image caption: ਲੇਖਕ - ਸ਼ੰਗਾਰਾ ਸਿੰਘ ਭੁੱਲਰ

ਕੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਐਤਕੀਂ ਵੀ ਲਿਫ਼ਾਫੇ 'ਚੋਂ ਨਿਕਲੇਗਾ ?

 

            ਇਸ ਵੇਲੇ ਸਿੱਖ ਪੰਥ ਦੀ ਸਿਆਸਤ ਵਿੱਚ ਜਿਸ ਤਰ੍ਹਾਂ ਦੇ 'ਅੱਡ ਮੂਲੀਆਂ ਅੱਡ ਪੱਤਿਆਂ' ਵਾਲੇ ਹਾਲਾਤ ਚੱਲ ਰਹੇ ਹਨ, ਉਸ ਦੀ ਰੋਸ਼ਨੀ ਵਿੱਚ ਇਹ ਗੰਭੀਰਤਾ ਨਾਲ ਵਿਚਾਰਨਾ ਬਣਦਾ ਹੈ ਕਿ ਕੀ ਐਤਕੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਲਿਫ਼ਾਫੇ ਵਿੱਚੋਂ ਨਿਕਲੇਗਾ ਜਾਂ ਫਿਰ ਵਿਧੀ ਵਿੱਚ ਸ਼ਾਇਦ ਕੁਝ ਬਦਲ ਹੋ ਜਾਵੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅੰਤ੍ਰਿਮ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ 13 ਨਵੰਬਰ ਦੀ ਬੈਠਕ ਸੱਦ ਲਈ ਗਈ ਹੈ। ਉਂਜ ਪਹਿਲਾਂ ਇਹ ਬੈਠਕ ਕਈ ਸਾਲਾਂ ਤੋਂ 30 ਨਵੰਬਰ ਨੂੰ ਹੋਇਆ ਕਰਦੀ ਸੀ। ਐਤਕੀਂ ਬੈਠਕ ਸਮੇਂ ਤੋਂ ਪਹਿਲਾਂ ਸੱਦਣ ਦਾ ਪਿਛੋਕੜ ਸ਼ਾਇਦ ਅਕਾਲੀ ਦਲ ਵੱਲੋਂ ਇਹ ਪ੍ਰਭਾਵ ਦੇਣਾ ਹੈ ਕਿ ਨਵੇਂ ਹਾਲਾਤ ਵਿੱਚ ਪ੍ਰਧਾਨ ਦੀ ਚੋਣ ਲੋਕਰਾਜੀ ਰਵਾਇਤਾਂ ਮੁਤਾਬਕ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢ ਭਾਵੇਂ 1920 ਵਿੱਚ ਹੀ ਬੱਝ ਗਿਆ ਸੀ, ਪਰ ਇਹ ਸਹੀ ਅਰਥਾਂ ਵਿੱਚ ਹੋਂਦ ਵਿੱਚ ਆਲ ਇੰਡੀਆ ਸਿੱਖ ਗੁਰਦਵਾਰਾ ਐਕਟ ਮੁਤਾਬਕ 1925 ਵਿੱਚ ਆਈ। ਇਸ ਦਾ ਢਾਂਚਾ ਲੋਕਰਾਜੀ ਮਿੱਥਿਆ ਗਿਆ ਸੀ। ਇਸ ਅਨੁਸਾਰ ਪ੍ਰਧਾਨ ਅਤੇ ਅੰਤ੍ਰਿਮ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਸਦਨ ਦੇ ਮੈਂਬਰਾਂ ਦੁਆਰਾ ਕੀਤੀ ਜਾਂਦੀ ਸੀ। ਵੀਹਵੀਂ ਸਦੀ ਦੇ ਅੰਤਲੇ ਜਿਹੇ ਸਮਿਆਂ ਵਿੱਚ ਜਦੋਂ ਕੁ ਸ। ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸੰਭਾਲੀ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਕਮੇਟੀ ਦਾ ਹਰ ਵਰ੍ਹੇ ਨਵਾਂ ਬਣਨ ਵਾਲਾ ਪ੍ਰਧਾਨ ਉਨ੍ਹਾਂ ਵੱਲੋਂ ਭੇਜੇ ਜਾਂਦੇ ਲਿਫ਼ਾਫੇ ਵਿੱਚੋਂ ਹੀ ਨਿਕਲਦਾ ਰਿਹਾ ਹੈ। ਯਾਨੀ ਬਾਦਲ ਨੇ ਲੋਕਰਾਜੀ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਕੇ ਇਸ ਨੂੰ ਪੂਰੀ ਤਰ੍ਹਾਂ ਆਪਣੇ ਅਧਿਕਾਰ ਖੇਤਰ ਹੇਠ ਕਰ ਲਿਆ। ਬਾਦਲ ਚੂੰਕਿ ਹੰਡੇ ਵਰਤੇ ਸਿਆਸਤਦਾਨ ਹਨ, ਇਸ ਲਈ ਉਹ ਧਰਮ ਅਤੇ ਸਿਆਸਤ ਨੂੰ ਸੰਤੁਲਤ ਢੰਗ ਤਰੀਕੇ ਤੋਰਦੇ ਰਹੇ ਅਤੇ ਉਨ੍ਹਾਂ ਆਪਣਾ ਸਿੱਕਾ ਵੀ ਚਲਾਇਆ। ਹਾਂ, ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸੁਖਬੀਰ ਬਾਦਲ ਦੀ ਝੋਲੀ ਪਈ ਹੈ, ਉਦੋਂ ਤੋਂ ਉਸ ਕੋਲੋਂ ਉਪਰੋਕਤ ਸੰਤੁਲਨ ਕਾਇਮ ਨਹੀਂ ਰੱਖਿਆ ਜਾ ਸਕਿਆ। ਨਾ ਤਾਂ ਉਹ ਅਜੇ ਸੁਘੜ ਸਿਆਸੀ ਨੇਤਾ ਬਣ ਸਕਿਆ ਹੈ ਅਤੇ ਨਾ ਹੀ ਉਸ ਦੀ ਪਾਰਟੀ ਉੱਤੇ ਪੱਕੀ ਪਕੜ ਬਣ ਸਕੀ ਹੈ। ਬਰਗਾੜੀ ਦਾ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਵਾਲੇ ਕਾਂਡ ਇਸ ਦਾ ਸਬੂਤ ਹੈ। ਰਹਿੰਦੀ ਖੂੰਹਦੀ ਪੁਸ਼ਟੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਪੂਰੀ ਕਰ ਦਿੱਤੀ ਹੈ। ਇਸ ਰਿਪੋਰਟ ਨੇ ਤਾਂ ਉਸ ਬਾਦਲ ਪਰਿਵਾਰ ਨੂੰ ਉਨ੍ਹਾਂ ਲੋਕਾਂ ਤੋਂ ਅਲੱਗ ਥਲੱਗ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਹੜੇ ਇਸ ਦੇ ਹਰ ਹੁਕਮ 'ਤੇ ਫੁੱਲ ਚੜ੍ਹਾਉਂਦੇ ਸਨ।
       ਇਸ ਤੋਂ ਪਹਿਲਾਂ ਕਿ ਇਸ ਬਾਰੇ ਅੱਗੇ ਹੋਰ ਚਰਚਾ ਕੀਤੀ ਜਾਵੇ, ਇਹ ਦੱਸਣਾ ਉੱਚਿਤ ਹੈ ਕਿ ਸ਼੍ਰੋਮਣੀ ਕਮੇਟੀ ਦਾ 190 ਮੈਂਬਰੀ ਹਾਊਸ ਹੈ, ਜਿਸ ਵਿੱਚ 175 ਮੈਂਬਰ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਤੋਂ ਚੁਣੇ ਜਾਂਦੇ ਹਨ। ਇਸ ਵਿੱਚ 15 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ, ਪਰ ਇਨ੍ਹਾਂ ਨੂੰ ਵੋਟ ਦਾ ਅਧਿਕਾਰ ਨਹੀਂ ਹੁੰਦਾ। 175 ਮੈਂਬਰੀ ਕਮੇਟੀ ਦੇ ਮੈਂਬਰ ਪ੍ਰਧਾਨ ਅਤੇ ਅੰਤ੍ਰਿੰਗ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕਰਦੇ ਹਨ। ਕਹਿਣ ਨੂੰ ਤਾਂ ਇਹ ਚੋਣ ਲੋਕਰਾਜੀ ਪਰੰਪਰਾ ਮੁਤਾਬਕ ਹੁੰਦੀ ਹੈ। ਅਸਲ ਵਿੱਚ ਅਜਿਹਾ ਨਹੀਂ। ਜਿਸ ਦਿਨ ਚੋਣ ਲਈ ਹਾਊਸ ਜੁੜਦਾ ਹੈ, ਐਨ ਉਸ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਇਕ ਹਰਕਾਰਾ ਚਿੱਠੀ ਦੇ ਕੇ ਭੇਜਿਆ ਜਾਂਦਾ ਹੈ। ਉਸ ਚਿੱਠੀ ਵਿੱਚ ਜਿਸ ਦਾ ਨਾਂ ਲਿਖਿਆ ਹੁੰਦਾ ਹੈ, ਉਹ ਪ੍ਰਧਾਨ ਵਜੋਂ ਪੜ੍ਹ ਕੇ ਸੁਣਾ ਦਿੱਤਾ ਜਾਂਦਾ ਹੈ। ਭਲੇ ਹੀ ਇਸ ਦਾ ਦੂਜੇ ਦਲਾਂ ਦੇ ਕੁਝ ਮੈਂਬਰਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ, ਪਰ 'ਤਕੜੇ ਦਾ ਸੱਤੀਂ ਵੀਹੀਂ ਸੌ' ਅਨੁਸਾਰ ਬੋਲੇ ਸੋ ਨਿਹਾਲ ਦਾ ਜੈਕਾਰਾ ਬੁਲਾ ਦਿੱਤਾ ਜਾਂਦਾ ਹੈ ਅਤੇ ਵਿਰੋਧੀਆਂ ਦੀ ਆਵਾਜ਼ ਉਸ ਨਾਅਰੇ ਵਿੱਚ ਰੁੱਲ ਕੇ ਰਹਿ ਜਾਂਦੀ ਹੈ। ਅਸਲ ਕਾਰਨ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਬਹੁਤੇ ਮੈਂਬਰ ਚੂੰਕਿ ਸ਼੍ਰੋਮਣੀ ਅਕਾਲੀ ਦਲ ਦੇ ਹੁੰਦੇ ਹਨ, ਇਸ ਲਈ ਵਿਰੋਧੀ ਧਿਰਾਂ ਦੇ ਚੋਣਵੇਂ ਮੈਂਬਰਾਂ ਦੀ ਆਵਾਜ਼ ਰੌਲੇ ਰੱਪੇ ਵਿੱਚ ਗੁੰਮ ਹੋ ਕੇ ਰਹਿ ਜਾਂਦੀ ਹੈ। ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਹਨ, ਜੋ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਅਨਿਨ ਸੇਵਕ ਰਹੇ ਹਨ। ਇਕ ਵੇਲੇ ਬਾਦਲ ਸਰਕਾਰ ਵਿੱਚ ਵਜ਼ੀਰ ਵੀ ਰਹੇ ਹਨ। ਉਹ ਮੁੱਢ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰਕੇ ਪਹਿਲਾਂ ਵੱਡੇ ਬਾਦਲ ਅਤੇ ਹੁਣ ਛੋਟੇ ਬਾਦਲ ਦੇ ਅਤਿਅੰਤ ਵਫ਼ਾਦਾਰ ਰਹੇ ਹਨ। ਉਨਾਂ ਨੇ ਇਸ ਅਹੁਦੇ 'ਤੇ ਰਹਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਿੱਖੀ ਅਤੇ ਸਿੱਖ ਧਰਮ ਦੇ ਉਦੇਸ਼ਾਂ ਦੀ ਪੂਰਤੀ ਲਈ ਭਾਵੇਂ ਬਹੁਤਾ ਕੰਮ ਨਾ ਵੀ ਕੀਤਾ ਹੋਵੇ, ਪਰ ਉਨ੍ਹਾਂ ਨੇ ਸੁਖਬੀਰ ਬਾਦਲ ਦੀ ਕਹੀ ਹੋਈ ਗੱਲ ਨੂੰ ਕਦੀ ਭੁੰਜੇ ਡਿੱਗਣ ਨਹੀਂ ਦਿੱਤਾ। ਸ਼ਾਇਦ ਇਹੀਓ ਵਜ੍ਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਕੰਮ ਵਿੱਚ ਸਿਆਸੀ ਦਖਲਅੰਦਾਜ਼ੀ ਕੁਝ ਵਧੇਰੇ ਹਾਵੀ ਹੋ ਗਈ ਹੈ ਅਤੇ ਸਿਖ ਪੰਥ ਵਿੱਚ ਆਏ ਵਿਗਾੜ ਲਈ ਇਸ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਉੱਧਰ ਕੁਝ ਇਸੇ ਤਰ੍ਹਾਂ ਦੇ ਵਾਦ-ਵਿਵਾਦ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਘਿਰੇ ਰਹੇ। ਹਾਲਾਂਕਿ ਉਨ੍ਹਾਂ ਦਾ ਕਸੂਰ ਕੋਈ ਨਹੀਂ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਆਪਣੀ ਅਲੋਚਨਾ ਤੋਂ ਬਚਣ ਲਈ ਜਿਹੜੀ ਨੁਕਸਾਨ ਪੂਰਤੀ ਦੀ ਕੋਸ਼ਿਸ਼ ਕੀਤੀ, ਉਸ ਵਿੱਚ ਪਹਿਲਾ ਕਦਮ ਗਿ: ਗੁਰਬਚਨ ਸਿੰਘ ਦਾ ਅਸਤੀਫਾ ਹੈ। ਵੇਖਣਾ ਹੈ ਇਸੇ ਲੜੀ ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਬਦਲ ਦਿੱਤਾ ਜਾਂਦਾ ਹੈ ਜਾਂ ਨਹੀਂ 

 
      ਅਸਲ ਵਿੱਚ ਇਸ ਵੇਲੇ ਬਾਦਲਾਂ ਦੀ ਹਾਲਤ ਬੜੀ ਤਰਸਯੋਗ ਹੈ। ਆਪਣੇ ਨਿੱਜੀ ਹਿੱਤਾਂ ਦੀ ਵਰਤੋਂ ਇਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਕੀਤੀ। ਇਸ ਵਿੱਚ ਬਰਗਾੜੀ ਅਤੇ ਬਹਿਬਲ ਕਾਂਡ ਠੀਕ ਢੰਗ ਨਾਲ ਨਾ ਨਜਿੱਠ ਸਕਣਾ ਹੈ। ਡੇਰਾ ਮੁਖੀ ਸਿਰਸਾ ਨੂੰ ਬਿਨਾਂ ਅਕਾਲ ਤਖ਼ਤ 'ਤੇ ਪੇਸ਼ ਹੋਏ ਪਹਿਲਾਂ ਮੁਆਫੀ ਦਿਵਾਉਣਾ ਅਤੇ ਫਿਰ ਮੁਆਫੀ ਰੱਦ ਕਰਾਉਣਾ ਸ਼ਾਮਿਲ ਹੈ। ਹਰ ਸਿੱਖ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਡੂੰਘੀ ਆਸਥਾ ਰੱਖਦਾ ਹੈ। ਉਹ ਹੋਰ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ, ਪਰ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਦਾਚਿਤ ਬਰਦਾਸ਼ਤ ਨਹੀਂ ਕਰ ਸਕਦਾ। ਸਹੀ ਮਾਅਨਿਆਂ ਇਸ ਬੇਅਦਬੀ ਕਾਂਡ ਨੇ ਬਾਦਲਾਂ ਨੂੰ ਲੋਕਾਂ ਨਾਲੋਂ ਦੂਰ ਕੀਤਾ ਹੈ। ਇਸੇ ਪਰਵਿਰਤੀ ਨੇ ਦਲ ਦੇ ਸੀਨੀਅਰ ਆਗੂਆਂ ਵਿੱਚ ਰੋਹ ਭਰਿਆ। ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਆਗੂਆਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ। ਹੋਰ ਵੀ ਕਈ ਆਗੂ ਇਸ ਲਾਈਨ ਵਿੱਚ ਹਨ, ਖਾਸ ਕਰਕੇ ਸੇਵਾ ਸਿੰਘ ਸੇਖਵਾਂ ਸਣੇ ਮਾਝੇ ਦੇ ਕੁਝ ਆਗੂ। ਪ੍ਰਕਾਸ਼ ਸਿੰਘ ਬਾਦਲ ਜਿਹੜੇ ਵਿਧਾਨ ਸਭਾ ਚੋਣਾਂ ਤੋਂ ਪਿੱਛੇ ਇਕ ਤਰ੍ਹਾਂ ਸਨਿਆਸ ਲੈ ਕੇ ਘਰ ਬੈਠੇ ਰਹੇ ਹਨ, ਪਰ ਹੁਣ ਜਦੋਂ ਉਨ੍ਹਾਂ ਦਾ ਪੁੱਤਰ ਇਸ ਸੰਕਟ ਵਿੱਚ ਘਿਰ ਗਿਆ ਤਾਂ ਉਹ ਪੁੱਤਰ ਮੋਹ ਦੇ ਸਨਮੁੱਖ ਉਹਦੀ ਪਿੱਠ 'ਤੇ ਮੁੜ ਮੈਦਾਨ ਵਿੱਚ ਉਤਰ ਆਏ, ਜਿਸ ਤੋਂ ਬਹੁਤੇ ਸਿਆਸੀ ਹਲਕੇ ਹੈਰਾਨ ਹਨ। ਇਸ ਤਰ੍ਹਾਂ ਦੇ ਰੁੱਖ ਨੇ ਬਾਦਲ ਦੇ ਉਸ ਸਿਆਸੀ ਕੱਦ ਨੂੰ ਵੱਡੀ ਢਾਅ ਲਾਈ ਹੈ, ਜਿਹੜਾ ਕੌਮੀ ਪੱਧਰ ਦਾ ਸੀ। ਇਸੇ ਦੌਰਾਨ ਹੁਣ ਤਾਂ ਸੁਖਬੀਰ ਬਾਦਲ ਨੇ ਇਸ ਵਿਰੋਧ ਦੇ ਮੱਦੇਨਜ਼ਰ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਦੀ ਪੇਸ਼ਕਸ਼ ਵੀ ਕਰ ਦਿੱਤੀ ਹੈ।

     ਹੁਣ ਭਾਵੇਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਪਿਛਲੇ ਅਠਾਰਾਂ ਮਹੀਨਿਆਂ ਤੋਂ ਕੁਝ ਚੰਗੇ ਨਤੀਜੇ ਨਹੀਂ ਕੱਢ ਰਹੀ ਅਤੇ ਲੋਕ ਉਸ ਤੋਂ ਵਿਚਿਲਤ ਹੋਣ ਲੱਗੇ ਹਨ, ਦੂਜੇ ਪਾਸੇ ਪੰਜਾਬ ਦੇ ਇਹੀਓ ਲੋਕ ਬਾਦਲਾਂ ਦਾ ਸ਼ਰੇਆਮ ਵਿਰੋਧ ਕਰਨ ਲੱਗੇ ਹਨ ਤਾਂ ਇਸ ਰੋਸ਼ਨੀ ਵਿੱਚ ਬਾਦਲਾਂ ਨੇ ਪਹਿਲਾਂ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਬਲੀ ਲੈ ਕੇ ਨੁਕਸਾਨ ਪੂਰਤੀ ਵੱਲ ਕਦਮ ਵਧਾਇਆ ਹੈ। ਅਗਲਾ ਕਦਮ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਵੱਲ ਵਧਾਇਆ ਜਾ ਰਿਹਾ ਹੈ। ਉਸ ਵੇਲੇ ਹੋਵੇਗਾ ਕੀ ਇਹ ਤਾਂ ਉਦੋਂ ਹੀ ਪਤਾ ਲੱਗ ਸਕੇਗਾ, ਪਰ ਸ਼੍ਰੋਮਣੀ ਕਮੇਟੀ ਵਿੱਚ ਇਸ ਵੇਲੇ ਵੱਡੇ ਸੁਧਾਰਾਂ ਦੀ ਗੁੰਜਾਇਸ਼ ਹੈ। ਇਹ ਉਦੋਂ ਹੀ ਸੰਭਵ ਹੋ ਸਕੇਗਾ, ਜਦੋਂ ਇਸ ਦੇ ਕੰਮਾਂ ਵਿੱਚ ਸਿਆਸੀ ਦਖਲਅੰਦਾਜ਼ੀ ਨਹੀਂ ਹੋਵੇਗੀ ਵਰਨਾ ਇਸ ਦਾ ਰੱਬ ਹੀ ਰਾਖਾ ਹੈ।

ਲੇਖਕ -ਸ਼ੰਗਾਰਾ ਸਿੰਘ ਭੁੱਲਰ
ਫੋਨ:98141-22870