image caption: ਲੇਖਕ - ਸ਼ੰਗਾਰਾ ਸਿੰਘ ਭੁੱਲਰ ਫੋਨ: 91 98141-22870

ਸੱਤ ਅਕਤੂਬਰ ਨੂੰ ਪੰਜਾਬ ਵਿੱਚ ਕੀਤੀਆਂ ਗਈਆਂ ਇਨ੍ਹਾਂ ਰੈਲੀਆਂ ਦੀ ਸਾਰਥਿਕਤਾ ਕੀ ਹੈ !!

  ਸੱਤ ਅਕਤੂਬਰ ਨੂੰ ਸਾਰਾ ਪੰਜਾਬ ਹੀ ਰੈਲੀਆਂ ਵਿੱਚ ਰੁੱਝਾ ਰਿਹਾ। ਇਨ੍ਹਾਂ ਨੇ ਤਮਾਮ ਜਨ ਜੀਵਨ ਠੱਪ ਕਰਕੇ ਰੱਖ ਦਿੱਤਾ। ਪੰਜਾਬ ਦੀਆਂ ਤਿੰਨੋਂ ਮੁੱਖ ਸਿਆਸੀ ਪਾਰਟੀਆਂ ਇਨ੍ਹਾਂ ਵਿੱਚ ਸਿਰ ਤੋਂ ਲੈ ਕੇ ਪੈਰਾਂ ਤੱਕ ਰੁਝੀਆਂ ਰਹੀਆਂ। ਹੁਕਮਰਾਨ ਕਾਂਗਰਸ ਨੇ ਪੰਜਾਬ 'ਤੇ ਪਿਛਲੇ ਦੱਸ ਸਾਲ ਲਗਾਤਾਰ ਹਕੂਮਤ ਕਰਨ ਵਾਲੇ ਬਾਦਲਾਂ ਦੇ ਗੜ੍ਹ ਲੰਬੀ ਹਲਕੇ ਵਿੱਚ ਕਿਲਿਆਂਵਾਲੀ ਵਿਖੇ ਰੈਲੀ ਕੀਤੀ। ਇਸ ਲਈ ਪੂਰੀ ਕੈਪਟਨ ਸਰਕਾਰ ਅਤੇ ਪਾਰਟੀ ਪਿਛਲੇ ਕਈ ਦਿਨਾਂ ਤੋਂ ਪੱਬਾਂ ਭਾਰ ਰਹੀ। ਕਈ ਮੰਤਰੀ ਇਥੇ ਬੈਠੇ ਲਗਾਤਾਰ ਪ੍ਰਬੰਧ ਕਰਦੇ ਕਰਾਉਂਦੇ ਰਹੇ। ਸਭ ਵਿਧਾਇਕਾਂ, ਐੱਮਪੀਆਂ, ਮੰਤਰੀਆਂ ਅਤੇ ਹੋਰ ਨੇਤਾਵਾਂ ਦੀਆਂ ਭੀੜ ਜੁਟਾਉਣ ਲਈ ਡਿਊਟੀਆਂ ਲਗਾਈਆਂ ਗਈਆਂ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਮੋੜਵੀਂ ਰੈਲੀ ਕਰਕੇ ਕੈਪਟਨ ਨੂੰ ਭਾਜੀ ਮੋੜਨੀ ਚਾਹੀ। ਜ਼ਾਹਿਰ ਹੈ ਇਸ ਰੈਲੀ ਲਈ ਇਕ ਪਾਸੇ ਖੁਦ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਸ਼ਹਿਰੋ ਸ਼ਹਿਰੀ ਤੁਰਿਆ, ਨੇਤਾਵਾਂ ਤੇ ਵਰਕਰਾਂ ਦੀਆਂ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਰੈਲੀ ਲਈ ਪ੍ਰੇਰਿਆ। ਪਾਰਟੀ ਤੋਂ ਜਿਹੜੇ ਨਾਰਾਜ਼ ਸਨ, ਉਨ੍ਹਾਂ ਦੇ ਘਰੀਂ ਜਾ ਕੇ ਮਾਫੀਆਂ ਵੀ ਮੰਗੀਆਂ।
