੰਦੂਆਂ ਨੂੰ ਥਰ-ਥਰ ਕੰਬਣ ਲਾ ਦਿੱਤਾ ਸੀ। ਉਸ ਦਾ ਪੈਂਤੜਾ ਕਾਮਯਾਬ ਰਿਹਾ ਅਤੇ ਦਰਬਾਰ ਸਾਹਿਬ ਵਿੱਚ ਬੈਠੇ ਚਾਲੀ ਕੁ ਨਿਰਦੋਸ਼ ਸਿੰਘਾਂ ਨੂੰ ਗ੍ਰਿਫਤਾਰ ਕਰਨ ਲਈ ਪੂਰੀ ਹਿੰਦ ਦੀ ਫੌਜ ਝੋਕ ਦਿੱਤੀ ਗਈ ਸੀ। ਏਸ ਘੋਰ ਨਮੋਸ਼ੀ ਨੂੰ ਬਾਅਦ ਵਿੱਚ ਆਲਮੀ ਫ਼ਤਹਿ ਪ੍ਰਚਾਰਿਆ ਗਿਆ ਸੀ।
     ਪੁਲਸ ਨੇ ਬਹੁਤੇ ਸਿੱਖ ਏਹੀ ਆਖ ਕੇ ਕਤਲ ਕੀਤੇ ਹਨ ਕਿ ਇਹ ਹਿੰਦੂਆਂ ਲਈ ਖਤਰਾ ਬਣੇ ਹੋਏ ਹਨ। ਜਸਪਾਲ ਸਿੰਘ ਚੋੜ ਸਿੱਧਵਾਂ ਵਾਲੇ ਭੋਲੇ ਜਿਹੇ ਨੌਜਵਾਨ ਦੇ ਕਤਲ ਤੋਂ ਬਾਅਦ ਹੋਈ ਪੜਤਾਲੀਆ ਰਪਟ ਵਿੱਚ ਇਹ ਬਾਰ-ਬਾਰ ਲਿਖਿਆ ਮਿਲਦਾ ਹੈ ਕਿ ਇਸ ਗੱਭਰੂ ਤੋਂ 'ਅਮਨ ਪਸੰਦ' ਹਿੰਦੂ ਵੱਡਾ ਖਤਰਾ ਮਹਿਸੂਸ ਕਰ ਰਹੇ ਸਨ। ਹੁਣੇ-ਹੁਣੇ ਆਈ ਜੱਜ ਰਣਜੀਤ ਸਿੰਘ ਕਮਿਸ਼ਨ ਦੀ ਰਪਟ ਵਿੱਚ ਵੀ ਇਕ ਥਾਂ ਲਿਖਿਆ ਹੈ ਕਿ ਫਲਾਣੇ ਠਾਣੇਦਾਰ ਨੂੰ ਪੁਲਸ ਦੀ ਨਫ਼ਰੀ ਲੈ ਕੇ ਸ਼ਹਿਰ ਵਿੱਚ ਮਾਰਚ ਕਰਨ ਲਈ ਭੇਜਿਆ ਗਿਆ ਤਾਂ ਕਿ ਅਮਨ ਪਸੰਦ ਹਿੰਦੂ ਡਰ ਨਾ ਜਾਣ-ਹਾਲਾਂਕਿ ਕੋਟਕਪੂਰੇ ਚੱਕ ਉੱਤੇ ਪੁਲਸ ਘੇਰੇ ਵਿੱਚ ਨਿਹੱਥੇ ਬੈਠੇ ਸਿੱਖਾਂ ਕੋਲ ਤਾਂ ਗੁਲੇਲ ਵੀ ਨਹੀਂ ਸੀ ਅਤੇ ਨਾ ਹੀ ਸਿੱਖਾਂ ਦਾ ਹਿੰਦੂਆਂ ਉੱਤੇ ਹਮਲਾ ਕਰਨ ਦਾ ਇਤਿਹਾਸ ਹੈ।
      ਜ਼ਾਹਰ ਹੈ ਕਿ ਇਹ ਡਰਾਵੇ ਉਨ੍ਹਾਂ ਹਿੰਦੂਆਂ ਦੇ ਸਹਿਜੇ ਹੀ ਮੇਚ ਆ ਜਾਂਦੇ ਹਨ, ਜਿਹੜੇ ਜਾਣੇ-ਅਣਜਾਣੇ ਜਾਂ ਮੱਕਾਰੀ ਨਾਲ ਆਟੇ ਦੇ ਦੀਵਿਆਂ ਦੀ ਹੈਸੀਅਤ ਅਖਤਿਆਰ, ਕਬੂਲ ਕਰ ਚੁੱਕੇ ਹਨ। ਕਿਸੇ ਨੂੰ ਚਿੱਤ-ਚੇਤੇ ਵੀ ਨਹੀਂ ਹੋਣਾ ਕਿ ਆਟੇ ਦੇ ਦੀਵਿਆਂ ਉਦਾਲੇ ਇੱਕੀਵੀਂ ਸਦੀ ਦੀ ਸਿੱਖ ਸਿਆਸਤ ਦਾ ਬਿਰਤਾਂਤ ਸਿਰਜਿਆ ਜਾਵੇਗਾ। ਪਰ ਅੱਜ ਇਹ ਹੋ ਰਿਹਾ ਹੈ-ਖਤਰਨਾਕ ਹੱਦ ਤੱਕ ਹੋ ਵੀ ਚੁੱਕਾ ਹੈ। ਸਿੱਖ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਹਿੰਦੂ ਸਮਾਜ ਨੂੰ, ਸਰਕਾਰ ਨੂੰ ਅਤੇ ਬਾਦਲਕਿਆਂ ਨੂੰ ਮੁਖਾਤਬ ਹੋਣ ਅਤੇ ਪੁੱਛਣ ਕਿ ਏਸ ਬੇਤੁਕੇ ਬਿਰਤਾਂਤ ਨੂੰ ਪ੍ਰਚਾਰਨ ਦਾ ਕੀ ਕਾਰਨ ਹੈ ਹੋਰ ਵੀ ਹਨ, ਪਰ ਏਸ ਸਿਹ ਦੇ ਤੱਕਲੇ ਨੂੰ ਪੰਜਾਬ ਦੇ ਵਿਹੜੇ ਵਿੱਚੋਂ ਤੁਰੰਤ ਕੱਢ ਦੇਣਾ ਚਾਹੀਦਾ ਹੈ। ਜੇ ਨਾ ਕੀਤਾ ਗਿਆ ਤਾਂ ਏਥੇ ਫੇਰ 'ਸ਼ਹੀਦੀਆਂ ਦੇ ਅੰਬਾਰ' ਲਗਾਉਣ ਦੇ ਢੋਲ ਵੱਜਣਗੇ ਅਤੇ ਫੋਕੇ ਨਾਅਰੇ ਉਨ੍ਹਾਂ ਦੇ ਮੂੰਹਾਂ ਵਿੱਚ ਪਾ ਕੇ ਮਾਵਾਂ ਦੇ ਕੜੀਆਂ ਵਰਗੇ ਗੱਭਰੂ ਪੁੱਤ ਕਤਲ ਕਰਵਾਏ ਜਾਣਗੇ। ਇਹ ਧਰਤੀ ਤਾਂ ਪਹਿਲਾਂ ਹੀ ਖੂਨੋ-ਖੂਨ ਹੋਈ ਪਈ ਹੈ:


ਦਿੱਲੀ ਹੈਸਿਆਰੀਏ ਤੋਂ ਰੱਤ ਧੜੀ ਲਵਾਈ। ਤੂੰ ਮਾਸ ਖਾਏਂ ਇਉਂ ਪੁੱਤਰਾਂ ਜਿਉਂ ਬਕਰ ਕਸਾਈ।

      ਪੰਜਾਬ ਦੇ ਹਿੰਦੂ ਸਮਝ ਲੈਣ ਕੇ ਸਿੱਖਾਂ ਦੀ ਦੇਖ-ਰੇਖ ਵਿੱਚ ਤਾਂ ਹਿੰਦੂਆਂ ਨੂੰ ਕਦੇ ਖਤਰਾ ਨਹੀਂ ਹੋਇਆ-ਜਦੋਂ ਉਹ ਵੀ ਗੁਲਾਮ ਸਨ ਅਤੇ ਸਿੱਖ ਵੀ, ਤਾਂ ਵੀ ਸਿੱਖ ਹਿੰਦੂਆਂ ਦੇ ਹੱਕ ਵਿੱਚ ਭੁਗਤਦੇ ਰਹੇ। ਹੁਣ ਜਦੋਂ ਤੁਹਾਡੇ ਕੋਲ ਵੱਡੀ ਫੌਜੀ ਤਾਕਤ ਦਾ ਆਸਰਾ ਹੈ ਤਾਂ ਤੁਹਾਨੂੰ ਨਾ ਅੰਦਰ (ਪੰਜਾਬ ਵਿੱਚ) ਖਤਰਾ ਹੈ ਨਾ ਬਾਹਰ (ਹਿੰਦੋਸਤਾਨ ਵਿੱਚ)। ਖਤਰਾ ਉਨ੍ਹਾਂ ਨੂੰ ਹੈ, ਜਿਨ੍ਹਾਂ ਨੇ ਖਤਰੇ ਦੇ ਢੋਲ ਵਜਾ ਕੇ ਤੁਹਾਨੂੰ ਵੀ ਲੁੱਟਣਾ ਹੈ ਅਤੇ ਸਾਨੂੰ ਵੀ-ਬਾਹਰ ਵੀ ਅੰਦਰ ਵੀ। ਪੰਜਾਬ ਦੇ ਸਿੱਖ ਆਗੂ ਵੀ ਤੁਹਾਡਿਆਂ ਨੇ ਆਪਣੇ ਵਰਗੇ ਬਣਾ ਲਏ ਹਨ। ਜੇ ਸਾਰੇ ਏਸ ਖੇਡੀ ਜਾ ਰਹੀ ਬਾਜ਼ੀ ਨੂੰ ਸਮਝ ਲੈਣ ਤਾਂ ਸਾਰੀ ਹਿੰਦ ਉੱਤੇ ਖਤਰੇ ਦੇ ਬੱਦਲ ਤੁਰੰਤ ਹੱਟ ਸਕਦੇ ਹਨ। ਸਿੱਖ ਗੁਰੂ ਦੇ ਪਾਵਨ ਉਪਦੇਸ਼ (ਸਭ ਕੋ ਮੀਤੁ ਹਮ ਅਪਨਾ ਕੀਨਾ ਹਮ ਸਭਨਾ ਕੋ ਸਾਜਨ) ਅਨੁਸਾਰ ਸੰਸਾਰ ਦੇ ਹਰ ਮਨੁੱਖ ਨਾਲ ਮੇਲ-ਜੋਲ ਕਰਕੇ ਰਹਿਣਾ ਚਾਹੁੰਦੇ ਹਨ। ਤੁਸੀਂ ਵੀ 'ਵਸੂਧੈਵ ਕਟੁੰਭਕਮ' ਨੂੰ ਲਫ਼ਜ਼ਾਂ ਤੋਂ ਪਰ੍ਹੇ ਸਮਝੋ ਤਾਂ ਵੇਖੋਗੇ ਕਿ ਤੁਸੀਂ ਆਟੇ ਦੇ ਦੀਵੇ ਨਹੀਂ। ਨਾ ਤੁਹਾਨੂੰ ਬਾਹਰ ਖਤਰਾ ਹੈ ਨਾ ਅੰਦਰ।
ਏਸ ਲੇਖ ਦਾ ਇਹੋ ਸੁਨੇਹਾ ਹੈ।


-ਗੁਰਤੇਜ ਸਿੰਘ