   ਦੂਜੇ ਪਾਸੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਜੋ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਲੱਕ ਤੋੜਵੀਂ ਹਾਰ ਤੋਂ ਬਾਅਦ ਕਿਨਾਰੇ ਹੋ ਕੇ ਬੈਠ ਗਏ ਸਨ, ਆਪਣੇ ਪੁੱਤਰ ਦੀ ਰੈਲੀ ਨੂੰ ਸਫਲ ਬਣਾਉਣ ਲਈ ਲੱਕ ਬੰਨ੍ਹ ਕੇ ਮੀਟਿੰਗਾਂ ਲਈ ਤੁਰ ਪਏ, ਹਾਲਾਂਕਿ ਪਾਰਟੀ ਵਿੱਚ ਬਾਦਲਾਂ ਦੇ ਵਤੀਰੇ ਵਿਰੁੱਧ ਬਗਾਵਤੀ ਸੁਰ ਆਰੰਭ ਹੋ ਗਏ ਸਨ, ਇਸ ਦੀ ਸ਼ੁਰੂਆਤ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਕੀਤੀ। ਇਹ ਪਾਰਟੀ ਲਈ ਇਕ ਬੰਬ ਸੀ। ਮਾਝੇ ਦੇ ਕੁਝ ਸੀਨੀਅਰ ਟਕਸਾਲੀ ਅਕਾਲੀ ਆਗੂਆਂ ਨੇ ਵੀ ਇਸ ਦਾ ਸਮਰਥਨ ਕੀਤਾ। ਇਨ੍ਹਾਂ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਸ਼ਾਮਿਲ ਸਨ। ਇਸ ਨੇ ਬਾਦਲਾਂ ਲਈ ਬੜੀ ਕਸੂਤੀ ਹਾਲਤ ਪੈਦਾ ਕਰ ਦਿੱਤੀ, ਕਿਉਂਕਿ ਇਨ੍ਹਾਂ ਨੇਤਾਵਾਂ ਨੂੰ ਦਿਲੋਂ ਗੁੱਸਾ ਇਹ ਸੀ ਕਿ ਇਹ ਬਾਦਲ ਹਕੂਮਤ ਹੀ ਸੀ, ਜਦੋਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਅਤੇ ਦੋਸ਼ੀਆਂ ਨੂੰ ਫੜਿਆ ਨਹੀਂ ਸੀ ਜਾ ਸਕਿਆ, ਸਗੋਂ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਧੂੜਨ ਲਈ ਡੇਰਾ ਸਿਰਸਾ ਵਾਲੇ ਨੂੰ ਬਿਨਾਂ ਅਕਾਲ ਤਖ਼ਤ 'ਤੇ ਪੇਸ਼ ਹੋਏ ਮਾਫ਼ੀ ਦੇ ਦਿੱਤੀ ਗਈ ਸੀ। ਹੁਣ ਭਾਵੇਂ ਪਟਿਆਲਾ ਵਾਲੀ ਰੈਲੀ ਹੋ ਗਈ ਹੈ, ਪਰ ਇਸ ਨੇ ਉਸ ਸ਼੍ਰੋਮਣੀ ਅਕਾਲੀ ਦਲ ਨੂੰ ਦੋਫਾੜ ਹੋਣ ਦੇ ਕੰਢੇ ਲੈ ਆਂਦਾ ਹੈ, ਜਿਸ ਨੇ ਪੰਜਾਬ ਵਿੱਚ ਦੋ ਢਾਈ ਦਹਾਕੇ ਚੰਮ ਦੀਆਂ ਚਲਾਈਆਂ।
    ਉਧਰ ਸੁਣ ਲਓ ਤੀਜੀ ਧਿਰ ਆਮ ਆਦਮੀ ਪਾਰਟੀ ਦੀ। ਪੰਜਾਬ 'ਤੇ ਹਕੂਮਤ ਕਰਨ ਦਾ ਸੁਪਨਾ ਦੇਖਦੀ ਇਹ ਧਿਰ ਇਕ ਤਾਂ ਚੋਣਾਂ ਵਿੱਚ ਦੂਜੇ ਥਾਂ ਜਾ ਡਿੱਗੀ। ਛੇਤੀ ਹੀ ਪਿੱਛੋਂ ਇਹ ਆਪਣੀਆਂ ਕੱਚਘਰੜ ਨੀਤੀਆਂ ਕਾਰਨ ਦੋ ਧੜਿਆਂ ਵਿੱਚ ਵੰਡੀ ਗਈ। ਇਸ ਵੇਲੇ ਪਾਰਟੀ ਦੇ ਪੰਜਾਬ ਵਿੱਚ ਵੀਹ ਵਿਧਾਇਕ ਹਨ। ਇਨ੍ਹਾਂ ਵਿੱਚ ਅੱਠ ਸੁਖਪਾਲ ਸਿੰਘ ਖਹਿਰਾ ਨਾਲ ਹਨ, ਜੋ ਕੱਲ੍ਹ ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਸੀ। ਸੱਚ ਪੁੱਛੋ ਇਸ ਇਕੱਲੇ ਪਿਓ ਦੇ ਪੁੱਤ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ ਵਾਹਟੀ ਪਾ ਰੱਖਿਆ ਸੀ। ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਪਤਾ ਨਹੀਂ ਕੀ ਕਰਨਾ ਚਾਹੁੰਦਾ ਹੈ, ਉਸ ਨੇ ਚੰਗੀ ਭਲੀ ਚਲਦੀ ਪਾਰਟੀ ਨੂੰ ਉਦੋਂ ਲੀਹੋਂ ਲਾਹ ਦਿੱਤਾ, ਜਦੋਂ ਸੁਖਪਾਲ ਖਹਿਰਾ ਨੂੰ ਇਸ ਅਹੁਦੇ ਤੋਂ ਹਟਾ ਕੇ ਹਰਪਾਲ ਚੀਮਾ ਨੂੰ ਬਣਾ ਦਿੱਤਾ। ਪੰਜਾਬ ਦੇ ਆਪ ਵਿਧਾਇਕ ਦੋ ਧੜਿਆਂ ਵਿੱਚ ਵੰਡੇ ਹੋਏ ਹਨ। ਦਿਲਚਸਪ ਗੱਲ ਇਹ ਹੈ ਕਿ ਦੋਹਾਂ ਧੜਿਆਂ ਨੇ ਇਸੇ ਦਿਨ ਆਪੋ ਆਪਣੀ ਰੈਲੀ ਤਾਂ ਨਹੀਂ ਕੀਤੀ, ਪਰ ਦੋਵੇਂ ਬਰਗਾੜੀ ਵਿੱਚ ਬੇਅਦਬੀ ਕਾਂਡ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਪਿਛਲੇ ਲਗਪਗ ਸਾਢੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਹੜਤਾਲ ਵਿੱਚ ਸ਼ਾਮਿਲ ਬੈਠੀਆਂ ਨਾਲ ਸ਼ਾਮਿਲ ਹੋਏ। ਉਂਜ ਇਸ ਇਨਸਾਫ ਮੋਰਚੇ ਨੂੰ ਸਮਰਥਨ ਦੇਣ ਵਿੱਚ ਪਹਿਲ ਸੁਖਪਾਲ ਖਹਿਰਾ ਨੇ ਕੀਤੀ ਅਤੇ ਫਿਰ ਭਗਵੰਤ ਮਾਨ ਨੇ। ਲੱਗਦੇ ਹੱਥ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲੇ ਵਿੱਚ ਰੈਲੀ ਕੀਤੀ। ਕਈ ਕਿਸਾਨ ਯੂਨੀਅਨਾਂ ਨੇ ਵੀ ਬਰਗਾੜੀ ਇਨਸਾਫ ਮੋਰਚੇ ਨੂੰ ਸਮਰਥਨ ਦਿੱਤਾ। ਦੋਹਾਂ ਰੈਲੀਆਂ ਨਾਲੋਂ ਸਭ ਤੋਂ ਵੱਧ ਇਕੱਠ ਇਥੇ ਸੀ।
   ਉਪਰੋਕਤ ਰੈਲੀਆਂ ਵਿੱਚੋਂ ਹਰੇਕ ਰੈਲੀ ਵਿੱਚ ਕਿੰਨਾ ਇਕੱਠ ਹੋਇਆ ਅਸੀਂ ਇਸ ਗਿਣਤੀ ਮਿਣਤੀ ਵਿੱਚ ਪੈਂਦੇ ਨਹੀਂ। ਭੱਖਦਾ ਸਵਾਲ ਇਹ ਹੈ ਕਿ ਇਨ੍ਹਾਂ ਰੈਲੀਆਂ ਵਿੱਚੋਂ ਨਿਕਲਿਆ ਕੀ ਹੈ ਕੀ ਕਿਸੇ ਵੀ ਧਿਰ ਖਾਸ ਕਰਕੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦੇ ਭੱਖਦੇ ਮੁੱਦਿਆਂ ਦੀ ਕੋਈ ਗੱਲ ਕੀਤੀ ਹੈ ਜਾਂ ਫਿਰ ਮਹਿਜ ਆਪਣੀ ਤਾਕਤ ਦਾ ਪ੍ਰਦਰਸ਼ਨ ਹੀ ਕੀਤਾ ਹੈ, ਉਹ ਵੀ ਲੱਖਾਂ ਕਰੋੜਾਂ ਖਰਚ ਕੇ। ਜ਼ਰਾ ਸੋਚੋ ਅੱਜ ਇਕ ਪਾਸੇ ਪੰਜਾਬ ਦਾ ਖਜ਼ਾਨਾ ਖਾਲੀ ਹੈ ਅਤੇ ਇਹ ਕੰਗਾਲੀ ਦੇ ਕੰਢੇ 'ਤੇ ਹੈ। ਕੈਪਟਨ ਸਰਕਾਰ ਭਲੇ ਹੀ ਲੱਖ ਦਾਅਵੇ ਕਰੇ ਕਿ ਇਸ ਨੇ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ, ਪਰ ਕੌੜਾ ਸੱਚ ਤੁਹਾਡੇ ਸਾਹਮਣੇ ਹੈ। ਪੰਜਾਬ ਦੇ ਲੋਕ ਅੱਤ ਮੁਸ਼ਕਿਲਾਂ ਵਿੱਚੋਂ ਲੰਘ ਰਹੇ ਹਨ। ਸਿਰੇ ਦੀ ਮਹਿੰਗਾਈ ਹੈ, ਬੇਰੁਜ਼ਗਾਰੀ ਹੈ। ਨਸ਼ਿਆਂ ਦੇ ਦਰਿਆ ਅਜੇ ਵਗਣੇ ਬੰਦ ਨਹੀਂ ਹੋਏ। ਕਿਸਾਨ ਜਿਉਂ ਦਾ ਤਿਉਂ ਖੁਦਕੁਸ਼ੀਆਂ ਕਰ ਰਹੇ ਹਨ। ਇਸ ਸਭ ਕੁਝ ਨੂੰ ਭੁੱਲ ਕੇ ਦੋਵੇਂ ਸਿਆਸੀ ਧਿਰਾਂ ਕਾਂਗਰਸ ਅਤੇ ਅਕਾਲੀ ਦਲ ਇਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਲੱਗੇ ਹੋਏ ਹਨ। ਇਨ੍ਹਾਂ ਰੈਲੀਆਂ ਨੇ ਸੈਂਕੜੇ ਲੋਕਾਂ ਨੂੰ ਮੁਸ਼ਕਿਲਾਂ ਵਿੱਚ ਪਾਈ ਰੱਖਿਆ। ਥਾਂ-ਥਾਂ ਜਾਮ ਲੱਗੇ। ਕਈ ਏਧਰ ਉਧਰ ਨਹੀਂ ਪਹੁੰਚ ਸਕੇ। ਖੱਜਲ ਖੁਆਰ ਹੋਏ। ਕਈ ਮਰੀਜ਼ ਹਸਪਤਾਲ ਨਹੀਂ ਪੁਚਾਏ ਗਏ। ਕੀ ਇਹ ਰੈਲੀਆਂ ਸਿਰਫ ਆਪਣੇ ਹਊਮੈ ਨੂੰ ਪੱਠੇ ਪਾਉਣ ਲਈ ਹੀ ਸਨ
   ਰਤਾ ਹੋਰ ਵਿਸਥਾਰ ਨਾਲ ਗੱਲ ਕਰਦੇ ਹਾਂ। ਰੈਲੀਆਂ ਲਈ ਜਿਹੜੇ ਪੰਡਾਲ ਲਾਏ ਗਏ, ਇਕੱਲੇ ਉਨ੍ਹਾਂ 'ਤੇ ਹੀ ਲੱਖਾਂ ਰੁਪਏ ਖਰਚ ਹੋਏ। ਸ਼ਾਮਿਆਨਾ, ਕੁਰਸੀਆਂ, ਪੀਣ ਵਾਲਾ ਪਾਣੀ, ਖਾਣੇ ਦਾ ਪ੍ਰਬੰਧ। ਸਭ ਤੋਂ ਵੱਡੀ ਸਮੱਸਿਆ ਭੀੜ ਇਕੱਠੀ ਕਰਨ ਦੀ। ਲੀਡਰ ਦਾਅਵੇ ਭਾਵੇਂ ਜੋ ਮਰਜ਼ੀ ਕਰਨ, ਪਰ ਇਕ ਗੱਲ ਪੱਕੀ ਹੈ ਕਿ ਹੁਣ ਪਹਿਲਾਂ ਵਾਲਾ ਜ਼ਮਾਨਾ ਨਹੀਂ ਰਿਹਾ, ਜਦੋਂ ਕਿਸੇ ਵੱਡੇ ਨੇਤਾ ਦੇ ਸੱਦੇ 'ਤੇ ਪਾਰਟੀ ਵਰਕਰ ਵਹੀਰਾਂ ਘੱਤ ਕੇ ਪੁੱਜਦੇ ਸਨ। ਹੁਣ ਤਾਂ ਕਿਰਾਏ 'ਤੇ ਭੀੜ ਜੁਟਾਉਣੀ ਪੈਂਦੀ ਹੈ। ਇਸ ਲਈ ਵੱਡੇ ਪੱਧਰ 'ਤੇ ਟਰਾਂਸਪੋਰਟ ਦਾ ਪ੍ਰਬੰਧ ਕਰਨਾ ਪੈਂਦਾ ਹੈ। ਸੁਣਿਐ ਇਸ ਰੈਲੀ ਲਈ ਟਰਾਂਸਪੋਰਟ ਤੇ ਚਾਹ ਪਾਣੀ ਤੋਂ ਬਿਨਾਂ ਪੰਜ ਸੌ ਰੁਪਏ ਤੱਕ ਦਿੱਤੇ ਗਏ। ਕਿਰਾਏ 'ਤੇ ਭੀੜ ਜੁਟਾਉਣ ਦਾ ਫਾਇਦਾ ਕੀ ਹੈ ਉਲਟਾ ਨੁਕਸਾਨ ਹੈ ਉਂਜ ਲੋਕ ਵੀ ਏਨੇ ਸਾਧਾਰਨ ਨਹੀਂ ਕਿ ਉਹ ਅੰਦਾਜ਼ਾ ਨਾ ਲਾ ਸਕਣ ਕਿ ਰੈਲੀ ਵਿੱਚ ਵਰਕਰ ਕਿੰਨੇ ਆਏ ਹਨ ਪਿਛਲੀਆਂ ਰੈਲੀਆਂ ਨੇ ਵੀ ਇਹੋ ਕੁਝ ਹੀ ਦਰਸਾਇਆ ਸੀ। ਵੱਡੀ ਹੈਰਾਨੀ ਕਿ ਕਾਂਗਰਸ ਨੂੰ ਇਹ ਰੈਲੀ ਕਰਨ ਦੀ ਲੋੜ ਕੀ ਸੀ ਕੀ ਸਿਰਫ ਇਹ ਦਰਸਾਉਣਾ ਸੀ ਕਿ ਜੇ ਬਾਦਲ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਰੈਲੀ ਕਰ ਰਹੇ ਹਨ ਤਾਂ ਉਹ ਇਹਦੇ ਜਵਾਬ ਵਿੱਚ ਬਾਦਲਾਂ ਦੇ ਗੜ੍ਹ ਕਿਲਿਆਂ ਵਾਲੀ ਵਿੱਚ ਰੈਲੀ ਕਰੇਗੀ। ਜਿੰਨਾ ਖਰਚ ਇਸ ਰੈਲੀ 'ਤੇ ਕਰ ਦਿੱਤਾ, ਉਸ ਨਾਲ ਕਈ ਕੁਝ ਸੰਵਾਰਿਆ ਜਾ ਸਕਦਾ ਸੀ।
   ਚਲੋ ਇਹ ਮੰਨਿਆ ਜਾ ਸਕਦਾ ਹੈ ਕਿ ਇਸ ਵੇਲੇ ਬਾਦਲਾਂ ਨੂੰ ਸ਼ਾਇਦ ਰੈਲੀ ਕਰਨ ਦੀ ਜਰੂਰਤ ਵੀ ਹੋਵੇ, ਕਿਉਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਅਤੇ ਬਾਅਦ ਵਿੱਚ ਇਸ 'ਤੇ ਹੋਈ ਭੱਖਵੀਂ ਬਹਿਸ ਨੇ ਅਕਾਲੀਆਂ ਨੂੰ ਖੂਬ ਛੱਜ ਵਿੱਚ ਪਾ ਕੇ ਛੱਟਿਆ ਸੀ। ਫਲਸਰੂਪ ਅਕਾਲੀ ਆਪਣਾ ਨੱਕ ਨਮੂਜ ਬਚਾਉਣ ਲਈ ਰੈਲੀਆਂ ਦੇ ਰਾਹ ਪੈ ਗਏ ਸਨ। ਉਂਜ ਜੇ ਅਕਾਲੀ ਸਰਕਾਰ 2015 ਵਿੱਚ ਹੀ ਬਰਗਾੜੀ ਕਾਂਡ ਨੂੰ ਸੰਭਾਲ ਲੈਂਦੀ ਤਾਂ ਇਨ੍ਹਾਂ ਰੈਲੀਆਂ ਦੀ ਲੋੜ ਹੀ ਨਾ ਪੈਂਦੀ। ਸੁਨੀਲ ਜਾਖੜ ਦੇ ਸ਼ਹਿਰ ਅਬੋਹਰ ਅਤੇ ਫਿਰ ਫਰੀਦਕੋਟ ਵਿਖੇ ਰੈਲੀ ਕਰਕੇ ਉਹ ਆਪਣੇ ਵੱਲੋਂ ਭਾਵੇਂ ਹੌਂਸਲੇ ਵਿੱਚ ਹੋ ਗਏ। ਇਸੇ ਦੌਰਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਚੁੱਕੇ ਗਏ ਕਦਮ ਅਤੇ ਉਸ ਪਿੱਛੋਂ ਮਾਝੇ ਦੇ ਕੁਝ ਟਕਸਾਲੀ ਆਗੂਆਂ ਵੱਲੋਂ ਚੁੱਕੇ ਗਏ ਕਦਮਾਂ ਨੇ ਦੋਹਾਂ ਪਿਉ ਪੁੱਤ ਨੂੰ ਸ਼ਸ਼ੋਪੰਜ ਵਿੱਚ ਪਾ ਦਿੱਤਾ ਸੀ। ਵੱਡੀ ਹੈਰਾਨੀ ਸੀ ਕਿ ਜਿਹੜੀ ਸਮੁੱਚੀ ਅਕਾਲੀ ਲੀਡਰਸ਼ਿੱਪ ਕਦੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਉਭਾਸਰੀ ਨਹੀਂ ਸੀ, ਅੱਜ ਉਹ ਸਾਹਮਣੇ ਆ ਕੇ ਖੜੋ ਗਈ ਸੀ। ਇਸ ਦਾ ਵੱਡਾ ਕਾਰਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀਆਂ ਮਨਮਰਜ਼ੀ ਦੀਆਂ ਨੀਤੀਆਂ ਸਨ, ਜਿਸ ਵਿੱਚ ਸੀਨੀਅਰ ਅਕਾਲੀ ਆਗੂ ਲਗਾਤਾਰ ਨਜ਼ਰਅੰਦਾਜ਼ ਕੀਤੇ ਜਾਣ ਲੱਗੇ। ਇਹ ਲੀਡਰ ਉਨ੍ਹਾਂ ਲੋਕਾਂ ਦੀ ਸੁਰ ਨਾਲ ਦੱਬਵੀਂ ਸੁਰ ਮਿਲਾਉਂਦੇ ਸਨ, ਜਿਹੜੇ ਇਹ ਕਿੰਤੂ ਪ੍ਰੰਤੂ ਕਰਦੇ ਸਨ ਕਿ ਬਰਗਾੜੀ ਅਤੇ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਬਾਦਲਾਂ ਦੀ ਹਕੂਮਤ ਦੌਰਾਨ ਫੜਿਆ ਨਾ ਜਾਣਾ ਇਹ ਕਿਸੇ ਦੇ ਵੀ ਗੱਲੋਂ ਹੇਠਾਂ ਨਹੀਂ ਉਤਰਦਾ। ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਵਾਲੇ ਡੇਰਾ ਮੁਖੀ ਨੂੰ ਮਾਫੀ ਕਿਉਂ ਅਤੇ ਉਹ ਵੀ ਬਿਨਾਂ ਅਕਾਲ ਤਖ਼ਤ 'ਤੇ ਪੇਸ਼ ਹੋਏ। ਸਿੱਧੇ ਸ਼ਬਦਾਂ ਵਿੱਚ ਸਿੱਖ ਪੰਥ ਦੀ ਪਿਛਲੇ ਦੋ ਢਾਈ ਸਾਲਾਂ ਵਿੱਚ ਜੋ ਬੇਹੁਰਮਤੀ ਹੋਈ, ਉਸ ਨੂੰ ਲੈ ਕੇ ਸੁਖਬੀਰ ਬਾਦਲ ਵਿਰੁੱਧ ਉਂਗਲਾਂ ਉੱਠੀਆਂ। ਅੱਜ ਇਸੇ ਸਥਿਤੀ ਨੇ ਸਿੱਖ ਸਿਆਸਤ ਵਿੱਚ ਡੂੰਘਾ ਸੰਕਟ ਖੜ੍ਹਾ ਕਰ ਦਿੱਤਾ ਹੈ। ਰੈਲੀਆਂ ਇਸ ਦਾ ਹੱਲ ਨਹੀਂ। ਇਸ ਦਾ ਹੱਲ ਲੋਕਾਂ ਵਿੱਚ ਜਾ ਕੇ ਆਪਣੇ ਤੋਂ ਹੋਈਆਂ ਗਲਤੀਆਂ ਦੀ ਖਿਮਾ ਜਾਚਨਾ ਕਰਨਾ ਹੈ। ਅੱਗੇ ਪੰਜਾਬੀ ਲੋਕ ਬੜੇ ਦਰਿਆ ਦਿਲ ਹਨ। ਇਹ ਮਾਫ ਕਰਨ ਲੱਗਿਆਂ ਇਕ ਮਿੰਟ ਨਹੀਂ ਲਾਉਂਦੇ। ਫਿਰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਅਕਾਲੀ ਦਲ ਇਸ ਰਾਹ ਤੁਰਦਾ ਹੈ ਜਾਂ ਨਹੀਂ 

ਸ਼ੰਗਾਰਾ ਸਿੰਘ ਭੁੱਲਰ ਫੋਨ: 91 98141-22870